ਫਿਰੋਜ਼ਪੁਰ(ਕੁਮਾਰ)-ਕਿਸਾਨਾਂ ਤੋਂ ਕਰਜ਼ਾ ਰਿਕਵਰੀ ਨਾ ਕਰਨ ਦੀ ਮੰਗ ਸਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਪ੍ਰਤੀਨਿਧ ਮੰਡਲ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਮਹਿਮਾ ਦੀ ਅਗਵਾਈ ਹੇਠ ਫਿਰੋਜ਼ਪੁਰ 'ਚ ਐਕਸਿਸ ਬੈਂਕ ਦੇ ਰਿਕਵਰੀ ਅਧਿਕਾਰੀਆਂ ਨੂੰ ਮਿਲਿਆ। ਇਸ ਮੁਲਾਕਾਤ ਉਪਰੰਤ ਅਹੁਦੇਦਾਰਾਂ ਨੇ ਬੈਂਕ ਦੇ ਬਾਹਰ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਤੇ ਹੁਣ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ, ਜਿਸ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ ਤੇ ਉਨ੍ਹਾਂ ਵੱਲੋਂ ਮਾਣਯੋਗ ਹਾਈ ਕੋਰਟ 'ਚ ਇਕ ਰਿੱਟ ਪਟੀਸ਼ਨ ਵੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਫੈਸਲਾ ਆਉਣ ਤੱਕ ਬੈਂਕਾਂ ਨੂੰ ਕਿਸਾਨਾਂ ਤੋਂ ਰਿਕਵਰੀ ਕਰਨ 'ਤੇ ਰੋਕ ਲਾ ਦਿੱਤੀ ਹੈ ਪਰ ਬੈਂਕ ਹਾਈ ਕੋਰਟ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਗੈਰ- ਕਾਨੂੰਨੀ ਤਰੀਕੇ ਨਾਲ ਕਿਸਾਨਾਂ ਤੋਂ ਲਏ ਗਏ ਚੈੱਕ ਲਾ ਕੇ ਕਿਸਾਨਾਂ ਨੂੰ ਫੌਜਦਾਰੀ ਕੇਸਾਂ 'ਚ ਫਸਾ ਰਹੇ ਹਨ, ਜੋ ਕਿ ਕਿਸਾਨਾਂ ਲਈ ਖੁਦਕੁਸ਼ੀ ਦਾ ਕਾਰਨ ਬਣ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦ ਸਰਕਾਰ ਨੇ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਹੈ ਤੇ ਕਾਨੂੰਨ ਪੱਖ ਵੀ ਕਿਸਾਨਾਂ ਦੇ ਹੱਕ 'ਚ ਹੈ ਤਾਂ ਬੈਂਕ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੋਈ ਬੈਂਕ ਅਧਿਕਾਰੀ ਜਾਂ ਪੁਲਸ ਜ਼ਬਰਦਸਤੀ ਕਿਸਾਨਾਂ ਤੋਂ ਕਰਜ਼ਾ ਰਿਕਵਰ ਕਰੇਗਾ ਜਾਂ ਗ੍ਰਿਫਤਾਰੀ ਕਰੇਗਾ ਤਾਂ ਜਥੇਬੰਦੀ ਵੱਲੋਂ ਪਿੰਡ 'ਚ ਉਨ੍ਹਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜ਼ਿਲਾ ਉਪ ਪ੍ਰਧਾਨ ਅਵਤਾਰ ਸਿੰਘ ਮਹਿਮਾ, ਬਲਾਕ ਆਗੂ ਕੁਲਦੀਪ ਸਿੰਘ ਰੋਡੇਵਾਲਾ, ਕੁਲਦੀਪ ਸਿੰਘ, ਯਾਦਵਿੰਦਰ ਸਿੰਘ, ਯਾਰੇਸ਼ਾਹ ਵਾਲਾ, ਕੁਲਬੀਰ ਸਿੰਘ, ਗੁਰਬਖਸ਼ ਸਿੰਘ ਆਦਿ ਮੌਜੂਦ ਸਨ।
ਮਹਿੰਗੀਆਂ ਕਿਤਾਬਾਂ ਤੇ ਫੀਸ ਵਾਧੇ ਵਿਰੁੱਧ ਕੀਤਾ ਰੋਸ ਪ੍ਰਗਟ
NEXT STORY