ਜਲਾਲਾਬਾਦ(ਬਜਾਜ)-ਜੰਮੂ ਦੇ ਕਠੂਆ ਤੇ ਯੂ. ਪੀ. ਦੇ ਉੱਨਾਵ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਛੋਟੀਆਂ ਬੱਚੀਆਂ ਨਾਲ ਵਾਪਰ ਰਹੀਆਂ ਜਬਰ-ਜ਼ਨਾਹ ਅਤੇ ਹੱਤਿਆਵਾਂ ਦੀ ਰੋਕਥਾਮ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵੱਲੋਂ ਸਥਾਨਕ ਜਨਰਲ ਬੱਸ ਸਟੈਂਡ ਦੇ ਸਾਹਮਣੇ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਅੱਜ ਦੇ ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸੀ. ਪੀ. ਆਈ. ਦੇ ਜ਼ਿਲਾ ਫਾਜ਼ਿਲਕਾ ਦੇ ਸਕੱਤਰ ਕਾਮਰੇਡ ਹੰਸ ਰਾਜ ਗੋਲਡਨ, ਕਾ. ਸੁਰਿੰਦਰ ਢੰਡੀਆਂ, ਸੀ. ਪੀ. ਐੱਮ. ਦੇ ਤਹਿਸੀਲ ਜਲਾਲਾਬਾਦ ਦੇ ਸਕੱਤਰ ਕਾ. ਨੱਥਾ ਸਿੰਘ, ਕਾਮਰੇਡ ਗੁਰਚਰਨ ਅਰੋੜਾ ਨੇ ਕੀਤੀ। ਦੇਸ਼ 'ਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਾਮਰੇਡ ਹੰਸ ਰਾਜ ਗੋਲਡਨ ਅਤੇ ਨੱਥਾ ਸਿੰਘ ਨੇ ਕਿਹਾ ਕਿ ਇਹ ਘਟਨਾਵਾਂ ਸਰਕਾਰ ਦੀ ਗ਼ੈਰ-ਗੰਭੀਰਤਾ ਅਤੇ ਦੇਸ਼ ਵਿਚ ਵਧ ਰਹੇ ਜੁਰਮ ਦੀ ਬੁਰੀ ਤਸਵੀਰ ਪੇਸ਼ ਕਰਦੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸਾਡੇ ਦੇਸ਼ ਦਾ ਕੌਮਾਂਤਰੀ ਪੱਧਰ 'ਤੇ ਨਾਂ ਬਦਨਾਮ ਹੋਇਆ ਹੈ। ਇਸ ਸਮੇਂ ਸੰਬੋਧਨ ਕਰਦਿਆਂ ਕਾ. ਸੁਰਿੰਦਰ ਢੰਡੀਆਂ ਅਤੇ ਕਾ. ਗੁਰਚਰਨ ਅਰੋੜਾ ਨੇ ਕਿਹਾ ਕਿ ਦੇਸ਼ ਦੀ ਹਾਕਮ ਧਿਰ ਦੇ ਕਰਿੰਦੇ ਰਾਜਸੀ ਨੇਤਾਵਾਂ ਦੀ ਸ਼ਹਿ 'ਤੇ ਕਿਸੇ ਵੀ ਕਾਨੂੰਨ ਦੀ ਪ੍ਰਵਾਹ ਕੀਤੇ ਬਿਨਾਂ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਰਾਜਸੀ ਆਗੂ ਵੀ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰ ਰਹੇ ਹਨ। ਇਸ ਮੌਕੇ ਆਪਣੇ ਸੰਬੋਧਨ ਵਿਚ ਸਾਥੀ ਪਰਮਜੀਤ ਢਾਬਾਂ ਅਤੇ ਡਾ. ਸੁਖਚੈਨ ਸਿੰਘ ਨੇ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਮੌਜੂਦਾ ਹਾਕਮ ਧਿਰ ਇਕ ਪਾਸੇ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਨਾਅਰਾ ਮਾਰਦੀ ਹੈ ਪਰ ਦੂਜੇ ਪਾਸੇ ਇਹ ਸਰਕਾਰ ਦੇਸ਼ ਦੀਆਂ ਧੀਆਂ ਦੇ ਦੋਸ਼ੀਆਂ ਦੀ ਪਿੱਠ ਥਾਪੜ ਰਹੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾ. ਸਾਧੂ ਰਾਮ, ਕਾਮਰੇਡ ਸ਼ਿੰਦਰ ਮਹਾਲਮ, ਸਤੀਸ਼ ਛੱਪੜੀਵਾਲਾ, ਮੁਖਤਿਆਰ, ਜੋਗਿੰਦਰ ਸਿੰਘ ਕੱਟੀਆਂ ਵਾਲਾ, ਗੁਰਦੀਪ ਘੂਰੀ, ਸੁਰਜੀਤ ਧਰਮੂਵਾਲਾ, ਸਤਨਾਮ ਛੱਪੜੀ ਵਾਲਾ, ਜਰਨੈਲ ਢਾਬਾਂ, ਜਸਵੰਤ ਕਾਹਨੇਵਾਲਾ ਅਤੇ ਪਰਮਜੀਤ ਮਹਾਲਮ ਨੇ ਵੀ ਸੰਬੋਧਨ ਕੀਤਾ।
25 ਗ੍ਰਾਮ ਨਸ਼ੇ ਵਾਲੇ ਪਾਊਡਰ ਸਣੇ ਕਾਬੂ
NEXT STORY