ਮੋਹਾਲੀ (ਨਿਆਮੀਆਂ) : ਰਿਵਾਈਜ਼ਡ ਪੀ. ਐੱਸ. ਟੀ. ਈ. ਟੀ. 2011 ਮੈਰਿਟ ਹੋਲਡਰ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਅੱਜ ਇੱਕ ਵਿਸ਼ੇਸ਼ ਤਰੀਕਾ ਵਰਤਿਆ ਗਿਆ। ਇਸ ਮੌਕੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਆਪਣੇ ਮੂੰਹਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਕਾਲੇ ਰੰਗ ਦੇ ਚੋਲੇ ਪਹਿਨ ਕੇ ਹੱਥਾਂ ਵਿਚ ਸਲੋਗਨ ਲਿਖੇ ਪੀਪੇ ਫੜ੍ਹੇ ਅਤੇ ਉਨ੍ਹਾਂ ਨੂੰ ਖੜਕਾਉਂਦੇ ਹੋਏ ਪ੍ਰਦਰਸ਼ਨ ਕੀਤਾ। ਇਹ ਇੱਕ ਸੰਕੇਤਕ ਰੋਸ ਪ੍ਰਦਰਸ਼ਨ ਸੀ। ਯੂਨੀਅਨ ਦੇ ਪ੍ਰਧਾਨ ਇੰਦਰਪਾਲ, ਮੀਤ ਪ੍ਰਧਾਨ ਰੀਨਾ, ਕਨਵੀਨਰ ਅਮਰਜੀਤ ਕੌਰ ਅਤੇ ਪ੍ਰੈੱਸ ਸਕੱਤਰ ਅਮਨਦੀਪ ਨੇ ਦੱਸਿਆ ਕਿ ਸਰਕਾਰ ਅਤੇ ਜਨਤਾ ਨੂੰ ਆਪਣੇ ਬਣਦੇ ਹੱਕਾਂ ਲਈ ਜਗਾਉਣ ਵਾਸਤੇ ਸੰਕੇਤਕ ਭਾਸ਼ਾ ਰਾਹੀਂ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਹੱਕ ਲਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਪਰ ਅਧਿਆਪਕਾਂ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਿਸ ਕਰਕੇ ਇਕ ਅਧਿਆਪਕਾ ਦੀ ਸਿਹਤ ਵੀ ਖ਼ਰਾਬ ਹੋ ਗਈ ਸੀ। ਉਨ੍ਹਾਂ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਲੰਬਾ ਸਮਾਂ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਅੱਗੇ ਧਰਨਾ ਲਗਾ ਕੇ ਬੈਠੇ ਹੋਏ ਹਨ ਪਰ ਹਾਲੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸੁਣਵਾਈ ਨਾ ਹੋਣ ਕਰਕੇ ਉਨ੍ਹਾਂ ਨੂੰ ਸੜਕਾਂ 'ਤੇ ਉਤਰਨਾ ਪਿਆ ਅਤੇ ਪ੍ਰਦਰਸ਼ਨ ਕਰਦੇ ਹੋਏ ਗ੍ਰਿਫ਼ਤਾਰੀਆਂ ਦੇਣੀਆਂ ਪਈਆਂ। ਉਨ੍ਹਾਂ ਕਿਹਾ ਕਿ ਬਿਨਾਂ ਬੋਲਿਆਂ ਵੀ ਸਰਕਾਰ ਹੱਕ ਨਹੀਂ ਦੇ ਰਹੀ ਹੈ। ਇਸ ਲਈ ਉਨ੍ਹਾਂ ਨੇ ਇਹ ਵਿਲੱਖਣ ਰਸਤਾ ਅਪਣਾਉਂਦਿਆਂ ਆਪਣਾ ਰੋਸ ਪ੍ਰਦਰਸ਼ਨ ਕੀਤਾ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਉਨ੍ਹਾਂ ਨੂੰ ਬਣਦੇ ਹੱਕ ਨਹੀਂ ਦੇ ਦਿੱਤੇ ਜਾਂਦੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਨ੍ਹਾਂ ਤੋਂ ਘੱਟ ਮੈਰਿਟ ਵਾਲਿਆਂ ਨੂੰ ਸਰਕਾਰ ਨੌਕਰੀਆਂ ਦੇ ਚੁੱਕੀ ਹੈ ਪਰ ਉਨ੍ਹਾਂ ਦੇ ਪ੍ਰਸ਼ਨ ਪੱਤਰ ਵਿੱਚ ਚਾਰ ਅੰਕਾਂ ਦੀਆਂ ਗ਼ਲਤੀਆਂ ਹੋਣ ਕਰਕੇ ਉਨ੍ਹਾਂ ਨੂੰ ਹਾਈਕੋਰਟ ਤੱਕ ਜਾ ਕੇ ਇਨ੍ਹਾਂ ਗਲਤੀਆਂ ਵਿੱਚ ਸੋਧ ਕਰਵਾਉਣੀ ਪਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੈਰਿਟ ਸੂਚੀ ਕਿਤੇ ਜ਼ਿਆਦਾ ਆਈ ਤਾਂ ਉਹ ਸਿੱਖਿਆ ਵਿਭਾਗ ਕੋਲ ਆਪਣੇ ਹੱਕ ਲੈਣ ਲਈ ਗਏ। ਸਿੱਖਿਆ ਵਿਭਾਗ ਨੇ ਉਨ੍ਹਾਂ ਨੂੰ ਨੌਕਰੀ ਦੇਣ ਦੀ ਬਜਾਏ ਅਦਾਲਤ ਵਿੱਚ ਕੇਸ ਦਾਇਰ ਕਰਨ ਲਈ ਕਹਿ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਬਣਦਾ ਹੱਕ ਸਰਕਾਰ ਨਹੀਂ ਦੇ ਰਹੀ। ਇਸੇ ਦੌਰਾਨ ਉਨ੍ਹਾਂ ਦੇ ਬਹੁਤੇ ਸਾਥੀਆਂ ਦੀ ਉਮਰ ਵੀ ਲੰਘਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਨੇ ਇਸ ਮੌਕੇ ਹਿਟਲਰ ਵਾਲਾ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਸਿੱਖਿਆ ਸਕੱਤਰ ਸਿੱਖਿਆ ਮੰਤਰੀ ਦੀ ਵੀ ਨਹੀਂ ਮੰਨਦਾ ਅਤੇ ਹੋਰ ਅਧਿਕਾਰੀਆਂ ਦੀ ਵੀ ਨਹੀਂ ਮੰਨ ਰਿਹਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਇਹ ਗੱਲ ਸਾਫ਼ ਹੋਈ ਸੀ ਕਿ ਅਧਿਆਪਕਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਿਆ ਜਾਵੇ ਪਰ ਸਿੱਖਿਆ ਸਕੱਤਰ ਨੇ ਸਿਰਫ ਉਮਰ ਵਿੱਚ ਇੱਕ ਵਾਰ ਛੋਟ ਦੇਣ ਤੋਂ ਬਾਅਦ ਆਪਣੇ ਹੱਥ ਖੜ੍ਹੇ ਕਰ ਦਿੱਤੇ ਕਿ ਇਸ ਤੋਂ ਵੱਧ ਉਹ ਕੁੱਝ ਨਹੀਂ ਕਰ ਸਕਦਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਰੁਜ਼ਗਾਰ ਦਿੱਤਾ ਜਾਵੇ।
ਗੁਰਦਾਸ ਮਾਨ ਦਾ ਸਿੱਖ ਜਥੇਬੰਦੀਆਂ ਵਲੋਂ ਤਿੱਖਾ ਵਿਰੋਧ, ਫੂਕਿਆ ਪੁਤਲਾ, ਵੱਖ-ਵੱਖ ਥਾਣਿਆਂ ਦਾ ਕੀਤਾ ਘਿਰਾਓ
NEXT STORY