ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ, ਸੁਖਪਾਲ) - ਆਪਣੇ ਸਿਰ ਚੜ੍ਹੇ 15 ਲੱਖ ਰੁਪਏ ਦੇ ਕਰਜ਼ੇ ਤੇ ਆੜ੍ਹਤੀਏ ਵੱਲੋਂ ਕੀਤੇ ਗਏ 10 ਲੱਖ 38 ਹਜ਼ਾਰ ਰੁਪਏ ਦੇ ਕੇਸ ਤੋਂ ਪ੍ਰੇਸ਼ਾਨ ਹੋ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰਨ ਵਾਲੇ ਪਿੰਡ ਮਹਾਬੱਧਰ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਦੀ ਲਾਸ਼ ਲੈਣ ਤੋਂ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਦੇ ਆਗੂਆਂ ਨੇ ਉਦੋਂ ਤੱਕ ਇਨਕਾਰ ਕਰ ਦਿੱਤਾ ਹੈ, ਜਦ ਤੱਕ ਉਕਤ ਕਿਸਾਨ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਏ ਕੇਵਲ ਕੁਮਾਰ 'ਤੇ ਪਰਚਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ । ਜ਼ਿਕਰਯੋਗ ਹੈ ਕਿ ਉਕਤ ਕਿਸਾਨ ਦੀ 18 ਅਗਸਤ ਨੂੰ ਸ਼ਾਮੀ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿੱਜੀ ਹਸਪਤਾਲ ਵਿਚ ਮੌਤ ਹੋ ਗਈ ਸੀ ਤੇ ਪੋਸਟਮਾਰਟਮ ਕਰਨ ਲਈ ਉਸ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਵਿਖੇ ਰੱਖਿਆ ਗਿਆ ਪਰ ਅਜੇ ਤੱਕ ਉਸ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ। ਬੀਤੀ ਸ਼ਾਮ ਭਾਵੇਂ ਡੀ. ਐੱਸ. ਪੀ. ਤੇ ਕਿਸਾਨ ਆਗੂਆਂ ਵਿਚਕਾਰ ਇਹ ਗੱਲਬਾਤ ਤੈਅ ਹੋ ਗਈ ਸੀ ਕਿ ਆੜ੍ਹਤੀਏ 'ਤੇ ਪਰਚਾ ਕਰ ਦਿੱਤਾ ਜਾਵੇਗਾ ਤੇ ਤੁਸੀਂ ਪੋਸਟਮਾਰਟਮ ਕਰਵਾ ਲਓ। ਇਹ ਗੱਲ ਵੀ ਸਿਰੇ ਨਹੀਂ ਚੜ੍ਹੀ। ਅੱਜ ਸਵੇਰੇ ਕਿਸਾਨ ਜਥੇਬੰਦੀ ਦੀ ਸੂਬਾ ਕਮੇਟੀ ਨੇ ਇਹ ਫੈਸਲਾ ਕਰ ਦਿੱਤਾ ਕਿ ਜਦ ਤੱਕ ਆੜ੍ਹਤੀਏ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪੋਸਟਮਾਰਟਮ ਨਹੀਂ ਕਰਵਾਇਆ ਜਾਵੇਗਾ ਤੇ ਨਾ ਹੀ ਲਾਸ਼ ਲਈ ਜਾਵੇਗੀ।
ਜਾਣਕਾਰੀ ਅਨੁਸਾਰ ਬੀ. ਕੇ. ਯੂ. ਏਕਤਾ ਉਗਰਾਹਾਂ ਗਰੁੱਪ ਦੇ ਬਲਾਕ ਪ੍ਰਧਾਨ ਕਾਮਰੇਡ ਜਗਦੇਵ ਸਿੰਘ, ਸੁਖਰਾਜ ਸਿੰਘ ਰਹੂੜਿਆਂਵਾਲੀ, ਹਰਵਿੰਦਰ ਸਿੰਘ ਮਹਾਬੱਧਰ, ਜਲੰਧਰ ਸਿੰਘ ਭਾਗਸਰ, ਰਾਜਾ ਸਿੰਘ ਮਹਾਬੱਧਰ, ਦਰਸ਼ਨ ਸਿੰਘ ਰਾਮਗੜ੍ਹ ਚੂੰੰਘਾਂ, ਨਿੰਦਰ ਸਿੰਘ ਫੌਜੀ, ਸੋਹਣ ਸਿੰਘ ਖਾਲਸਾ ਕੌੜਿਆਂਵਾਲੀ, ਅੰਗਰੇਜ ਸਿੰਘ ਬੱਲਮਗੜ੍ਹ ਆਦਿ ਪਿੰਡ ਮਹਾਬੱਧਰ ਵਿਖੇ ਮਰਨ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਦੇ ਘਰ ਅੱਗੇ ਇਕੱਠੇ ਹੋਏ ਬੈਠੇ ਹਨ ਤੇ ਉਨ੍ਹਾਂ ਵੱਲੋਂ ਹਾਈਕਮਾਂਡ ਦੇ ਨਿਰਦੇਸ਼ਾਂ ਅਨੁਸਾਰ ਅਗਲਾ ਪ੍ਰੋਗਰਾਮ ਬਣਾਇਆ ਜਾਵੇਗਾ।
ਥਾਣਾ ਲੱਖੇਵਾਲੀ ਦੇ ਇੰਚਾਰਜ ਕੇਵਲ ਸਿੰਘ ਵੀ ਉਥੇ ਪਹੁੰਚ ਗਏ ਤੇ ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆੜ੍ਹਤੀਏ ਕੇਵਲ ਕੁਮਾਰ 'ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਤੁਸੀਂ ਇਸ ਦੀ ਕਾਪੀ ਲੈ ਲਵੋ ਪਰ ਕਿਸਾਨ ਆਗੂ ਆੜ੍ਹਤੀਏ ਦੀ ਗ੍ਰਿਫਤਾਰੀ 'ਤੇ ਹੀ ਡਟੇ ਖੜ੍ਹੇ ਹਨ। ਪਤਾ ਲੱਗਾ ਹੈ ਕਿ ਪੁਲਸ ਦੇ ਉੱਚ ਅਧਿਕਾਰੀ ਤੇ ਸੀ. ਆਈ. ਡੀ. ਵਿਭਾਗ ਦੇ ਮੁਲਾਜ਼ਮ ਵੀ ਇਸ ਮਾਮਲੇ ਨੂੰ ਹੱਲ ਕਰਨ ਲਈ ਕਿਸਾਨ ਆਗੂਆਂ ਤੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਰੱਖ ਰਹੇ ਹਨ। ਡੀ. ਐੱਸ. ਪੀ. ਗੁਰਜੀਤ ਸਿੰਘ ਵੀ ਗੱਲਬਾਤ ਕਰਨ ਲਈ ਮਹਾਬੱਧਰ ਪਹੁੰਚ ਗਏ ਸਨ।
ਪੁਲਸ ਸੁਰੱਖਿਆ ਪ੍ਰਬੰਧ ਹੇਠ ਹੋਈ ਦੋ ਬਲਾਕਾਂ ਦੀ ਨਾਮ ਚਰਚਾ
NEXT STORY