ਪਟਿਆਲਾ (ਬਲਜਿੰਦਰ, ਜੋਸਨ, ਪਰਮੀਤ, ਰਾਣਾ) - ਉਮੀਦਵਾਰਾਂ ਦੇ ਨਾਮਜ਼ਦਗੀ-ਪੱਤਰ ਰੱਦ ਕਰਨ ਤੋਂ ਭੜਕੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਦੁਪਹਿਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਘੇਰ ਲਿਆ। ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਅਕਾਲੀ ਦਲ ਵੱਲੋਂ ਅਗਵਾਈ ਜ਼ਿਲਾ ਦਿਹਾਤੀ ਦੇ ਪ੍ਰਧਾਨ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਕਰ ਰਹੇ ਸਨ। ਭਾਜਪਾ ਵੱਲੋਂ ਜ਼ਿਲਾ ਪ੍ਰਧਾਨ ਐੈੱਸ. ਕੇ. ਦੇਵ ਅਤੇ 'ਆਪ' ਦੇ ਜ਼ੋਨਲ ਇੰਚਾਰਜ ਡਾ. ਬਲਬੀਰ ਸਿੰਘ ਕਰ ਰਹੇ ਸਨ।
ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਸਰਕਾਰ ਖਿਲਾਫ ਖੁੱਲ੍ਹ ਕੇ ਭੜਾਸ ਕਢਦਿਆਂ ਦੋਸ਼ ਲਾਇਆ ਕਿ ਸਰਕਾਰ ਦੀ ਇਹ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਪੰਜਾਬ ਸਰਕਾਰ 'ਤੇ ਦਿਨ-ਦਿਹਾੜੇ ਲੋਕਤੰਤਰ ਕਤਲ ਕਰਨ ਦਾ ਦੋਸ਼ ਵੀ ਲਾਇਆ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੂੰ ਇਕ ਲਿਖਤੀ ਮੰਗ-ਪੱਤਰ ਦਿੱਤਾ ਗਿਆ। ਇਸ ਵਿਚ ਰੱਦ ਕੀਤੇ ਗਏ ਉਮੀਦਵਾਰਾਂ ਦੇ ਨਾਮਜ਼ਦਗੀ-ਪੱਤਰ ਦੀ ਮੁੜ ਤੋਂ ਜਾਂਚ ਕਰਵਾ ਕੇ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਬਣੇ ਰਹਿਣ ਦੀ ਮੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਐੈੱਸ. ਡੀ. ਐੱਮ. ਅਨਮੋਲਪ੍ਰੀਤ ਸਿੰਘ ਧਾਲੀਵਾਲ ਨੂੰ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਭੇਜਿਆ। ਐੈੱਸ. ਡੀ. ਐੈੱਮ. ਧਾਲੀਵਾਲ ਨੇ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿੱਤਾ ਕਿ ਇਸ ਸਬੰਧੀ ਲਿਖਤੀ ਰੂਪ ਵਿਚ ਜਿਹੜੀ ਸ਼ਿਕਾਇਤ ਦਿੱਤੀ ਗਈ ਹੈ, ਉਹ ਚੋਣ ਕਮਿਸ਼ਨ ਪੰਜਾਬ ਨੂੰ ਭੇਜ ਦਿੱਤੀ ਜਾਵੇਗੀ। ਉਸ ਦੇ ਆਧਾਰ 'ਤੇ ਹੀ ਜੋ ਫੈਸਲਾ ਆਵੇਗਾ, ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਐੈੱਸ. ਡੀ. ਐੈੱਮ. ਦੇ ਭਰੋਸੇ ਤੋਂ ਬਾਅਦ ਸਮੁੱਚੀਆਂ ਪਾਰਟੀਆਂ ਦੇ ਆਗੂਆਂ ਨੇ ਧਰਨਾ ਚੁੱਕ ਦਿੱਤਾ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦਿਨ-ਦਿਹਾੜੇ ਲੋਕਤੰਤਰ ਦਾ ਕਤਲ ਕਰਨ 'ਤੇ ਤੁਲੀ ਹੋਈ ਹੈ। ਸਰਕਾਰ ਦੀ ਇਹ ਗੁੰਡਾਗਰਦੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਕਾਲੀ ਆਗੂਆਂ ਨੇ ਕਿਹਾ ਕਿ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਵਿਚ ਆਪਣੀ ਹਾਰ ਕੰਧ 'ਤੇ ਲਿਖੀ ਦਿਖਾਈ ਦੇ ਰਹੀ ਹੈ, ਜਿਸ ਕਰ ਕੇ ਉਹ ਅਜਿਹੀਆਂ ਕੋਝੀਆਂ ਹਰਕਤਾਂ 'ਤੇ ਉਤਰ ਆਈ ਹੈ।
ਉਨ੍ਹਾਂ ਕਿਹਾ ਕਿ ਕਿਸੇ ਤੋਂ ਚੋਣ ਲੜਨ ਦਾ ਅਧਿਕਾਰ ਹੀ ਖੋਹ ਲੈਣਾ ਲੋਕਤੰਤਰ ਦਾ ਕਤਲ ਹੈ। ਭਾਜਪਾ ਆਗੂ ਐੈੱਸ. ਕੇ. ਦੇਵ ਅਤੇ ਆਮ ਆਦਮੀ ਪਾਰਟੀ ਆਗੂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕਾਂਗਰਸ ਬੁਰੀ ਤਰ੍ਹਾਂ ਘਬਰਾਈ ਹੋਈ ਹੈ। ਅਜਿਹੀਆਂ ਹਰਕਤਾਂ ਕਰ ਕੇ ਉਹ ਜਿੱਥੇ ਲੋਕਾਂ ਵਿਚ ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ, ਉਥੇ ਉਹ ਆਪਣੀ ਇੱਜ਼ਤ ਬਚਾਉਣ ਲਈ ਅਜਿਹੇ ਲੋਕਤੰਤਰ ਵਿਰੋਧੀ ਹੱਥਕੰਡੇ ਅਪਣਾ ਰਹੀ ਹੈ। ਇਸ ਮੌਕੇ ਸਤਬੀਰ ਖੱਟੜਾ, ਐੈੱਸ. ਕੇ. ਦੇਵ, ਡਾ. ਬਲਬੀਰ ਸਿੰਘ, ਰਣਧੀਰ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਨਰਦੇਵ ਸਿੰਘ ਆਕੜੀ, ਜਸਪਾਲ ਕਲਿਆਣ, ਬੀਬੀ ਬਲਵਿੰਦਰ ਕੌਰ ਚੀਮਾ ਇਸਤਰੀ ਅਕਾਲੀ ਦਲ ਦੀ ਪ੍ਰਧਾਨ, ਸੁਖਬੀਰ ਸਿੰਘ ਸਨੌਰ, ਚੇਅਰਮੈਨ ਜਸਪਾਲ ਸਿੰਘ ਕਲਿਆਣ, ਗੁਰਬਖ਼ਸ਼ ਸਿੰਘ ਚਹਿਲ, ਹਰਵਿੰਦਰ ਸਿੰਘ ਬੱਬੂ, ਐਡਵੋਕੇਟ ਮਨਵੀਰ ਵਿਰਕ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਸ਼੍ਰੀ ਸੋਨੀ ਅਤੇ ਗੁਰਜੰਟ ਸਿੰਘ ਪੀ. ਏ., ਗੁਰਮੀਤ ਕੌਰ ਬਰਾੜ, ਵਰੁਣ ਜਿੰਦਲ, ਅਜੀਤਪਾਲ ਸਿੰਘ ਕੋਹਲੀ, ਅਮਰਿੰਦਰ ਬਜਾਜ, ਜਗਜੀਤ ਸਿੰਘ ਕੋਹਲੀ, ਜਗਦੀਸ਼ ਰਾਏ ਚੌਧਰੀ, ਲਖਬੀਰ ਲੌਟ, ਸੁਖਵਿੰਦਰਪਾਲ ਮਿੰਟਾ, ਬਲਵਿੰਦਰ ਕੰਗ, ਜਰਨੈਲ ਸਿੰਘ ਮੰਨੂ, ਕੁਲਦੀਪ ਹਰਪਾਲਪੁਰ, ਰਾਜਿੰਦਰ ਵਿਰਕ, ਬਿੱਟੂ ਚੱਠਾ ਤੇ ਮਾਲਵਿੰਦਰ ਸਿੰਘ ਝਿੱਲ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਸਬਜ਼ੀਆਂ ਦੇ ਰੇਟਾਂ 'ਚ ਤੇਜ਼ੀ : ਆਲੂਆਂ ਦੇ ਭਾਅ ਨੇ ਵੀ ਬਦਲਿਆ ਰੰਗ
NEXT STORY