ਲੁਧਿਆਣਾ (ਰਾਜ/ਤਰੁਣ): ਥਾਣਾ ਡਾਬਾ ਅਧੀਨ ਪੈਂਦੇ ਗੁਰਪ੍ਰੀਤ ਨਗਰ ਦੇ ਇਲਾਕਾ ਨਿਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਦੋਸ਼ ਹੈ ਕਿ ਇਲਾਕੇ ਵਿਚ ਸ਼ਰੇਆਮ ਨਸ਼ੇ ਦੀ ਵਿਕਰੀ ਹੋ ਰਹੀ ਹੈ ਅਤੇ ਗਲੀ ਨਸ਼ੇੜੀਆਂ ਦਾ ਅੱਡਾ ਬਣਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਇਲਾਕੇ ਦਾ ਮਾਹੌਲ ਦਿਨੋਂ-ਦਿਨ ਖਰਾਬ ਹੁੰਦਾ ਜਾ ਰਿਹਾ ਹੈ ਅਤੇ ਆਮ ਲੋਕ ਡਰ ਅਤੇ ਪਰੇਸ਼ਾਨੀ ਦੇ ਸਾਏ ਹੇਠ ਜੀਣ ਲਈ ਮਜਬੂਰ ਹਨ।
ਇਸ ਮੌਕੇ ਇਲਾਕਾ ਨਿਵਾਸੀ ਸਤਿੰਦਰ, ਦਲਜੀਤ, ਮਨਜਿੰਦਰ, ਨੀਰਜ, ਸ਼ਿਵਮ , ਯਾਦਵਿੰਦਰ, ਭੁਪਿੰਦਰ , ਅਤੁਲ , ਰਿਸ਼ੂ , ਹੈਪੀ, ਹਰਵਿੰਦਰ , ਪ੍ਰੇਮ , ਹਨੀ, ਬਲਜਿੰਦਰ, ਰਜਨੀ , ਸੋਨਾ , ਰੀਤੂ, ਸੰਦੀਪ ਕੌਰ , ਅਮਰਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਉਨ੍ਹਾਂ ਦੇ ਇਲਾਕੇ ਵਿਚ ਬੇਅਸਰ ਸਾਬਤ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਤਿੰਨ ਵਾਰ ਨਜ਼ਦੀਕੀ ਥਾਣਾ ਡਾਬਾ ਵਿਚ ਸ਼ਿਕਾਇਤ ਦਰਜ ਕਰਵਾਈ ਗਈ, ਪਰ ਅਜੇ ਤੱਕ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ।
ਉਨ੍ਹਾਂ ਨੇ ਦੱਸਿਆ ਕਿ ਹਰ ਰੋਜ਼ ਸਵੇਰੇ ਕਰੀਬ 6 ਵਜੇ ਤੋਂ ਲੈ ਕੇ ਰਾਤ 12 ਤੋਂ 1 ਵਜੇ ਤੱਕ ਨਸ਼ਾ ਲੈਣ ਵਾਲਿਆਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਤਸਕਰਾਂ ਵੱਲੋਂ ਘਰ ਦੀ ਬਾਰੀ ਥਾਣੀ ਨਸ਼ੇ ਦੀ ਸਪਲਾਈ ਦਿੱਤੀ ਜਾਂਦੀ ਹੈ। ਨਸ਼ਾ ਲੈਣ ਆਉਣ ਵਾਲੇ ਵਿਅਕਤੀ ਆਪਣੇ ਮੋਟਰਸਾਈਕਲ ਗਲੀ ਦੇ ਵਿਚਕਾਰ ਖੜ੍ਹੇ ਕਰਕੇ ਚਲੇ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਆਵਾਜਾਈ ਵਿੱਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੁਹੱਲਾ ਵਾਸੀਆਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਝਗੜੇ ਵੀ ਹੋ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਹੁਣ ਬੱਚਿਆਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਵਿਗੜਦੇ ਮਾਹੌਲ ਦਾ ਬੱਚਿਆਂ ’ਤੇ ਵੀ ਮਾੜਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਮਾਪਿਆਂ ਵਿਚ ਚਿੰਤਾ ਵੱਧ ਰਹੀ ਹੈ। ਇਲਾਕਾ ਨਿਵਾਸੀਆਂ ਨੇ ਥਾਣਾ ਡਾਬਾ ਦੇ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਨੂੰ ਮਿਲ ਕੇ ਕਥਿਤ ਨਸ਼ਾ ਤਸਕਰਾਂ ਖ਼ਿਲਾਫ਼ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਲਾਕੇ ਵਿੱਚ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਮਾਹੌਲ ਮਿਲ ਸਕੇ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ ਤਾਂ ਉਹ ਰੋਸ ਪ੍ਰਦਰਸ਼ਨ ਕਰਨਗੇ।
ਇਸ ਮਾਮਲੇ ਸਬੰਧੀ ਥਾਣਾ ਡਾਬਾ ਦੇ ਮੁਖੀ ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ ਅਤੇ ਜਲਦ ਹੀ ਇਸ ਸਬੰਧੀ ਠੋਸ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਅਭਿਆਨ ਤਹਿਤ ਇਲਾਕੇ ਨੂੰ ਨਸ਼ਾ-ਮੁਕਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਹਜ਼ਾਰਾਂ ਮੁਲਾਜ਼ਮਾਂ ਨੂੰ ਵੱਡੀ ਰਾਹਤ, ਬੋਨਸ ਨੂੰ ਲੈ ਕੇ ਹੱਕ 'ਚ ਆਇਆ ਫ਼ੈਸਲਾ, 20 ਜੁਲਾਈ ਤੱਕ...
NEXT STORY