ਗੜ੍ਹਦੀਵਾਲਾ, (ਜਤਿੰਦਰ)- ਕੰਢੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਲੈ ਕੇ ਲੋਕਾਂ ਵੱਲੋਂ ਕੰਢੀ ਵਿਕਾਸ ਮੰਚ ਦੇ ਪ੍ਰਧਾਨ ਠਾਕੁਰ ਕਰਨੈਲ ਸਿੰਘ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਤੋਂ ਪਹਿਲ ਦੇ ਆਧਾਰ 'ਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਮੰਗ ਕੀਤੀ ਗਈ।
ਪ੍ਰਧਾਨ ਠਾਕੁਰ ਕਰਨੈਲ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਮੇਂ-ਸਮੇਂ 'ਤੇ ਕਈ ਵਾਰ ਕੰਢੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਜਾਂਦਾ ਹੈ ਪਰ ਫਿਰ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਕੰਢੀ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਢੀ ਇਲਾਕੇ ਵਿਚ ਮਨਹੋਤਾ-ਦੇਹਰੀਆਂ ਸੜਕ ਅਤੇ ਮਨਹੋਤਾ ਤੋਂ ਕਕਰਾਲੀ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕ ਡਾਢੇ ਪ੍ਰੇਸ਼ਾਨ ਹਨ। ਮਨਹੋਤਾ-ਕਕਰਾਲੀ ਸੜਕ 'ਤੇ ਲੋਕਾਂ ਵੱਲੋਂ ਕਈ ਵਾਰ ਮਿੱਟੀ ਵੀ ਪਾਈ ਗਈ ਪਰ ਫਿਰ ਵੀ ਇਹ ਸੜਕ ਨਹੀਂ ਬਣ ਸਕੀ। ਇਸ ਲਈ ਜਲਦੀ ਤੋਂ ਜਲਦੀ ਇਨ੍ਹਾਂ ਸੜਕਾਂ ਨੂੰ ਬਣਾਇਆ ਜਾਵੇ।
ਕੰਢੀ ਇਲਾਕੇ ਵਿਚ ਆਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਵੱਲੋਂ ਆਏ ਦਿਨ ਫ਼ਸਲਾਂ ਦਾ ਭਾਰੀ ਨੁਕਸਾਨ ਕੀਤਾ ਜਾ ਰਿਹਾ ਹੈ। ਬਾਘ ਵੱਲੋਂ ਕਈ ਵਾਰ ਪਾਲਤੂ ਪਸ਼ੂਆਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਚੁੱਕਿਆ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਜਾਨਵਰਾਂ ਵੱਲੋਂ ਫਸਲਾਂ ਦਾ ਨੁਕਸਾਨ ਕਰਨ ਕਾਰਨ ਕੰਢੀ ਦਾ ਕਿਸਾਨ ਭਾਰੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਨਰੂੜ ਤੋਂ ਭੱਟਲਾਂ ਸੜਕ ਵੀ ਕਾਫੀ ਸਮੇਂ ਤੋਂ ਰਿਪੇਅਰ ਨੂੰ ਤਰਸ ਰਹੀ ਹੈ। ਉਨ੍ਹਾਂ ਹੁਸ਼ਿਆਰਪੁਰ ਤੋਂ ਤਲਵਾੜਾ ਵਾਇਆ ਢੋਲਬਾਹਾ-ਜਨੌੜੀ ਇਕ ਹੋਰ ਬੱਸ ਚਲਾਉਣ ਦੀ ਮੰਗ ਕੀਤੀ। ਇਸ ਨਾਲ ਕੰਢੀ ਵਾਸੀਆਂ ਦੀਆਂ ਹਿਮਾਚਲ ਪ੍ਰਦੇਸ਼ ਵਿਚ ਜੋ ਰਿਸ਼ਤੇਦਾਰੀਆਂ ਹਨ, ਉਹ ਸਮੇਂ ਸਿਰ ਆ-ਜਾ ਸਕਣਗੇ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਮਨਹੋਤਾ ਤੇ ਖੰਗਵਾੜੀ ਦੀ ਹੱਦ 'ਤੇ ਲਾਇਆ ਗਿਆ ਪੱਥਰਾਂ ਦਾ ਜਾਲ, ਜੋ ਕਿ ਅਧੂਰਾ ਪਿਆ ਹੈ, ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਠਾਕੁਰ ਕਰਨੈਲ ਸਿੰਘ ਨਾਲ ਹੋਰ ਪਤਵੰਤੇ ਵੀ ਹਾਜ਼ਰ ਸਨ।
ਵਾਰਡ 32 ਤੋਂ ਸ਼ਹਿਰ ਵੱਲ ਨੂੰ ਜਾਂਦੀ ਸੜਕ ਦੀ ਹਾਲਤ ਤਰਸਯੋਗ
NEXT STORY