ਲੁਧਿਆਣਾ (ਵਿੱਕੀ) : ਚੋਣ ਡਿਊਟੀ ’ਚ ਲੱਗੇ ਅਧਿਆਪਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਸਾਲਾਨਾ ਪ੍ਰੀਖਿਆ ਲਈ ਪ੍ਰੀਖਿਆ ਕੇਂਦਰਾਂ ’ਚ ਲੱਗੀ ਬਤੌਰ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟਾਂ ਦੀ ਡਿਊਟੀ ਵੀ ਕਰਨੀ ਪਵੇਗੀ ਕਿਉਂਕਿ ਬੋਰਡ ਪ੍ਰੀਖਿਆਵਾਂ ’ਚ ਡਿਊਟੀ ਕੱਟਵਾਉਣ ਲਈ ਇਸ ਤਰ੍ਹਾਂ ਦੇ ਕਈ ਅਧਿਆਪਕਾਂ ਨੇ ਆਪਣੀ ਚੋਣ ਡਿਊਟੀ ਲੱਗੇ ਹੋਣ ਦਾ ਹਵਾਲਾ ਦੇ ਕੇ ਬੋਰਡ ਨੂੰ ਪੱਤਰ ਲਿਖ ਦਿੱਤੇ ਸਨ ਪਰ ਬੋਰਡ ਨੇ ਇਸ ਤਰ੍ਹਾਂ ਦੇ ਅਧਿਆਪਕਾਂ ਦੀ ਡਿਊਟੀ ਕੱਟਣ ਤੋਂ ਸਾਫ ਮਨ੍ਹਾ ਕਰ ਦਿੱਤਾ ਹੈ। ਬੋਰਡ ਵੱਲੋਂ ਇਸ ਤਰ੍ਹਾਂ ਦੇ ਅਧਿਆਪਕਾਂ ਨੂੰ ਦਿਖਾਏ ਗਏ ਰੈੱਡ ਸਿਗਨਲ ਤੋਂ ਬਾਅਦ ਸਿੱਖਿਆ ਵਿਭਾਗ ਨੇ ਇਸ ਤਰ੍ਹਾਂ ਦੇ ਅਧਿਆਪਕਾਂ ਨੂੰ ਪ੍ਰੀਖਿਆ ਕੇਂਦਰ ’ਚ ਡਿਊਟੀ ’ਤੇ ਪੁੱਜਣ ਲਈ ਕਹਿ ਦਿੱਤਾ ਹੈ। ਜਾਣਕਾਰੀ ਮੁਤਾਬਕ ਪ੍ਰੀਖਿਆਵਾਂ ਲਈ ਬੋਰਡ ’ਚ 310 ਪ੍ਰੀਖਿਆ ਕੇਂਦਰ ਬਣਾਏ ਗਏ ਹਨ, ਜਿਨ੍ਹਾਂ ਨੂੰ ਨਿਯਮਾਂ ਮੁਤਾਬਕ ਸੋਮਵਾਰ ਖੋਲ੍ਹ ਦਿੱਤਾ ਗਿਆ ਪਰ ਕੁਝ ਪ੍ਰੀਖਿਆ ਕੇਂਦਰਾਂ ’ਚ ਬਤੌਰ ਸੁਪਰਡੈਂਟ ਤੇ ਡਿਪਟੀ ਸੁਪਰਡੈਂਟ ਲਗਾਏ ਅਧਿਆਪਕਾਂ ਨੇ ਸਿੱਖਿਆ ਵਿਭਾਗ ਦੀ ਪ੍ਰੀਖਿਆ ਟੀਮ ਨੂੰ ਆਪਣੀ ਚੋਣਾਵੀ ਡਿਊਟੀ ਲੱਗੀ ਹੋਣ ਦਾ ਹਵਾਲਾ ਦੇ ਕੇ ਬੋਰਡ ਪ੍ਰੀਖਿਆਵਾਂ ਦੀ ਡਿਊਟੀ ਕਰਨ ’ਚ ਅਸਮਰੱਥਾ ਜ਼ਾਹਿਰ ਕਰ ਦਿੱਤੀ ਅਤੇ ਪ੍ਰੀਖਿਆ ਕੇਂਦਰ ’ਚ ਨਹੀਂ ਪੁੱਜੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ
ਇਸ ਦੌਰਾਨ ਵਿਭਾਗੀ ਅਧਿਕਾਰੀਆਂ ਨੇ ਇਸ ਤਰ੍ਹਾਂ ਦੇ ਅਧਿਆਪਕਾਂ ਵੱਲੋਂ ਭੇਜੇ ਗਏ ਪੱਤਰ, ਜਦ ਬੋਰਡ ਨੂੰ ਈ-ਮੇਲ ਕੀਤੇ ਤਾਂ ਬੋਰਡ ਨੇ ਡਿਊਟੀ ਕੱਟਣ ਬਾਰੇ ਕੋਈ ਨਿਰਦੇਸ਼ ਨਹੀਂ ਦਿੱਤੇ, ਜਿਸ ਤੋਂ ਸਾਫ ਹੋ ਗਿਆ ਹੈ ਕਿ ਇਸ ਤਰ੍ਹਾਂ ਦੇ ਅਧਿਆਪਕਾਂ ਨੂੰ ਚੋਣਾਂ ਦੇ ਨਾਲ ਪ੍ਰੀਖਿਆ ਡਿਊਟੀ ਵੀ ਕਰਨੀ ਹੋਵੇਗੀ। ਜਾਣਕਾਰੀ ਮੁਤਾਬਕ ਵਿਭਾਗ ਕੋਲ 30 ਦੇ ਲਗਭਗ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਨੇ ਕਈ ਕਾਰਨਾਂ ਕਾਰਨ ਡਿਊਟੀ ਨਾ ਕਰਨ ਦਾ ਹਵਾਲਾ ਦੇ ਕੇ ਛੋਟ ਮੰਗੀ ਸੀ। ਇਨ੍ਹਾਂ ’ਚੋਂ ਸੁਪਰਡੈਂਟ ਡਿਊਟੀ ’ਤੇ ਲਗਾਈ ਗਈ ਮਹਿਲਾ ਅਧਿਆਪਕਾਵਾਂ ਨੇ ਮੈਟਰਨਿਟੀ ਲੀਵ ’ਤੇ ਹੋਣ ਦਾ ਹਵਾਲਾ ਦਿੱਤਾ, ਜਦਕਿ ਕਈਆਂ ਨੇ ਮੈਡੀਕਲ ਲੀਵ ਹੋਣ ਬਾਰੇ ਬੋਰਡ ਨੂੰ ਸੂਚਿਤ ਕੀਤਾ। ਉੱਥੇ ਇਸ ਤਰ੍ਹਾਂ ਦੇ ਕਈ ਕੇਸ ਵੀ ਆਏ ਜਿਨ੍ਹਾਂ ਨੇ ਚੋਣਾਂ ’ਚ ਡਿਊਟੀ ਲੱਗੀ ਹੋਣ ਦਾ ਹਵਾਲਾ ਦਿੱਤਾ ਪਰ ਬੋਰਡ ਵੱਲੋਂ ਚੋਣਾਵੀ ਡਿਊਟੀ ’ਤੇ ਲੱਗੇ ਸਟਾਫ ਨੂੰ ਪ੍ਰੀਖਿਆ ਡਿਊਟੀ ਤੋਂ ਕੋਈ ਛੋਟ ਨਹੀਂ ਦਿੱਤੀ ਗਈ, ਜਦਕਿ ਹੋਰ ਮਾਮਲਿਆਂ ’ਚ ਬੋਰਡ ਨੇ ਰਾਹਤ ਦਿੰਦੇ ਹੋਏ ਉਨ੍ਹਾਂ ਦੇ ਸਥਾਨ ’ਤੇ ਨਵੇਂ ਪ੍ਰਬੰਧ ਕਰ ਦਿੱਤੇ। ਦੇਰ ਸ਼ਾਮ ਤੱਕ ਡਿਪਟੀ ਡੀ. ਈ. ਓ. ਜਸਵਿੰਦਰ ਸਿੰਘ ਉਰਫ ਵਿਰਕ ਦੀ ਅਗਵਾਈ ’ਚ ਵਿਭਾਗ ਦੀ ਟੀਮ ਪ੍ਰੀਖਿਆ ਸਬੰਧੀ ਡਿਊਟੀਆਂ ਜਾਂ ਹੋਰ ਪ੍ਰਬੰਧ ਚੈੱਕ ਕਰਨ ’ਚ ਲੱਗੀ ਰਹੀ। ਡਿਪਟੀ ਡੀ. ਈ. ਓ. ਜਸਵਿੰਦਰ ਸਿੰਘ ਨੇ ਦੱਸਿਆ ਕਿ ਬੋਰਡ ਨੇ ਵੱਖ-ਵੱਖ ਜਾਇਜ਼ ਕਾਰਨਾਂ ਦੇ ਕਰ ਕੇ ਕੁਝ ਡਿਊਟੀਆਂ ’ਚ ਸਟਾਫ ਨੂੰ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪ੍ਰੀਖਿਆਵਾਂ ਲਈ ਪ੍ਰਬੰਧ ਪੂਰੇ ਹਨ ਅਤੇ ਸਾਰੇ ਕੇਂਦਰਾਂ ’ਚ ਸਵੇਰੇ 11 ਵਜੇ ਪੇਪਰ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ : ਪ੍ਰੀਖਿਆਵਾਂ ਵਿਚ ਬੈਠਣ ਵਾਲੇ ਵਿਦਿਆਰਥੀਆਂ ਲਈ ਖ਼ਤਰੇ ਦੀ ਘੰਟੀ, ਇਹ ਨਿੱਕੀ ਜਿਹੀ ਗ਼ਲਤੀ ਪੈ ਸਕਦੀ ਹੈ ਭਾਰੀ
ਨਿੱਜੀ ਸਕੂਲਾਂ ’ਚ ਵੀ ਭੇਜੇ ਨਿਗਰਾਨ
ਪ੍ਰੀਖਿਆਵਾਂ ਲਈ ਨਿੱਜੀ ਸਕੂਲਾਂ ’ਚ ਬਣਾਏ ਗਏ ਪ੍ਰੀਖਿਆ ਕੇਂਦਰਾਂ ’ਚ ਵੀ ਨਿਗਰਾਨ ਸਟਾਫ ਦੀ ਕਮੀ ਸਾਹਮਣੇ ਆਈ। ਇਸ ਤਰ੍ਹਾਂ ਦੇ ਸਕੂਲਾਂ ਨੇ ਕੇਂਦਰ ’ਚ ਜ਼ਿਆਦਾ ਪ੍ਰੀਖਿਆਰਥੀਆਂ ਦਾ ਅੰਕੜਾਂ ਦੇਖ ਬੋਰਡ ਅਤੇ ਵਿਭਾਗ ਨੂੰ ਪੱਤਰ ਲਿਖ ਕੇ ਕੇਂਦਰ ਵਿਚ ਨਿਗਰਾਨ ਭੇਜਣ ਦੀ ਮੰਗ ਕੀਤੀ। ਡਿਪਟੀ ਡੀ. ਈ. ਓ. ਨੇ ਦੱਸਿਆ ਕਿ ਸਕੂਲਾਂ ਤੋਂ ਆਈ ਡਿਮਾਂਡ ਮੁਤਾਬਕ ਪ੍ਰੀਖਿਆ ਕੇਂਦਰਾਂ ’ਚ ਨਿਗਰਾਨ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ।
10 ਕਿਲੋਮੀਟਰ ਵੀ ਦੂਰ ਲੱਗ ਰਿਹਾ ਪ੍ਰੀਖਿਆ ਕੇਂਦਰ
ਪ੍ਰੀਖਿਆਵਾਂ ਲਈ ਜਿਨ੍ਹਾਂ ਸੁਪਰਡੈਟਾਂ ਅਤੇ ਡਿਪਟੀ ਸੁਪਰਡੈਂਟਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ’ਚੋਂ ਕਈਆਂ ਨੇ ਡਿਊਟੀ ਕੱਟਵਾਉਣ ਲਈ ਕਈ ਬਹਾਨੇਬਾਜ਼ੀਆਂ ਲਗਾਈਆਂ ਪਰ ਬੋਰਡ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਕਈ ਇਸ ਤਰ੍ਹਾਂ ਦੇ ਕੇਸ ਵੀ ਸਾਹਮਣੇ ਆਏ ਹਨ, ਜਿਸ ਵਿਚ ਪ੍ਰੀਖਿਆ ਡਿਊਟੀ ’ਤੇ ਲੱਗੇ ਕੁਝ ਸਟਾਫ ਨੇ ਪ੍ਰੀਖਿਆ ਕੇਂਦਰ 10 ਕਿ. ਮੀ. ਦੂਰ ਹੋਣ ਦਾ ਹਵਾਲਾ ਦੇ ਕੇ ਡਿਊਟੀ ਕੱਟਵਾਉਣ ਦੀ ਮੰਗ ਕੀਤੀ ਗਈ ਪਰ ਬੋਰਡ ਨੇ ਇਸ ਤਰ੍ਹਾਂ ਦੇ ਸਟਾਫ ਦੀ ਮੰਗ ਨੂੰ ਅਣਸੁਣਿਆ ਕਰ ਦਿੱਤਾ। ਦੱਸ ਦੇਈਏ ਕਿ ਸੁਪਰਡੈਂਟ ਲਈ ਲੈਕਚਰਾਰ ਅਤੇ ਡਿਪਟੀ ਸੁਪਰਡੈਂਟ ਲਈ ਮਾਸਟਰ ਕੇਡਰ ਨੂੰ ਪ੍ਰੀਖਿਆ ਡਿਊਟੀ ’ਤੇ ਤਾਇਨਾਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਸਕੂਲਾਂ ’ਚ ਤਾਇਨਾਤ ਜ਼ਿਆਦਾਤਰ ਅਧਿਆਪਕ ਆਪਣੇ ਘਰਾਂ ਤੋਂ 20 ਤੋਂ 30 ਕਿ. ਮੀ. ਤੱਕ ਬਣੇ ਸਕੂਲਾਂ ’ਚ ਰੈਗੂਲਰ ਡਿਊਟੀ ਕਰਨ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ਬਾਰਡਰ ’ਤੇ 'ਜੰਗ' ਵਰਗੇ ਹਾਲਾਤ, ਇੰਟਰਨੈੱਟ ਬੰਦ, ਹੱਦਾਂ ਪੂਰੀ ਤਰ੍ਹਾਂ ਸੀਲ, ਵੇਖੋ ਕੀ ਬਣੇ ਹਾਲਾਤ
ਲੁਧਿਆਣਾ ’ਚ ਬਣਾਏ ਗਏ 17 ਸੰਵੇਦਨਸ਼ੀਲ ਕੇਂਦਰ
ਪੀ. ਐੱਸ. ਈ. ਬੀ. ਨੇ ਪ੍ਰੀਖਿਆਵਾਂ ’ਚ ਨਕਲ ਰੋਕਣ ਲਈ ਜਿੱਥੇ 10 ਤੋਂ ਜ਼ਿਆਦਾ ਫਲਾਈਂਗ ਟੀਮਾ ਲੁਧਿਆਣਾ ’ਚ ਤਾਇਨਾਤ ਕੀਤੀਆਂ ਹਨ, ਉੇੱਥੇ ਜ਼ਿਲ੍ਹੇ ਦੇ 310 ਕੇਂਦਰਾਂ ’ਚੋਂ 17 ਪ੍ਰੀਖਿਆ ਕੇਂਦਰਾਂ ਨੂੰ ਸੰਵੇਦਨਸ਼ੀਲ ਬਣਾਇਆ ਗਿਆ ਹੈ। ਮਤਲਬ ਇਨ੍ਹਾਂ ਪ੍ਰੀਖਿਆ ਕੇਂਦਰਾਂ ’ਤੇ ਫਲਾਈਂਗ ਟੀਮਾਂ ਦੇ ਨਾਲ ਬੋਰਡ ਦੀਆਂ ਹੋਰ ਟੀਮਾਂ ਦੀ ਵੀ ਵਿਸ਼ੇਸ਼ ਨਜ਼ਰ ਰਹੇਗੀ। ਬੋਰਡ ਵੱਲੋਂ ਸਾਰੇ ਪ੍ਰੀਖਿਆ ਕੇਂਦਰਾਂ ’ਚ ਆਬਜ਼ਵਰ ਲਗਾਉਣ ਦੇ ਨਾਲ ਵੀਡੀਓਗ੍ਰਾਫੀ ਵੀ ਕਰਵਾਈ ਜਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਵੇਦਨਸ਼ੀਲ ਪ੍ਰੀਖਿਆ ਕੇਂਦਰਾਂ ’ਚ 11 ਕੇਂਦਰ ਸਰਕਾਰੀ ਸਕੂਲਾਂ ’ਚ ਹੀ ਬਣਾਏ ਗਏ ਹਨ, ਜਦਕਿ 6 ਕੇਂਦਰ ਪ੍ਰਾਈਵੇਟ ਸਕੂਲਾਂ ’ਚ ਬਣਾਏ ਗਏ ਹਨ। ਬੋਰਡ ਦੀ ਮੰਨੀਏ ਤਾਂ ਇਸ ਤਰ੍ਹਾਂ ਦੇ ਕੇਂਦਰਾਂ ’ਤੇ ਜ਼ਿਆਦਾਤਰ ਓਪਨ ਸਕੂਲਾਂ ਤਹਿਤ ਪ੍ਰੀਖਿਆ ਦੇਣ ਵਾਲੇ ਪ੍ਰੀਖਿਆਰਥੀਆਂ ਦੀ ਜ਼ਿਆਦਾ ਗਿਣਤੀ ਰਹਿੰਦੀ ਹੈ। ਇਸ ਲਈ ਇਸ ਤਰ੍ਹਾਂ ਦੇ ਕੇਂਦਰਾਂ ਨੂੰ ਸਰਕਾਰੀ ਸਕੂਲਾਂ ’ਚ ਬਣਾਉਣ ਦੇ ਨਾਲ ਇਨ੍ਹਾਂ ’ਤੇ ਖਾਸ ਨਿਗਰਾਨੀ ਰੱਖੀ ਜਾਂਦੀ ਹੈ।
ਸਥਾਪਿਤ ਹੋਇਆ ਕੰਟਰੋਲ ਰੂਮ
ਪ੍ਰੀਖਿਆਵਾਂ ਨੂੰ ਲੈ ਕੇ ਕਿਸੇ ਵੀ ਕਿਸਮ ਦੀ ਜਾਣਕਾਰੀ ਜਲਦੀ ਹੀ ਵਿਭਾਗ ਜਾਂ ਬੋਰਡ ਤੱਕ ਪਹੁੰਚਾਉਣ ਲਈ ਕੰਟਰੋਲ ਰੂਮ ਸਥਾਪਿਤ ਕਰ ਦਿੱਤਾ ਗਿਆ ਹੈ। ਡਿਪਟੀ ਡੀ. ਈ. ਓ. ਜਸਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਕੰਟਰੋਲ ਰੂਮ ’ਚ ਵਿਭਾਗ ਦੇ 6 ਅਧਿਆਪਕਾਂ ਨੂੰ ਬਤੌਰ ਮੈਨੇਜਰ ਅਤੇ ਸਹਾਇਕ ਮੈਨੇਜਰ ਤਾਇਨਾਤ ਕਰ ਕੇ ਸਾਰੇ ਪ੍ਰੀਖਿਆ ਕੇਂਦਰਾਂ ਦੇ ਕੰਟਰੋਲਰਾਂ ਨੂੰ ਇਨ੍ਹਾਂ ਦੇ ਫੋਨ ਨੰਬਰ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਵੱਡਾ ਕਾਫ਼ਲਾ ਲੈ ਕੇ ਕਿਸਾਨ ਆਗੂ ਡੱਲੇਵਾਲ ਰਵਾਨਾ, ਮੀਟਿੰਗ ਨੂੰ ਲੈ ਕੇ ਕਰ 'ਤਾ ਵੱਡਾ ਐਲਾਨ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
DAV ਯੂਨੀਵਰਸਿਟੀ ਨੇੜੇ ਕੈਂਟਰ ਤੇ ਟਰੱਕ ਦੀ ਹੋਈ ਜ਼ਬਰਦਸਤ ਟੱਕਰ, ਇਕ ਵਿਅਕਤੀ ਦੀ ਮੌਤ
NEXT STORY