ਪਟਿਆਲਾ (ਜੋਸਨ) : ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀ. ਐਸ. ਪੀ. ਸੀ. ਐਲ.) 10 ਜੂਨ ਨੂੰ ਝੱਖੜ ਚੱਲਣ ਦੇ ਇਕ ਹਫ਼ਤੇ ਬਾਅਦ ਵੀ ਝੋਨੇ ਲਈ ਬਿਜਲੀ ਸਪਲਾਈ ਬਹਾਲ ਕਰਨ ਵਿਚ ਨਾਕਾਮ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪਹਿਲਾਂ ਹੀ ਮੁਸ਼ਕਲਾਂ ਵਿਚ ਘਿਰੇ ਕਿਸਾਨਾਂ ਲਈ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ।
ਪਟਿਆਲਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਸ. ਬਰਾੜ ਨੇ ਕਿਹਾ ਕਿ ਦਿਹਾਤੀ ਇਲਾਕਿਆਂ ਵਿਚ ਹਾਲੇ ਵੀ ਟਰਾਂਸਫਾਰਮਰ 'ਤੇ ਖੰਭੇ ਡਿੱਗੇ ਦਿਸ ਰਹੇ ਹਨ ਤੇ ਅਨੇਕਾਂ ਥਾਵਾਂ 'ਤੇ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ 10 ਜੂਨ ਤੋਂ 8 ਘੰਟੇ ਦੀ ਬਿਜਲੀ ਸਪਲਾਈ ਕਰਨ ਦਾ ਵਾਅਦਾ ਕਰ ਕੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਪੀ. ਐਸ. ਪੀ. ਸੀ. ਐਲ. ਇਸ ਔਖੇ ਵੇਲੇ ਕਿਸਾਨਾਂ ਦੀ ਬਾਂਹ ਫੜ੍ਹਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਦਿੱਲੀ ਦੇ ਬਾਰਡਰਾਂ 'ਤੇ ਸੰਘਰਸ਼ ਨਾਲ ਜੂਝ ਰਹੇ ਹਨ ਤੇ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ ਹਨ, ਅਜਿਹੇ ਵਿਚ ਝੋਨੇ ਦੇ ਸੀਜ਼ਨ ਦੇ ਸ਼ੁਰੂਆਤ ਵਿੱਚ ਹੀ ਬਿਜਲੀ ਸਪਲਾਈ ਠੱਪ ਹੋ ਜਾਣ ਨਾਲ ਕਿਸਾਨ ਡੀਜ਼ਲ ਫੂਕ ਕੇ ਜਨਰੇਟਰਾਂ ਨਾਲ ਟਿਊਬਵੈੱਲ ਚਲਾਉਣ ਲਈ ਮਜਬੂਰ ਹੋ ਗਏ ਹਨ, ਜਿਸ ਨਾਲ ਉਨ੍ਹਾਂ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਜਾਵੇਗੀ।
ਬਰਾੜ ਨੇ ਕਿਹਾ ਕਿ ਇਹ ਹਾਲਾਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਵਿੱਚ ਹਨ ਤਾਂ ਕੋਈ ਸਹਿਜੇ ਹੀ ਪੰਜਾਬ ਦੇ ਹੋਰ ਹਿੱਸਿਆਂ ਦੇ ਹਾਲ ਦਾ ਅੰਦਾਜ਼ਾ ਲਗਾ ਸਕਦਾ ਹੈ। ਉਨ੍ਹਾਂ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਅਪੀਲ ਵੀ ਕੀਤੀ ਕਿ ਉਹ ਮਿਹਨਤ ਕਰ ਕੇ ਬਿਜਲੀ ਸਪਲਾਈ ਤੁਰੰਤ ਬਹਾਲ ਕਰਨ ਦਾ ਉਪਰਾਲਾ ਕਰਨ ਨਹੀਂ ਤਾਂ ਪਹਿਲਾਂ ਹੀ ਪਿੱਛੇ ਧੱਕੇ ਗਏ ਪੰਜਾਬ ਤੇ ਇਸ ਦੇ ਕਿਸਾਨਾਂ ਦਾ ਹੋਰ ਉਜਾੜਾ ਹੋ ਜਾਵੇਗਾ।
ਘਰੇਲੂ ਗੈਸ ਖ਼ਪਤਕਾਰਾਂ ਲਈ ਵੱਡੀ ਰਾਹਤ, ਹੁਣ ਇਹ ਕੰਮ ਨਹੀਂ ਕਰ ਸਕਣਗੇ ਡਲਿਵਰੀਮੈਨ
NEXT STORY