ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਚੋਣਾਂ ’ਚ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਹੌਸਲੇ ਬੁਲੰਦ ਹਨ। ਹੁਣ ਪਾਰਟੀ ਦੀਆਂ ਨਜ਼ਰਾਂ ਪੰਜਾਬ ਚੋਣਾਂ ’ਤੇ ਹਨ, ਜਿਸ ’ਚ ਪਾਰਟੀ ਵੱਲੋਂ ਬਹੁਮਤ ਦੇ ਨਾਲ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਦੀ ਜਨਤਾ ਉਨ੍ਹਾਂ ਨੂੰ ਮੌਕਾ ਦੇਣ ਦਾ ਮਨ ਬਣਾ ਚੁੱਕੀ ਹੈ। ਇਸ ਸਬੰਧੀ ‘ਜਗ ਬਾਣੀ’ ਦੇ ਸ਼੍ਰਮਿਤ ਚੌਧਰੀ ਨੇ ‘ਆਪ’ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨਾਲ ਖਾਸ ਗੱਲਬਾਤ ਕੀਤੀ। ਆਓ ਜਾਣਦੇ ਹਾਂ ਉਨ੍ਹਾਂ ਨੇ ਇਸ ਖਾਸ ਗੱਲਬਾਤ ’ਚ ਕੀ ਕਿਹਾ।
ਇਹ ਵੀ ਪੜ੍ਹੋ- ਪੰਜਾਬ ਪਹੁੰਚਿਆ ਓਮੀਕ੍ਰੋਨ ਵੇਰੀਐਂਟ, ਪੂਰੇ ਦੇਸ਼ ’ਚ 781 ਮਾਮਲੇ
ਆਮ ਆਦਮੀ ਪਾਰਟੀ ਜੋ ਵਾਅਦੇ ਕਰ ਰਹੀ ਹੈ, ਉਨ੍ਹਾਂ ਨੂੰ ਪੂਰਾ ਕਿਵੇਂ ਕਰੇਗੀ?
ਪੰਜਾਬ ਦਾ ਖਜ਼ਾਨਾ ਖਾਲ੍ਹੀ ਹੈ ਅਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਪੰਜਾਬ ਦੇ ਸਾਲਾਨਾ ਬਜਟ ਦਾ 20 ਫ਼ੀਸਦੀ ਹਿੱਸਾ ਕਰਜ਼ੇ ਦਾ ਵਿਆਜ ਦੇਣ ’ਚ ਚਲਾ ਜਾਂਦਾ ਹੈ। ਇਸ 20 ਫ਼ੀਸਦੀ ਹਿੱਸੇ ਤੋਂ ਹਸਪਤਾਲ ਅਤੇ ਸਕੂਲ ਬਣਨੇ ਚਾਹੀਦੇ ਹਨ। ਪੰਜਾਬ ਦੀ ਇਕੋਨਮੀ, ਜੋ ਇੰਡੀਆ ਦੀ ਫਾਸਟੈਸਟ ਗ੍ਰੋਇੰਗ ਇਕੋਨਮੀ ਹੈ, ਹੁਣ ਸੈਕੰਡ ਸਲੋਐਸਟ ਗ੍ਰੋਇੰਗ ਇਕੋਨਮੀ ਹੈ। ਅਸੀਂ ਪੰਜਾਬ ਦੀ ਇਕੋਨਮੀ ਨੂੰ ਰਿਵਾਈਵ ਕਰਨਾ ਜਾਣਦੇ ਹਾਂ। ਰਿਵਾਈਵ ਕਰਨ ਲਈ ਸਾਫ਼ ਨੀਅਤ ਅਤੇ ਪੜ੍ਹੇ-ਲਿਖੇ ਲੋਕ ਚਾਹੀਦੇ ਹਨ, ਜੋ ਪਲਾਨਿੰਗ ਦੇ ਨਾਲ-ਨਾਲ ਪੰਜਾਬ ਨੂੰ ਇਸ ਦਲਦਲ ਵਿਚੋਂ ਕੱਢ ਕੇ ਸੁਨਹਿਰਾ ਅਤੇ ਖੁਸ਼ਹਾਲ ਪਲਾਨ ਬਣਾਉਣ। ਜਿੰਨੇ ਵੀ ਐਲਾਨ ਅਰਵਿੰਦ ਕੇਜਰੀਵਾਲ ਨੇ ਕੀਤੇ ਹਨ, ਉਨ੍ਹਾਂ ਦਾ ਇਕ ਬਲਿਊ ਪ੍ਰਿੰਟ ਬਣਾਇਆ ਹੈ। ਰੇਤੇ ਦੀ ਚੋਰੀ ਬੰਦ ਕਰ ਦਿੱਤੀ ਜਾਵੇ, ਨਾਜਾਇਜ਼ ਮਾਈਨਿੰਗ ’ਤੇ ਰੋਕ ਲਾ ਦਿੱਤੀ ਜਾਵੇ, ਤਾਂ ਖਜ਼ਾਨੇ ’ਚ 20 ਹਜ਼ਾਰ ਕਰੋੜ ਬਚ ਸਕਦਾ ਹੈ। ਇਸ ਨਾਲ ਬਿਜਲੀ ਵੀ ਮਿਲੇਗੀ, ਮੁਫ਼ਤ ਪਾਣੀ ਵੀ। ਔਰਤਾਂ ਨੂੰ 1-1 ਹਜ਼ਾਰ ਵੀ ਮਿਲਣਗੇ, ਸਕੂਲ ਅਤੇ ਹਸਪਤਾਲ ਵੀ ਬਣਨਗੇ ਅਤੇ ਕਰਜ਼ਾ ਵੀ ਉਤਾਰਾਂਗੇ।
ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਕਿਹੜੇ-ਕਿਹੜੇ ਵੱਡੇ ਮੁੱਦੇ ਹੋਣਗੇ?
ਆਮ ਆਦਮੀ ਪਾਰਟੀ ਇਕ ਪਾਜ਼ੇਟਿਵ ਏਜੰਡੇ ਦੇ ਨਾਲ ਲੋਕਾਂ ਵਿਚ ਜਾ ਰਹੀ ਹੈ। ਕੇਜਰੀਵਾਲ ਨੇ 5 ਵੱਡੀਆਂ ਗਾਰੰਟੀਆਂ ਦਿੱਤੀਆਂ ਹਨ। 2017 ਅਤੇ 2022 ਦੀਆਂ ਚੋਣਾਂ ’ਚ ਫਰਕ ਇਹ ਹੈ ਕਿ 2017 ’ਚ ਪੰਜਾਬ ਦੀ ਜਨਤਾ ਨੇ ਦਿੱਲੀ ਮਾਡਲ ਨਹੀਂ ਵੇਖਿਆ ਸੀ। ਉਸ ਸਮੇਂ ਸਾਡੀ ਸਰਕਾਰ ਨੂੰ ਬਣਿਆਂ ਇਕ ਸਾਲ ਹੋਇਆ ਸੀ। ਹੁਣ 7ਵਾਂ ਸਾਲ ਚੱਲ ਰਿਹਾ ਹੈ।
ਲੋਕਾਂ ਨੇ ਵੇਖਿਆ ਹੈ ਕਿ 6 ਸਾਲਾਂ ’ਚ ਦਿੱਲੀ ’ਚ ਬਿਹਤਰੀਨ ਸਕੂਲ, ਹਸਪਤਾਲਾਂ ਤੋਂ ਲੈ ਕੇ ਬਿਜਲੀ, ਪਾਣੀ, ਫਲਾਈਓਵਰ, ਇੰਫਰਾਸਟ੍ਰਕਚਰ, ਲੋਕਾਂ ਦੀ ਜੇਬ ’ਚ ਆਮਦਨ ਪਾਉਣ ਤੋਂ ਲੈ ਕੇ ਫਾਇਨਾਂਸ਼ੀਅਲ ਅਸਿਸਟੈਂਸ ਤਕ ਸਾਰਾ ਕੰਮ ਕੀਤਾ ਹੈ। ਹੁਣ ਪੰਜਾਬ ਦੇ ਲੋਕ ਕਹਿੰਦੇ ਹਨ ਕਿ ਜਦੋਂ ਦਿੱਲੀ ’ਚ ਇਹ ਸਭ ਹੋ ਸਕਦਾ ਹੈ ਤਾਂ ਪੰਜਾਬ ’ਚ ਕਿਉਂ ਨਹੀਂ ਹੋ ਸਕਦਾ ਹੈ। ਮੇਰਾ ਇਕ ਸਾਲ ਦਾ ਜੋ ਤਜ਼ਰਬਾ ਹੈ ਸਹਿ-ਇੰਚਾਰਜ ਵਜੋਂ ਪੰਜਾਬ ’ਚ, ਮੈਨੂੰ ਨਜ਼ਰ ਆਉਂਦਾ ਹੈ ਕਿ ਲੋਕ ਅਕਾਲੀ ਦਲ ਅਤੇ ਕਾਂਗਰਸ ਤੋਂ ਬਹੁਤ ਪ੍ਰੇਸ਼ਾਨ ਹਨ। 1996 ਤੋਂ ਹੁਣ ਤਕ ਕਾਂਗਰਸ ਤੇ ਅਕਾਲੀ ਦਲ ਦੋਵਾਂ ਨੇ ਮਿਲ ਕੇ ਸਰਕਾਰ ਚਲਾਈ ਪਰ ਲੋਕਾਂ ਦੀ ਹਾਲਤ ਬਦਤਰ ਹੋ ਗਈ। ਇਸ ਲਈ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਦੇ ਮਨ ’ਚ ਹੈ ਕਿ ਹੁਣ 5 ਸਾਲ ਕੇਜਰੀਵਾਲ ਨੂੰ ਵੀ ਦੇ ਦਿੰਦੇ ਹਾਂ। ਇਹ ਕਲੀਅਰ ਸੰਦੇਸ਼ ਲੋਕਾਂ ਵਿਚ ਹੈ।
ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਬੇਰੋਜ਼ਗਾਰੀ ਦਾ ਹੈ। ਨਾਲ ਹੀ ਨਸ਼ਾ, ਬੇਅਦਬੀ ਦਾ ਇਨਸਾਫ਼ ਅਤੇ ਔਰਤਾਂ ਦੀ ਜੇਬ ’ਚ ਆਮਦਨ ਪਾ ਕੇ ਉਨ੍ਹਾਂ ਨੂੰ ਸਸ਼ਕਤ ਬਣਾਉਣ ਦਾ ਮੁੱਦਾ ਵੀ ਹੈ। ਬਿਜਲੀ, ਪਾਣੀ, ਸਿੱਖਿਆ, ਹਸਪਤਾਲ ਅਤੇ ਇਲਾਜ ਦਿੱਲੀ ਦੀ ਤਰਜ ’ਤੇ ਹੋਵੇ, ਜਿਵੇਂ ਦਿੱਲੀ ’ਚ ਵਰਲਡ ਕਲਾਸ ਐਜੂਕੇਸ਼ਨ ਹੈ, ਸਟੇਟ ਆਫ਼ ਦਿ ਆਰਟ ਹੈਲਥ ਕੇਅਰ ਫੈਸਿਲੀਟੀਜ਼ ਫ੍ਰੀ ’ਚ ਮਿਲਦੀਆਂ ਹਨ। ਇਹ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਤਕ ਸਾਰੀਆਂ ਚੀਜ਼ਾਂ ਪਹੁੰਚਣ। ਇਹ ਸਾਰੀਆਂ ਚੀਜ਼ਾਂ ਇਕ ਰੋਡਮੈਪ ਰਾਹੀਂ ਆਮ ਆਦਮੀ ਪਾਰਟੀ ਦੇਵੇਗੀ ਪਰ ਮੇਰੀ ਨਜ਼ਰ ’ਚ ਬੇਰੋਜ਼ਗਾਰੀ ਸਭ ਤੋਂ ਵੱਡਾ ਮੁੱਦਾ ਹੈ ਪੰਜਾਬ ’ਚ।
ਇਹ ਵੀ ਪੜ੍ਹੋ- Year Ender 2021: ਪੰਜਾਬ ਦੇ ਇਸ ਜ਼ਿਲ੍ਹੇ ਲਈ ਬੇਹੱਦ ਦੁਖਦ ਰਿਹਾ ਇਹ ਸਾਲ
ਮੁੱਖ ਮੰਤਰੀ ਚੰਨੀ ਵਲੋਂ ਕੀਤੇ ਗਏ ਕੰਮ ਸਬੰਧੀ ਤੁਹਾਡਾ ਕੀ ਕਹਿਣਾ ਹੈ?
ਚੰਨੀ ਸਾਹਿਬ ਕੰਮ ਕਰਦੇ ਤਾਂ ਹੋ ਸਕਦਾ ਹੈ ਕਿ ਸਭ ਤਾਰੀਫ਼ ਕਰਦੇ ਪਰ ਉਹ ਕੰਮ ਨਹੀਂ ਕਰ ਰਹੇ ਹਨ, ਸਿਰਫ਼ ਐਲਾਨ ਕਰ ਰਹੇ ਹਨ। ਇਕ ਆਦਮੀ ਉਨ੍ਹਾਂ ਕੋਲ ਗਿਆ ਅਤੇ ਕਿਹਾ ਕਿ ਚੰਨੀ ਸਾਹਿਬ ਤਾਜ ਮਹਿਲ ਬਹੁਤ ਪਸੰਦ ਹੈ, ਮੈਨੂੰ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਮੰਗਲਵਾਰ ਆ ਜਾਣਾ ਤੁਹਾਡੀ ਰਜਿਸਟਰੀ ਕਰਵਾ ਦੇਵਾਂਗਾ। ਉਹ ਤਾਂ ਲੋਕਾਂ ਨੂੰ ਤਾਜ ਮਹਿਲ ਵੀ ਵੰਡ ਰਹੇ ਹਨ ਅਤੇ ਚੰਨ ’ਤੇ ਭੇਜਣ ਦਾ ਦਾਅਵਾ ਵੀ ਕਰ ਰਹੇ ਹਨ। ਤੁਸੀ ਚੰਨੀ ਸਾਹਿਬ ਤੋਂ ਜੋ ਮੰਗੋਗੇ ਉਹ ਦੇਣ ਦਾ ਵਾਅਦਾ ਕਰ ਦੇਣਗੇ ਪਰ ਦੇਣਗੇ ਕੁਝ ਨਹੀਂ। ਕੰਮ ਕਰਨ ਅਤੇ ਐਲਾਨ ਕਰਨ ’ਚ ਜ਼ਮੀਨ-ਅਾਸਮਾਨ ਦਾ ਫਰਕ ਹੈ। ਸੀ. ਐੱਮ. ਚੰਨੀ ਕੇਜਰੀਵਾਲ ਦੀ ਨਕਲ ਤਾਂ ਵਧੀਆ ਕਰ ਰਹੇ ਹਨ ਪਰ ਕੇਜਰੀਵਾਲ ਦੇ ਕੰਮਾਂ ’ਤੇ ਅਮਲ ਨਹੀਂ ਕਰ ਰਹੇ ਹਨ।
ਪੰਜਾਬ ਸਰਕਾਰ ’ਚ ਕਿਸੇ ਵੀ ਅਫ਼ਸਰ ਜਾਂ ਨੇਤਾ ਨਾਲ ਗੱਲ ਕਰੋ, ਉਹ ਆਫ਼ ਕੈਮਰਾ ਦੱਸਣਗੇ ਕਿ ਪੰਜਾਬ ਸਰਕਾਰ ਦਾ ਖਜ਼ਾਨਾ ਖਾਲ੍ਹੀ ਹੈ ਅਤੇ ਇਹ ਸਿਰਫ਼ ਚੋਣ ਸਟੰਟ ਹੈ। ਇਕ ਵੀ ਆਦਮੀ ਦਾ ਬਿਜਲੀ ਦਾ ਬਿੱਲ ਸਿਫ਼ਰ ਆਇਆ ਹੋਵੇ ਤਾਂ ਚੰਨੀ ਸਾਹਿਬ ਵਿਖਾ ਦੇਣ, ਮੈਂ ਚੈਲੇਂਜ ਕਰਦਾ ਹਾਂ। ਲੋਕ ਸਮਝਦਾਰ ਹਨ ਅਤੇ ਵੇਖ ਸਕਦੇ ਹਨ ਕਿ ਸਿਰਫ਼ ਐਲਾਨ ’ਤੇ ਐਲਾਨ ਕਰ ਰਹੇ ਹਨ। ਐਲਾਨ ਕਰਨ ਅਤੇ ਕੰਮ ਨਾ ਕਰਨ ਨਾਲ ਵੋਟਾਂ ਨਹੀਂ ਮਿਲਦੀਆਂ।
ਤੁਸੀਂ ਚੰਨੀ ਸਾਹਿਬ ਦਾ ਕਾਫਿਲਾ ਵੇਖੋ ਤਾਂ ਸਕਿਓਰਿਟੀ ਅਤੇ ਸਭ ਚੀਜ਼ਾਂ ਖੂਬ ਹੁੰਦੀਆਂ ਹਨ ਪਰ ਦੋ ਗੱਡੀਆਂ ਨਾਲ ਚੱਲਦੀਆਂ ਹਨ ਉਨ੍ਹਾਂ ਦੇ ਪਿੱਛੇ, ਜਿਸ ’ਚ 6 ਕੈਮਰਾਮੈਨ, ਦੋ ਮੇਕਅੱਪ ਆਰਟਿਸਟ ਅਤੇ ਦੋ ਵੀਡੀਓਗ੍ਰਾਫ਼ਰ ਹੁੰਦੇ ਹਨ। ਇਕ ਆਦਮੀ ਹੁੰਦਾ ਹੈ, ਜੋ ਉਨ੍ਹਾਂ ਦੇ ਕੱਪੜੇ ਲੈ ਕੇ ਚੱਲਦਾ ਹੈ ਕਿਉਂਕਿ ਉਹ ਕੱਪੜੇ ਬਦਲ-ਬਦਲ ਕੇ ਸਿਰਫ਼ ਸ਼ੂਟਿੰਗ ਕਰਦੇ ਹਨ। ਕਿਤੇ ਵੀ ਜਾਂਦੇ ਹਨ, ਸਭ ਤੋਂ ਪਹਿਲਾਂ ਫੋਟੋ, ਫਿਰ ਵੀਡੀਓ। ਉਨ੍ਹਾਂ ਨੂੰ ਇਸ ਚੀਜ਼ ਦਾ ਸ਼ੌਕ ਹੈ, ਜਿਸ ਨੂੰ ਉਹ ਪੂਰਾ ਕਰ ਰਹੇ ਹਨ, ਕੰਮ ਨਹੀਂ ਕਰ ਰਹੇ।
ਬਠਿੰਡਾ ਦਾ ਇਕ ਵਿਅਕਤੀ ਹੈ, ਜਿਸਦੇ ਖੇਤ ’ਚ ਚੰਨੀ ਪੁੱਜੇ ਜਦੋਂ ਮਾਲਵੇ ਦੀ ਨਰਮੇ ਦੀ ਫਸਲ ਗੁਲਾਬੀ ਸੁੰਡੀ ਕਾਰਨ ਖਰਾਬ ਹੋ ਗਈ ਸੀ । ਉਸ ਨਾਲ ਫੋਟੋ ਖਿੱਚਵਾਈ ਅਤੇ ਕਿਹਾ ਕਿ ਜਿਹੜੇ ਕਿਸਾਨਾਂ ਦੀ ਫਸਲ ਖ਼ਰਾਬ ਹੋਈ, ਉਨ੍ਹਾਂ ਸਾਰਿਆਂ ਨੂੰ ਮੁਆਵਜ਼ਾ ਦੇਵਾਂਗਾ ਪਰ ਸਾਰੇ ਕਿਸਾਨ ਤਾਂ ਛੱਡੋ, ਜਿਸ ਨਾਲ ਫੋਟੋ ਖਿੱਚਵਾਈ ਸੀ, ਉਸ ਨੂੰ ਵੀ ਮੁਆਵਜ਼ਾ ਨਹੀਂ ਮਿਲਿਆ। ਉਨ੍ਹਾਂ ਦੀ ਫੋਟੋ ਖਿੱਚਵਾਉਣ, ਵੀਡੀਓ ਬਣਾਉਣ ਅਤੇ ਐਲਾਨ ਕਰਨ ਦੀ ਸਿਆਸਤ ਹੈ। ਆਪਣੇ ਮੰਤਰੀਆਂ ਅਤੇ ਡਿਪਟੀ ਸੀ. ਐੱਮ. ਦੇ ਜਵਾਈ ਨੂੰ ਛੱਡ ਕੇ ਕੀ ਕਿਸੇ ਨੂੰ ਨੌਕਰੀ ਦਿੱਤੀ? ਚੰਨੀ ਸਰਕਾਰ ਨੇ ਕੰਮ ਕੀਤਾ ਕੀ, ਕੰਮ ਤਾਂ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ- ਆਬਕਾਰੀ ਵਿਭਾਗ ਦੀ ਪੰਜਾਬ ਪੁਲਸ ਨਾਲ ਸਾਂਝੀ ਕਾਰਵਾਈ ਦੌਰਾਨ 25 ਹਜ਼ਾਰ ਲੀਟਰ ਨਜਾਇਜ਼ ENA ਜ਼ਬਤ
ਪੰਜਾਬ ਮਾਡਲ ਦੀਆਂ ਬਹੁਤ ਸਾਰੀਆਂ ਚੀਜ਼ਾਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੇ ਨਾਲ ਮਿਲਦੀਆਂ-ਜੁਲਦੀਆਂ ਹਨ?
ਪੰਜਾਬ ’ਚ ਅਰਵਿੰਦ ਕੇਜਰੀਵਾਲ ਪੰਜਾਬ ਮਾਡਲ ਲਾਂਚ ਕਰਨਗੇ। ਦਿੱਲੀ ਦੇ ਅੰਦਰ ਜੋ ਕੰਮ ਕੀਤੇ, ਉਨ੍ਹਾਂ ਨੂੰ ਪੰਜਾਬ ਦੇ ਸਿਸਟਮ ਦੇ ਹਿਸਾਬ ਨਾਲ ਇੱਥੇ ਲਾਗੂ ਕਰਾਂਗੇ। ਪੰਜਾਬ ਮਾਡਲ ਜੇਕਰ ਨਵਜੋਤ ਸਿੰਘ ਸਿੱਧੂ ਦਾ ਅਸਲੀ ਮਾਡਲ ਹੁੰਦਾ ਤਾਂ ਉਨ੍ਹਾਂ ਨੂੰ ਚੈਲੇਂਜ ਕਰਨਾ ਚਾਹਾਂਗਾ ਕਿ ਸਿੱਧੂ ਸਾਹਿਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਹਲਕੇ ਚਮਕੌਰ ਸਾਹਿਬ ’ਚ ਰੇਤਾ-ਬੱਜਰੀ ਦੀ ਮਾਈਨਿੰਗ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਹੀ ਸੀ, ਜਿਸ ਦਾ ਮੈਂ ਖੁਲਾਸਾ ਕੀਤਾ। ਸਿੱਧੂ ਸਾਹਿਬ ਨੇ ਹੁਣ ਤਕ ਉਸ ’ਤੇ ਇਕ ਸ਼ਬਦ ਨਹੀਂ ਬੋਲਿਆ। ਕੀ ਸਿੱਧੂ ਸਾਹਿਬ ਦੀ ਵੀ ਪਾਰਟਨਰਸ਼ਿਪ ਹੈ, ਨਵਜੋਤ ਸਿੰਘ ਸਿੱਧੂ ਸਾਹਿਬ ਦਾ ਵੀ ਕੀ 8-10 ਫੀਸਦੀ ਸ਼ੇਅਰ ਹੈ? ਮੁੱਖ ਮੰਤਰੀ ਦੇ ਆਪਣੇ ਹਲਕੇ ’ਚ ਰੇਤਾ-ਬੱਜਰੀ ਦੀ ਮਾਈਨਿੰਗ ਚੱਲ ਰਹੀ ਹੈ ਪਰ ਮੁੱਖ ਮੰਤਰੀ ਇਸ ’ਤੇ ਚੁੱਪ ਹਨ।
ਚੰਡੀਗੜ੍ਹ ਦੀ ਜਿੱਤ ਪੰਜਾਬ ਚੋਣਾਂ ਲਈ ਕੀ ਸੰਕੇਤ ਲੈ ਕੇ ਆਈ ਹੈ?
ਚੰਡੀਗੜ੍ਹ ’ਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਸੀਟਾਂ ਮਿਲੀਆਂ ਹਨ। ਜੋ ਮੂਡ ਚੰਡੀਗੜ੍ਹ ਦਾ ਹੈ, ਉਹੀ ਪੰਜਾਬ ਦਾ ਵੀ ਹੈ। ਚੰਡੀਗੜ੍ਹ ਤਾਂ ਸਿਰਫ਼ ਇਕ ਟ੍ਰੇਲਰ ਹੈ, ਪੰਜਾਬ ਪੂਰੀ ਪਿਕਚਰ ਹੈ, ਜੋ ਅਜੇ ਬਾਕੀ ਹੈ।
ਨਵਜੋਤ ਸਿੰਘ ਸਿੱਧੂ ਆਮ ਆਦਮੀ ਪਾਰਟੀ ਲਈ ਕਿੰਨਾ ਵੱਡਾ ਖਤਰਾ ਹਨ?
ਅਜੇ ਇਹੀ ਨਹੀਂ ਪਤਾ ਕਿ ਕਾਂਗਰਸ ’ਚ ਕੌਣ ਕਿਸ-ਕਿਸ ਨਾਲ ਲੜ ਰਿਹਾ ਹੈ। ਮੇਰਾ ਇਹ ਮੰਨਣਾ ਹੈ ਕਿ ਪੰਜਾਬ ’ਚ ਕਾਂਗਰਸ ਖਤਮ ਹੋ ਗਈ ਹੈ। ਇਕ-ਇਕ ਕਰ ਕੇ ਉਸ ਦੇ ਵਿਧਾਇਕ ਉਸ ਨੂੰ ਛੱਡ ਕੇ ਜਾ ਰਹੇ ਹਨ। ਚੋਣਾਂ ਆਉਂਦੇ-ਆਉਂਦੇ ਉਸ ਕੋਲ 2-4 ਵਿਧਾਇਕ ਹੀ ਰਹਿ ਜਾਣਗੇ, ਬਾਕੀ ਸਭ ਚਲੇ ਜਾਣਗੇ। ਕਾਂਗਰਸ ਨੂੰ ਵਿਰੋਧੀ ਧਿਰ ਦੀ ਜ਼ਰੂਰਤ ਨਹੀਂ ਹੈ, ਉਹ ਆਪਣੇ ਆਪ ’ਚ ਵਿਰੋਧੀ ਧਿਰ ਹਨ। ਨਵਜੋਤ ਸਿੰਘ ਸਿੱਧੂ ਦੀ ਕਈ ਸਾਲਾਂ ਦੀ ਸਿਆਸਤ ਸਿਰਫ਼ ਸੱਤਾ ਹਾਸਲ ਕਰਨ ਦੀ ਰਹੀ ਹੈ।
ਇਸ ਵਾਰ ਪੰਜਾਬ ਚੋਣਾਂ ’ਚ ਕਿੰਨੇ ਕੋਣੀ ਮੁਕਾਬਲਾ ਹੈ?
ਇਸ ਵਾਰ ਕੁਝ ਸੀਟਾਂ ’ਤੇ ਆਮ ਆਦਮੀ ਪਾਰਟੀ ਬਨਾਮ ਕਾਂਗਰਸ ਦੀ ਫਾਈਟ ਹੈ ਅਤੇ ਥੋੜ੍ਹੀਆਂ ਜਿਹੀਆਂ ਸੀਟਾਂ ’ਤੇ ਆਮ ਆਦਮੀ ਪਾਰਟੀ ਬਨਾਮ ਅਕਾਲੀ ਦਲ ਦੀ ਫਾਈਟ ਹੈ। ਬਾਕੀ ਕਿਸੇ ਪਾਰਟੀ ਦਾ ਪੰਜਾਬ ਚੋਣਾਂ ’ਚ ਦਬਦਬਾ ਨਹੀਂ ਹੈ। ਸਰਵੇ ਇਕ ਹੀ ਚੀਜ਼ ਦਿਖਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਬਹੁਮਤ ਦੀ ਗਿਣਤੀ ਛੂਹ ਰਹੀ ਹੈ। ਇਹ ਨਿਊਜ਼ ਚੈਨਲ ਦੇ ਸਰਵੇ ਹਨ, ਸਾਡੇ ਤਾਂ ਇਸ ਤੋਂ ਵੀ ਅੱਗੇ ਜਾ ਰਹੇ ਹਨ। ਪੰਜਾਬ ’ਚ ਬਦਲਾਅ ਦਾ ਮੂਡ ਹੈ। ਹੁਣ ਲੋਕ ਰਿਵਾਇਤੀ ਪਾਰਟੀ ਨਹੀਂ ਚਾਹੁੰਦੇ, ਉਹ ਇਕ ਮੌਕਾ ਕੇਜਰੀਵਾਲ ਨੂੰ ਦੇਣਾ ਚਾਹੁੰਦੇ ਹਨ। ਇਸ ਲਈ ਪੂਰਾ ਪੰਜਾਬ ਇਸ ਵਾਰ ਦਿਲ ਖੋਲ੍ਹ ਕੇ ਕਹਿ ਰਿਹਾ ਹੈ ਕਿ ‘ਕੇਜਰੀਵਾਲ-ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ’।
ਇਹ ਵੀ ਪੜ੍ਹੋ- ਤੂਰਾਂ ਨਹਿਰ ਪੁਲ 'ਤੇ ਦੋ ਵਾਹਨਾਂ ਦੀ ਸਿੱਧੀ ਤੇ ਭਿਆਨਕ ਟੱਕਰ, 4 ਗੰਭੀਰ ਜਖ਼ਮੀ
ਖੇਤੀ-ਕਿਸਾਨੀ ਲਈ ‘ਆਪ’ ਨੇ ਕੀ ਸੋਚਿਆ ਹੈ?
ਕਿਸਾਨਾਂ ਲਈ ਕੇਜਰੀਵਾਲ ਦੀ ਇਕ ਹੋਰ ਗਾਰੰਟੀ ਆ ਰਹੀ ਹੈ। ਅਸੀਂ ਕਿਸਾਨਾਂ ਅਤੇ ਖੇਤੀ ਲਈ ਬਹੁਤ ਵੱਡਾ ਕੰਮ ਕਰਾਂਗੇ। ਕਿਸਾਨ, ਜੋ ਦੇਸ਼ ਦੀ ਸ਼ਾਨ ਸੀ, ਉਸ ਨੂੰ ਉਹੀ ਸਨਮਾਨ ਮਿਲਣਾ ਚਾਹੀਦਾ ਹੈ, ਜੋ ਪਹਿਲਾਂ ਮਿਲਦਾ ਸੀ। ਕਿਸਾਨਾਂ ਨੂੰ ਕਰਜ਼ੇ ਤੋਂ ਲੈ ਕੇ ਮੁਆਵਜ਼ੇ, ਐੱਮ. ਐੱਸ. ਪੀ. ਤੋਂ ਲੈ ਕੇ ਬਿਜਲੀ-ਪਾਣੀ ਦੇ ਬਿੱਲਾਂ ਤਕ ਜੱਦੋ-ਜਹਿਦ ਕਰਨੀ ਪੈਂਦੀ ਹੈ। ਇਸ ਸਭ ਤੋਂ ਕਿਸਾਨ ਨੂੰ ਉਭਾਰਨ ਲਈ ਕੇਜਰੀਵਾਲ ਗਾਰੰਟੀ ਦੇਣ ਆ ਰਹੇ ਹਨ। ਨਸ਼ੇ ਦੇ ਮਾਮਲੇ ’ਚ ਵੀ ਆਉਣ ਵਾਲੇ ਸਮੇਂ ’ਚ ਗਾਰੰਟੀ ਦਿੱਤੀ ਜਾਵੇਗੀ, ਇਸ ਲਈ ਥੋੜਾ ਇੰਤਜ਼ਾਰ ਕਰਨਾ ਪਏਗਾ।
ਭਾਜਪਾ ਦੇ ਗਠਜੋੜ ਨਾਲ ਆਮ ਆਦਮੀ ਪਾਰਟੀ ਕਿਵੇਂ ਲੜੇਗੀ?
ਭਾਜਪਾ ਦਾ ਗਠਜੋੜ ਨਾਨ-ਸਟਾਰਟਰ ਹੈ। ਇਨ੍ਹਾਂ ਦੀ ਪੰਜਾਬ ਦੀ ਸਿਆਸਤ ’ਚ ਦੂਰ-ਦੂਰ ਤਕ ਕੋਈ ਜ਼ਮੀਨ ਨਹੀਂ ਹੈ। ਇਨ੍ਹਾਂ ਨੂੰ ਪੰਜਾਬ ’ਚ ਇਕ ਵੀ ਸੀਟ ਮਿਲਣ ਵਾਲੀ ਨਹੀਂ ਹੈ। ਕੀ ਪੰਜਾਬ ਦੇ ਲੋਕ ਉਸ ਭਾਜਪਾ ਨੂੰ ਭੁਲਾ ਦੇਣਗੇ, ਜਿਸ ਨੇ 750 ਤੋਂ ਜ਼ਿਆਦਾ ਕਿਸਾਨਾਂ ਦੀ ਸ਼ਹਾਦਤ ਲਈ। ਕੀ ਉਸ ਭਾਜਪਾ ਨੂੰ ਭੁਲਾ ਦੇਣਗੇ, ਜਿਸ ਨੇ ਇਕ ਸਾਲ ਬਜ਼ੁਰਗਾਂ ਨੂੰ ਖੁੱਲ੍ਹੇ ਅਸਮਾਨ ਹੇਠਾਂ ਸੌਣ ਲਈ ਮਜਬੂਰ ਕਰ ਦਿੱਤਾ। ਇਨ੍ਹਾਂ ਸਭ ਚੀਜ਼ਾਂ ਕਾਰਨ ਲੋਕ ਭਾਜਪਾ ਤੋਂ ਇੰਨੀ ਨਫ਼ਰਤ ਕਰਦੇ ਹਨ ਕਿ ਉਸਦੇ ਨੇਤਾ ਪੰਜਾਬ ਅੰਦਰ ਚੋਣ ਅਭਿਆਨ ਤਕ ਨਹੀਂ ਚਲਾ ਪਾਉਂਦੇ? ਸਮਾਂ ਹੀ ਦੱਸੇਗਾ ਕਿ ਮਹੌਲ ਕਿੰਨਾ ਬਦਲ ਗਿਆ ਹੈ। ਮੈਂ ਠੋਕ-ਵਜਾ ਕੇ ਕਹਿ ਰਿਹਾ ਹਾਂ ਕਿ ਭਾਜਪਾ ਗੱਠਜੋੜ ਨੂੰ ਇਕ ਵੀ ਸੀਟ ਨਹੀਂ ਮਿਲੇਗੀ।
ਅਕਾਲੀ ਦਲ ਦੀ ਤਿਆਰੀ ‘ਆਪ’ ਨੂੰ ਕਿੰਨੀ ਚੁਣੌਤੀ ਲੱਗ ਰਹੀ ਹੈ?
ਅਕਾਲੀ ਦਲ ਅਜਿਹੀ ਸਥਿਤੀ ’ਚ ਹੈ ਕਿ ਨਾ ਉਹ 3 ’ਚ ਹੈ, ਨਾ ਹੀ 13 ’ਚ। ਅਕਾਲੀ ਦਲ ਪੂਰੇ ਪੰਜਾਬ ’ਚ ਆਪਣੇ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ। ਇਕ ਅਜਿਹੀ ਪਾਰਟੀ, ਜਿਸ ਦਾ ਇਤਿਹਾਸ ਕੁਰਬਾਨੀਆਂ ਦਾ ਰਿਹਾ ਹੈ, ਹੁਣ ਉਸ ’ਤੇ ਨਸ਼ੇ ਤੋਂ ਲੈ ਕੇ ਬੇਅਦਬੀ ਤਕ ਸੰਗੀਨ ਇਲਜ਼ਾਮ ਹਨ। ਪੰਜਾਬ ਦਾ ਬੱਚਾ-ਬੱਚਾ ਅਕਾਲੀ ਦਲ ਦੀ ਅਸਲੀਅਤ ਜਾਣਦਾ ਹੈ। ਮੇਰਾ ਮੰਨਣਾ ਹੈ ਕਿ ਅਕਾਲੀ ਦਲ ਇਸ ਫਾਈਟ ਵਿਚ ਦੂਰ-ਦੂਰ ਤਕ ਨਹੀਂ ਹੈ। ਪੰਜਾਬ ਦੇ ਲੋਕ ਅਕਾਲੀ ਦਲ ਤੋਂ ਨਫ਼ਰਤ ਕਰਦੇ ਹਨ।
ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ?
ਆਮ ਆਦਮੀ ਪਾਰਟੀ 3 ਚੌਥਾਈ ਬਹੁਮਤ ਦੇ ਨਾਲ ਸਰਕਾਰ ਬਣਾਏਗੀ। ਬਹੁਮਤ ਦੇ ਅੰਕੜੇ ਤੋਂ ਜ਼ਿਆਦਾ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲਣਗੀਆਂ। ਹਿੰਦੁਸਤਾਨ ਦੀ ਆਵਾਮ ਕਲੀਅਰ ਮੈਂਡੇਟ ਦਿੰਦੀ ਹੈ। ਬੰਗਾਲ ਅਤੇ ਦਿੱਲੀ ਦੀ ਜਨਤਾ ਨੇ ਜਿਸ ਤਰ੍ਹਾਂ ਕਲੀਅਰ ਮੈਂਡੇਟ ਦਿੱਤਾ ਹੈ, ਪੰਜਾਬ ਦੀ ਆਵਾਮ ਨੇ ਵੀ ਮੂਡ ਬਣਾ ਲਿਆ ਹੈ ਕਿ ਇਕ ਵਾਰ ਕੇਜਰੀਵਾਲ ਨੂੰ ਵੇਖ ਲੈਂਦੇ ਹਾਂ। ਕਲੀਅਰ ਮੈਂਡੇਟ ਆਵੇਗਾ, ਅਜਿਹਾ ਮੇਰਾ ਵਿਸ਼ਵਾਸ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਪਹੁੰਚਿਆ ਓਮੀਕ੍ਰੋਨ ਵੇਰੀਐਂਟ, ਪੂਰੇ ਦੇਸ਼ ’ਚ 781 ਮਾਮਲੇ
NEXT STORY