ਗੁਰਦਾਸਪੁਰ (ਹਰਮਨਪ੍ਰੀਤ ਸਿੰਘ) - ਵਿਧਾਨ ਸਭਾ ਹਲਕਾ ਗੁਰਦਾਸਪੁਰ ਅੰਦਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪ੍ਰਬੰਧਾਂ ਹੇਠ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਦੇ ਹੱਕ 'ਚ ਦਰਜਨ ਦੇ ਕਰੀਬ ਚੋਣ ਮੀਟਿੰਗਾਂ ਹੋਈਆਂ।
ਇਸ ਤਹਿਤ ਪਿੰਡ ਬਾਜੇਚੱਕ, ਭੁੰਬਲੀ, ਲੱਖੋਵਾਲ, ਭਾਗੋਕਾਵਾਂ, ਹਯਾਤਨਗਰ, ਹੱਲਾ, ਬਾਬੋਵਾਲ ਅਤੇ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ 'ਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕਰ ਕੇ ਪੰਜਾਬ ਦੀ ਖੁਸ਼ਹਾਲੀ ਲਈ ਸੁਨੀਲ ਜਾਖੜ ਨੂੰ ਜਿਤਾਉਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਵਿਧਾਇਕ ਬਲਬੀਰ ਸਿੰਘ ਸਿੱਧੂ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਚੇਅਰਮੈਨ ਗੁਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਸੁਸ਼ੀਲ ਮਹਾਜਨ, ਅਜੈ ਵਰਮਾ, ਬਲਜੀਤ ਸਿੰਘ ਪਾਹੜਾ, ਰਾਜੂ ਘਰਾਲਾ, ਬਘੇਲ ਸਿੰਘ ਬਾਹੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਹਾਜ਼ਰ ਸਨ।
ਵਿਧਾਇਕ ਬਰਿੰਦਰਮੀਤ ਪਾਹੜਾ ਵੱਲੋਂ ਹਲਕੇ ਦੀਆਂ ਮੰਗਾਂ ਉਠਾਉਣ ਸਬੰਧੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਵਾਅਦਾ ਕਰਦੇ ਹਨ ਕਿ ਹਲਕੇ ਦੇ ਵਿਕਾਸ ਕਾਰਜਾਂ ਲਈ ਉਹ ਪੈਸਿਆਂ ਦੀ ਕੋਈ ਕਮੀ ਨਹੀਂ ਆਉਣ ਦੇਣਗੇ। ਸ. ਬਾਦਲ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਦਾ ਸਾਥ ਦੇ ਕੇ ਸੁਨੀਲ ਜਾਖੜ ਨੂੰ ਜਿਤਾਉਣ ਅਤੇ ਉਹ ਕਦੇ ਗੁਰਦਾਸਪੁਰ ਵਾਸੀਆਂ ਦੀ ਪਿੱਠ ਨਹੀਂ ਲੱਗਣ ਦੇਣਗੇ। ਉਨ੍ਹਾਂ ਕਿਹਾ ਕਿ ਅੱਜ ਗਰੀਬੀ, ਨਸ਼ਾਖੋਰੀ, ਬੇਕਾਰੀ, ਰਿਸ਼ਵਤਖੋਰੀ ਵਰਗੀਆਂ ਅਲਾਮਤਾਂ ਪੰਜਾਬ ਦੀਆਂ ਅਸਲ ਦੁਸ਼ਮਣ ਹਨ, ਜਿਨ੍ਹਾਂ ਨੂੰ ਹਰ ਹਾਲਤ 'ਚ ਉਹ ਖ਼ਤਮ ਕਰ ਕੇ ਰਹਿਣਗੇ। ਕਾਂਗਰਸ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲ ਦੇਖਣਾ ਚਾਹੁੰਦੀ ਹੈ, ਜੋ ਇਥੋਂ ਦੇ ਹਰ ਨੌਜਵਾਨ ਦੇ ਹੱਥਾਂ 'ਚ ਡਿਗਰੀਆਂ ਤੇ ਰੋਜ਼ਗਾਰ ਦੇਖਣ ਤੋਂ ਇਲਾਵਾ ਹਰੇਕ ਵਰਗ ਨੂੰ ਖੁਸ਼ਹਾਲ ਬਣਾਉਣ ਦਾ ਨਿਸ਼ਾਨਾ ਲੈ ਕੇ ਚੱਲ ਰਹੀ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜਲਦ ਉਹ ਇਸ ਵਿਚ ਕਾਮਯਾਬ ਹੋਣਗੇ।
ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸੁਨੀਲ ਜਾਖੜ ਨੂੰ ਜਿੰਨੀ ਵੱਡੀ ਲੀਡ ਨਾਲ ਜਿਤਾਉਣਗੇ, ਉਹ ਇਸ ਹਲਕੇ ਦਾ ਵਿਕਾਸ ਵੀ ਓਨੇ ਜ਼ਿਆਦਾ ਉਤਸ਼ਾਹ ਨਾਲ ਕਰਵਾਉਣਗੇ।
ਰਾਣੀਆਂ ਦੀ ਤਰ੍ਹਾਂ ਰਹਿਣ ਵਾਲੀ ਹਨੀਪ੍ਰੀਤ ਦੀ ਇਸ ਤਰ੍ਹਾਂ ਬੀਤੀ ਜੇਲ 'ਚ ਪਹਿਲੀ ਰਾਤ
NEXT STORY