ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ) - ਪੰਜਾਬ 'ਚ ਲਗਾਤਾਰ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਆ ਰਹੀ ਗਿਰਾਵਟ ਕਰ ਕੇ ਹਾਲਾਤ ਇਸ ਕਦਰ ਤਰਸਯੋਗ ਹੋ ਰਹੇ ਹਨ ਕਿ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਾ ਸਕਦਾ ਹੈ। ਪੰਜਾਬ ਸਰਕਾਰ, ਖੇਤੀਬਾੜੀ ਯੂਨੀਵਰਸਿਟੀ ਸਮੇਤ ਹੋਰ ਸੰਸਥਾਵਾਂ ਵੱਲੋਂ ਕੀਤੇ ਗਏ ਸਰਵੇਖਣ 'ਚ ਇਹ ਸਾਹਮਣੇ ਆਇਆ ਹੈ ਕਿ ਪਾਣੀ ਬਚਾਉਣ ਲਈ ਜੇਕਰ ਸੂਬੇ ਦੇ ਹਰ ਵਿਅਕਤੀ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਅਦਾ ਨਾ ਕੀਤੀ ਤਾਂ ਪੰਜਾਬ ਬੂੰਦ-ਬੂੰਦ ਪਾਣੀ ਨੂੰ ਵੀ ਤਰਸ ਜਾਵੇਗਾ। ਚਾਹੇ ਧਰਤੀ ਹੇਠਲੇ ਪਾਣੀ ਦੀ ਬਿਨਾਂ ਜ਼ਰੂਰਤ ਹੁੰਦੇ ਜ਼ਿਆਦਾ ਪ੍ਰਯੋਗ ਸਮੇਤ ਹੋਰ ਕਾਰਨਾਂ ਨੂੰ ਵੀ ਧਰਤੀ ਹੇਠਲੇ ਪਾਣੀ ਦਾ ਡੂੰਘਾ ਹੋਣ ਲਈ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਪਰ ਅਸਲੀਅਤ ਇਹ ਹੈ ਕਿ ਜਦੋਂ ਪੰਜਾਬ 'ਚ 1966 ਦੇ ਦਿਨਾਂ ਤੋਂ ਹਰੀ ਕ੍ਰਾਂਤੀ ਆਈ ਹੈ ਅਤੇ ਉਸ ਤਹਿਤ ਲੱਗ ਰਹੀ ਝੋਨੇ ਦੀ ਫਸਲ ਵਿਚ ਲਗਾਤਾਰ ਪਾਣੀ ਖੜ੍ਹਾ ਕਰਨ ਦੇ ਚੱਕਰ 'ਚ ਧਰਤੀ ਹੇਠਲਾ ਪਾਣੀ ਸਭ ਤੋਂ ਜ਼ਿਆਦਾ ਬਾਹਰ ਕੱਢਿਆ ਜਾ ਰਿਹਾ ਹੈ।
ਕਿਸਾਨਾਂ ਦੇ ਕੋਲ ਸਾਉਣੀ ਦੇ ਸੀਜ਼ਨ ਦੌਰਾਨ ਝੋਨੇ ਦੀ ਫਸਲ ਦੇ ਬਿਨਾਂ ਹੋਰ ਕੋਈ ਫਾਇਦੇਮੰਦ ਫਸਲ ਨਾ ਹੋਣ ਕਾਰਨ ਪੰਜਾਬ ਵਿਚ ਸਭ ਤੋਂ ਜ਼ਿਆਦਾ ਝੋਨੇ ਦੀ ਕਾਸ਼ਤ ਹੀ ਕੀਤੀ ਜਾਂਦੀ ਹੈ ਅਤੇ ਝੋਨਾ ਪਾਲਣ ਲਈ ਪੰਜਾਬ 'ਚ ਲੱਗਦੀ 14 ਲੱਖ ਦੇ ਲਗਭਗ ਮੋਟਰਾਂ ਨੇ ਧਰਤੀ ਹੇਠਲੇ ਪਾਣੀ ਨੂੰ ਇੰਨਾ ਵੱਡੇ ਪੱਧਰ 'ਤੇ ਬਾਹਰ ਕੱਢਿਆ ਹੈ ਕਿ ਪੰਜਾਬ 'ਚ ਪਾਣੀ ਦਾ ਪੱਧਰ ਬੇਹੱਦ ਹੇਠਾਂ ਚਲਾ ਗਿਆ ਹੈ। ਪਾਣੀ ਡੂੰਘਾ ਹੋਣ ਕਾਰਨ ਇਕ ਹੋਰ ਸਮੱਸਿਆ ਪਾਣੀ ਦੇ ਪ੍ਰਦੂਸ਼ਣ ਹੋਣ ਦੀ ਬਣ ਗਈ ਹੈ ਅਤੇ ਹੁਣ ਪੀਣ ਵਾਲੇ ਪਾਣੀ ਲਈ 400-500 ਫੁੱਟ 'ਤੇ ਬੋਰ ਕਰਨੇ ਪੈ ਰਹੇ ਹਨ। ਦੂਸਰੇ ਪਾਸੇ ਪਾਣੀ ਬਚਾਉਣ ਲਈ ਚਾਹੇ ਸੂਬੇ ਭਰ 'ਚ ਨਗਰ ਨਿਗਮਾਂ ਅਤੇ ਕੌਂਸਲਾਂ ਨੇ ਸਖਤ ਬਣੇ ਕਾਨੂੰਨਾਂ ਦੀ ਪਾਲਣਾ ਕਰਨੀ ਕੁਝ ਸਮਾਂ ਪਹਿਲਾਂ ਸ਼ੁਰੂ ਤਾਂ ਕੀਤੀ ਸੀ ਪਰ ਇਨ੍ਹਾਂ ਯੋਜਨਾਵਾਂ ਦਾ ਅਜੇ ਤੱਕ ਪੂਰਾ ਲਾਭ ਦਿਖਾਈ ਨਹੀਂ ਦੇ ਰਿਹਾ। ਨਿਗਮਾਂ ਵੱਲੋਂ ਇਹ ਨਿਯਮ ਲਿਆਂਦਾ ਗਿਆ ਸੀ ਕਿ ਕੋਈ ਵੀ ਨਕਸ਼ਾ ਪਾਸ ਕਰਨ ਲਈ ਪਾਣੀ ਰਿਚਾਰਜ ਬੋਰਵੈੱਲ ਬਣਨਗੇ। ਇਸ ਤਹਿਤ ਘਰਾਂ ਤੋਂ ਇਲਾਵਾ ਨਿਗਮ ਵੱਲੋਂ ਸ਼ਹਿਰਾਂ ਦੇ ਵੱਖ-ਵੱਖ ਸਥਾਨਾਂ 'ਤੇ ਖੜ੍ਹਦੇ ਮੀਂਹ ਦੇ ਪਾਣੀ ਦੀ ਸੰਭਾਲ ਲਈ ਵੀ ਰਿਚਾਰਜ ਬੋਰਵੈੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਮੋਗਾ ਸ਼ਹਿਰ ਦੇ ਟੈਂਕੀ ਵਾਲੀ ਗਲੀ ਦੇ ਇਲਾਕੇ ਵਿਚ ਬੋਰ ਤਾਂ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਰਿਚਾਰਜ ਬੋਰਵੈੱਲ ਨੇ ਆਪਣਾ ਕੰਮ ਸ਼ੁਰੂ ਨਹੀਂ ਕੀਤਾ ਹੈ।
ਸਾਫ ਪਾਣੀ ਨਾਲ ਗੱਡੀਆਂ ਧੋਣ 'ਤੇ ਲਾਈ ਪਾਬੰਦੀ ਉਪਰ ਵੀ ਨਹੀਂ ਹੋਈ ਢੁੱਕਵੀਂ ਕਾਰਵਾਈ
ਕੁਝ ਸਮਾਂ ਪਹਿਲਾਂ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਮੋਗਾ ਨੇ ਸ਼ਹਿਰ 'ਚ ਸਾਫ ਪਾਣੀ ਦੀ ਵਾਸ਼ਿੰਗ (ਧੁਲਾਈ) ਕਰਦੇ ਡਿੱਗ ਮਾਲਕਾਂ ਅਤੇ ਘਰਾਂ ਨੂੰ ਧੋਣ ਲਈ ਲੋਕਾਂ ਵੱਲੋਂ ਖਰਾਬ ਕੀਤੇ ਜਾ ਰਹੇ ਪਾਣੀ ਵਿਰੁੱਧ ਜੁਰਮਾਨਾ ਕਰਨ ਦੀ ਵਿਵਸਥਾ ਤਾਂ ਸ਼ੁਰੂ ਕੀਤੀ ਗਈ ਸੀ ਪਰ ਕੁਝ ਸਮੇਂ ਬਾਅਦ ਹੀ ਇਸ ਪ੍ਰਕਿਰਿਆ ਨੂੰ ਲਗਾਤਾਰ ਜਾਰੀ ਨਹੀਂ ਰੱਖਿਆ ਗਿਆ। ਨਿਗਮ ਨੇ ਲੋਕਾਂ ਨੂੰ ਇਹ ਦਲੀਲ ਵੀ ਦਿੱਤੀ ਸੀ ਕਿ ਘਰਾਂ ਨੂੰ ਧੋਣ ਦੀ ਬਜਾਏ ਪੋਚਾ ਲਾਇਆ ਜਾਵੇ ਪਰ ਫਿਰ ਵੀ ਜਗ੍ਹਾ-ਜਗ੍ਹਾ 'ਤੇ ਪਾਣੀ ਦੀ ਹੋ ਰਹੀ ਬਰਬਾਦੀ ਬੇਰੋਕ ਜਾਰੀ ਹੈ। ਇਹੀ ਨਹੀਂ, ਕਈ ਪਿੰਡਾਂ ਵਿਚ ਤਾਂ ਜਲ ਘਰਾਂ ਦੀਆਂ ਟੈਂਕੀਆਂ 'ਚੋਂ ਨਿਕਲਦੇ ਪਾਈਪ ਵੀ ਲੀਕ ਹਨ, ਜਿਸ ਕਾਰਨ ਇਸ ਨਾਲ ਵੀ ਸ਼ੁੱਧ ਪਾਣੀ ਦੀ ਬਰਬਾਦੀ ਹੁੰਦੀ ਰਹਿੰਦੀ ਹੈ। ਨਕਸ਼ੇ ਪਾਸ ਕਰਵਾਉਣ ਲਈ ਵੀ ਰਿਚਾਰਜ ਬੋਰਵੈਲ ਬਣਨ ਦੀ ਪ੍ਰਕਿਰਿਆ ਹੈ ਪਰ ਫਿਰ ਵੀ ਨਿਯਮਾਂ ਨੂੰ ਕਿਤੇ ਨਾ ਕਿਤੇ ਅਣਦੇਖਾ ਕੀਤਾ ਜਾਂਦਾ ਹੈ।
ਸਕੂਲ ਜਾ ਰਹੀ ਵਿਦਿਆਰਥਣ ਨੂੰ ਕੀਤਾ ਸੀ ਅਗਵਾ, ਰਾਹ 'ਚ ਕਾਰ ਬੰਦ ਹੋਣ 'ਤੇ ਲੋਕਾਂ ਅਗਵਾਕਾਰਾਂ ਨੂੰ ਚਾੜ੍ਹਿਆ ਕੁਟਾਪਾ
NEXT STORY