ਲੁਧਿਆਣਾ (ਸਲੂਜਾ) : ਸਿਊਂਕ ਨਾਲ ਸ਼ਾਇਦ ਹੀ ਕੋਈ ਘਰ ਜਾਂ ਬਾਗ ਜਾਂ ਨਰਸਰੀ ਬਚੀ ਹੋਵੇ। ਇਹ ਇਕ ਅਜਿਹਾ ਕੀੜਾ ਹੈ, ਜੋ ਬਿਨਾਂ ਕਿਸੇ ਆਵਾਜ਼ ਦੇ ਹੌਲੀ-ਹੌਲੀ ਪੌਦਿਆਂ ਨੂੰ ਅਤੇ ਲੱਕੜੀ ਨਾਲ ਬਣੀਆਂ ਆਈਟਮਾਂ ਨੂੰ ਖੋਖਲਾ ਕਰ ਕੇ ਤਬਾਹ ਕਰ ਦਿੰਦਾ ਹੈ। ਇਸ ਤੋਂ ਬਚਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ 'ਚ ਤਾਇਨਾਤ ਡਾ. ਸੰਦੀਪ ਸਿੰਘ ਸਹਾਇਕ ਕੀਟ ਵਿਗਿਆਨੀ ਨੇ ਮਿੱਟੀ ਦੇ ਘੜੇ ਤੋਂ ਇਕ ਵਿਸ਼ੇਸ਼ ਕਿਸਮ ਦਾ ਟ੍ਰੈਪ ਤਿਆਰ ਕੀਤਾ ਹੈ, ਜੋ ਕਿ ਚਰਚਾ ਵਿਚ ਹੈ।
ਸਿਊਂਕ ਦੀਆਂ ਕਿਸਮਾਂ
ਡਾ. ਸੰਦੀਪ ਸਿੰਘ ਮੁਤਾਬਕ ਸਿਊਂਕ ਦੇ ਰੂਪ 'ਚ ਕੀੜਿਆਂ ਦੀਆਂ ਕਿਸਮਾਂ ਰਾਣੀ, ਰਾਜਾ, ਸਿਪਾਹੀ ਅਤੇ ਕਾਮਾ ਹੈ, ਜੋ ਕਿ ਵੱਡੇ ਸਮੂਹਿਕ ਨਿਵਾਸਾਂ 'ਚ ਰਹਿੰਦੇ ਹਨ। ਇਨ੍ਹਾਂ ਨੂੰ ਵਿਰਮੀਆਂ, ਸਿਊਂਕ ਘਰ ਜਾਂ ਟਰਮੀਟੇਰੀਆ ਵੀ ਕਿਹਾ ਜਾਂਦਾ ਹੈ। ਵਿਰਮੀਆਂ ਜ਼ਮੀਨ ਦੇ ਉੱਪਰ ਅਤੇ ਹੇਠਾਂ ਦੋਵਾਂ ਥਾਵਾਂ 'ਤੇ ਮਾਰ ਕਰਦਾ ਹੈ। ਸਿਰਫ ਕਾਮਾ ਸ਼੍ਰੇਣੀ ਹੀ ਪੌਦਿਆਂ ਦੀਆਂ ਜੜ੍ਹਾਂ ਅਤੇ ਉੱਪਰ ਦੇ ਹਿੱਸੇ ਨੂੰ ਖਾ ਕੇ ਨੁਕਸਾਨ ਪਹੁੰਚਾਉਂਦੇ ਹਨ।
ਸਿਊਂਕ ਦੇ ਹਮਲੇ ਦਾ ਸਮਾਂ
ਮਿਲੀ ਜਾਣਕਾਰੀ ਅਨੁਸਾਰ ਪੰਜਾਬ 'ਚ ਸਿਊਂਕ ਦੇ ਹਮਲੇ ਦਾ ਮੁੱਖ ਸਮਾਂ ਅਪ੍ਰੈਲ ਤੋਂ ਜੂਨ ਅਤੇ ਸਤੰਬਰ ਤੋਂ ਅਕਤੂਬਰ ਹੁੰਦਾ ਹੈ।
ਟ੍ਰੈਪ ਨੂੰ ਕਿਵੇਂ ਕੀਤਾ ਤਿਆਰ
ਪੀ. ਏ. ਯੂ. ਦੇ ਇਸ ਵਿਗਿਆਨੀ ਨੇ ਦੱਸਿਆ ਕਿ ਸਿਊਂਕ ਦੀ ਰੋਕਥਾਮ ਲਈ ਉਨ੍ਹਾਂ ਨੇ 13 ਇੰਚ ਵਾਲੇ ਘੜੇ ਲਏ ਅਤੇ ਇਸ 'ਚ 24 ਸੁਰਾਖ ਕੀਤੇ। ਇਨ੍ਹਾਂ ਨੂੰ ਮੱਕੀ ਦੇ ਗੁੱਲਿਆਂ ਨਾਲ ਭਰ ਦਿੱਤਾ।
ਟ੍ਰੈਪ ਕਿਵੇਂ ਕਰੇਗਾ ਕੰਮ
ਇਸ ਘੜੇਨੁਮਾ ਟ੍ਰੈਪ ਨੂੰ ਅਪ੍ਰੈਲ ਦੇ ਪਹਿਲੇ ਹਫਤੇ ਅਤੇ ਫਿਰ ਸਤੰਬਰ ਦੇ ਪਹਿਲੇ ਹਫਤੇ ਦੌਰਾਨ ਫਲਾਂ ਵਾਲੇ ਬਾਗ ਵਿਚ ਮਿੱਟੀ ਦੇ ਹੇਠਾਂ ਦਬਾਅ ਦਿਉ। ਦਬਾਉਣ ਵੇਲੇ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਘੜਿਆਂ ਦੇ ਮੂੰਹ ਵਾਲਾ ਪਾਸਾ ਜ਼ਮੀਨ ਦੀ ਸੱਤਾ ਤੋਂ ਕੁੱਝ ਉੱਪਰ ਹੋਵੇ ਅਤੇ ਉਸ ਨੂੰ ਚੱਪਣ ਨਾਲ ਢੱਕ ਦਿਉ। 20 ਦਿਨਾਂ ਦੇ ਬਾਅਦ ਘੜੇ ਨੂੰ ਬਾਹਰ ਕੱਢਣ 'ਤੇ ਤੁਹਾਨੂੰ ਘੜੇ ਅੰਦਰ ਸਿਊਂਕ ਇਕੱਠੀ ਹੋਈ ਮਿਲੇਗੀ, ਸਿਊਂਕ ਨੂੰ ਕੁੱਝ ਤੁਪਕੇ ਡੀਜ਼ਲ ਪਾਣੀ 'ਚ ਮਿਲਾ ਕੇ ਖਤਮ ਕਰ ਦਿਓ। ਡਾ. ਸੰਦੀਪ ਸਿੰਘ ਦਾ ਕਹਿਣਾ ਹੈ ਕਿ ਤੁਸੀਂ ਪ੍ਰਤੀ ਏਕੜ ਸਿਊਂਕ ਦੀ ਰੋਕਥਾਮ ਲਈ 14 ਘੜਿਆਂ ਦੀ ਵਰਤੋਂ ਕਰ ਸਕਦੇ ਹੋ। ਇਸ ਪ੍ਰਕਿਰਿਆ ਨਾਲ ਕਿਸਾਨ ਨੂੰ ਯਕੀਨਣ ਤੌਰ 'ਤੇ ਸਿਊਂਕ ਤੋਂ ਨਿਯਾਤ ਮਿਲੇਗੀ ਅਤੇ ਇਸ ਦੇ ਨਾਲ ਹੀ ਆਰਥਿਕ ਤੌਰ 'ਤੇ ਵੀ ਲਾਭ ਹੋਵੇਗਾ।
ਅਕਾਲੀ ਦਲ ਨੂੰ ਝਟਕਾ : ਨਗਰ ਕੌਂਸਲ ਭੋਗਪੁਰ ਦੇ ਸਾਬਕਾ ਪ੍ਰਧਾਨ ਕਾਂਗਰਸ ਪਾਰਟੀ 'ਚ ਸ਼ਾਮਿਲ
NEXT STORY