ਹਲਵਾਰਾ (ਲਾਡੀ) : ਜਲੰਧਰ ਅਤੇ ਅੰਮ੍ਰਿਤਸਰ ਵਿਚ ਹੋਏ ਆਈਈਡੀ ਧਮਾਕਿਆਂ ਤੋਂ ਬਾਅਦ ਭਾਰਤੀ ਹਵਾਈ ਫੌਜ ਦੇ ਮਹੱਤਵਪੂਰਨ ਕੇਂਦਰ ਹਲਵਾਰਾ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦਿਹਾਤੀ ਪੁਲਸ ਵੱਲੋਂ ਹਵਾਈ ਫੌਜ ਕੇਂਦਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵਿਸ਼ੇਸ਼ ਨਾਕਾਬੰਦੀ ਅਤੇ ਚੌਕਸੀ ਮੁਹਿੰਮ ਚਲਾਈ ਜਾ ਰਹੀ ਹੈ। ਵੀਰਵਾਰ ਦੇਰ ਰਾਤ ਕਰੀਬ 10 ਵਜੇ ਐੱਸਐੱਸਪੀ ਡਾ. ਅੰਕੁਰ ਗੁਪਤਾ ਖੁਦ ਨਾਕਾਬੰਦੀ ਦੌਰਾਨ ਮੌਕੇ 'ਤੇ ਪਹੁੰਚੇ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਦੌਰਾਨ ਹਰ ਆਉਣ-ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ। ਹਵਾਈ ਫੌਜ ਕੇਂਦਰ ਦੇ ਮੁੱਖ ਦਰਵਾਜ਼ੇ ਦੇ ਬਾਹਰ ਅਤੇ ਲੁਧਿਆਣਾ-ਬਠਿੰਡਾ ਰਾਸ਼ਟਰੀ ਮਾਰਗ ਉੱਤੇ ਦਰਜਨਾਂ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਹੋ ਗਿਆ ਵੱਡਾ ਐਲਾਨ, 11 ਮਈ ਨੂੰ ਲੈ ਕੇ ਜਾਰੀ ਹੋਏ ਹੁਕਮ
ਪੁਲਸ ਵੱਲੋਂ ਕਸਬਾ ਸੁਧਾਰ, ਹਲਵਾਰਾ ਅਤੇ ਨੇੜਲੇ ਪਿੰਡਾਂ ਵਿਚ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਹੂਟਰ ਵਜਾਉਂਦੀਆਂ ਸੁਰੱਖਿਆ ਗੱਡੀਆਂ ਰਾਤ ਭਰ ਪੈਟਰੋਲਿੰਗ ਕਰਦੀਆਂ ਨਜ਼ਰ ਆਈਆਂ। ਦਿਹਾਤੀ ਪੁਲਸ ਦੇ ਵੱਖ-ਵੱਖ ਥਾਣਿਆਂ ਅਤੇ ਚੌਕੀਆਂ ਤੋਂ ਆਏ ਅਧਿਕਾਰੀ ਅਤੇ ਜਵਾਨ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਮੁਸਤੈਦੀ ਨਾਲ ਡਿਊਟੀ ਨਿਭਾਅ ਰਹੇ ਹਨ। ਸੂਤਰਾਂ ਅਨੁਸਾਰ ਸਿਵਲ ਕੱਪੜਿਆਂ ਵਿਚ ਖੁਫੀਆ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਹਰ ਗਤੀਵਿਧੀ ਉੱਤੇ ਨਿਗਰਾਨੀ ਕਰ ਰਹੇ ਹਨ। ਇਲਾਕੇ ਵਿਚ ਮੌਜੂਦ ਹਰ ਸ਼ੱਕੀ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉਸ ਦੀ ਮੌਜੂਦਗੀ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਵਿਚ ਇਨ੍ਹਾਂ ਤਾਰੀਖਾਂ ਨੂੰ ਹੋ ਸਕਦਾ ਹੈ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ
ਗੌਰਤਲਬ ਹੈ ਕਿ ਹਲਵਾਰਾ ਹਵਾਈ ਫੌਜ ਕੇਂਦਰ ਭਾਰਤ ਦੇ ਮਹੱਤਵਪੂਰਨ ਲੜਾਕੂ ਜਹਾਜ਼ਾਂ ਦੇ ਬੇਸਾਂ ਵਿਚੋਂ ਇਕ ਹੈ। ਇੱਥੇ ਪਹਿਲਾਂ ਹੀ ਤਿੰਨ-ਪੱਧਰੀ ਸੁਰੱਖਿਆ ਪ੍ਰਣਾਲੀ ਲਾਗੂ ਹੈ, ਜਿਸ ਕਾਰਨ ਕੇਂਦਰ ਦੇ ਅੰਦਰ ਸੁਰੱਖਿਆ ਦੇ ਕੜੇ ਪ੍ਰਬੰਧ ਹਨ। ਇਸ ਦੇ ਬਾਵਜੂਦ ਕਿਸੇ ਵੀ ਸੰਭਾਵਿਤ ਖ਼ਤਰੇ ਨੂੰ ਦੇਖਦਿਆਂ ਸਟੇਸ਼ਨ ਦੇ ਬਾਹਰੀ ਇਲਾਕਿਆਂ, ਰਾਸ਼ਟਰੀ ਮਾਰਗਾਂ ਅਤੇ ਲਿੰਕ ਸੜਕਾਂ ਉੱਤੇ ਸਿਵਲ ਪੁਲਸ ਦੀ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਗਈ ਹੈ। ਐੱਸਐੱਸਪੀ ਡਾ. ਅੰਕੁਰ ਗੁਪਤਾ ਤੋਂ ਇਲਾਵਾ ਦਿਹਾਤੀ ਪੁਲਸ ਦੇ ਹੋਰ ਸੀਨੀਅਰ ਅਧਿਕਾਰੀ ਵੀ ਵੱਖ-ਵੱਖ ਪੁਆਇੰਟਾਂ ਉੱਤੇ ਲੱਗੀਆਂ ਨਾਕਾਬੰਦੀਆਂ ਦੀ ਸਮੀਖਿਆ ਕਰ ਰਹੇ ਹਨ। ਪੁਲਸ ਵੱਲੋਂ ਹਵਾਈ ਫੌਜ ਕੇਂਦਰ ਦੇ ਚਾਰੋਂ ਪਾਸੇ ਬਣੀਆਂ ਮਜ਼ਾਰਾਂ, ਸਰਕਾਰੀ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਉੱਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਲੋਡ ਤੋਂ ਵੱਧ ਬਿਜਲੀ ਵਰਤਣ ਵਾਲਿਆਂ 'ਤੇ ਹੋਵੇਗੀ ਕਾਰਵਾਈ, PSPCL ਨੇ ਜਾਰੀ ਕੀਤੇ ਸਖ਼ਤ ਹੁਕਮ
ਇਸ ਤੋਂ ਇਲਾਵਾ ਇਲਾਕੇ ਦੀਆਂ ਪਿੰਡ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਕਰੀਬ ਇਕ ਦਹਾਕਾ ਪਹਿਲਾਂ ਹਲਵਾਰਾ ਹਵਾਈ ਫੌਜ ਕੇਂਦਰ ਵਿਖੇ ਫੌਜ ਦੇ ਸੀਵੀ ਗੋਲੇ ਇੰਡੋਰ ਆਡੀਟੋਰੀਅਮ ਦੇ ਬਾਹਰ ਖੜ੍ਹੀ ਇਕ ਮਾਰੂਤੀ ਕਾਰ ਵਿਚ ਆਈਈਡੀ ਬੰਬ ਲਗਾਇਆ ਗਿਆ ਸੀ, ਜਿਸ ਨੂੰ ਸੁਰੱਖਿਆ ਏਜੰਸੀਆਂ ਨੇ ਸਮੇਂ ਸਿਰ ਡਿਫਿਊਜ਼ ਕਰਕੇ ਵੱਡਾ ਹਾਦਸਾ ਟਾਲ ਦਿੱਤਾ ਸੀ। ਇਸ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਸਮੇਂ ਦੌਰਾਨ ਸੁਰੱਖਿਆ ਏਜੰਸੀਆਂ ਵੱਲੋਂ ਕੋਈ ਵੀ ਢਿੱਲ ਨਹੀਂ ਛੱਡੀ ਜਾ ਰਹੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਲਈ ਹੁਕਮ ਜਾਰੀ
NEXT STORY