ਚੰਡੀਗੜ੍ਹ (ਵਰੁਣ) : ਇੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਜਿਸ 'ਚ ਬਜਟ ਦੀਆਂ ਤਰੀਕਾਂ ਦਾ ਐਲਾਨ ਕੀਤਾ ਗਿਆ। ਇਸ ਐਲਾਨ ਮੁਤਾਬਕ ਪੰਜਾਬ ਦਾ ਬਜਟ ਸੈਸ਼ਨ 12 ਫਰਵਰੀ ਤੋਂ 21 ਫਰਵਰੀ ਤੱਕ ਹੋਵੇਗਾ, ਜਦੋਂ ਕਿ 18 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ ਅਤੇ ਇਸ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੇਸ਼ ਕਰਨਗੇ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਰਾਜਪਾਲ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ 15ਵੀਂ ਪੰਜਾਬ ਵਿਧਾਨ ਸਭਾ ਦੇ 7ਵੇਂ ਸੈਸ਼ਨ ਦੇ ਆਯੋਜਨ ਦਾ ਅਧਿਕਾਰ ਦਿੱਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਬਜਟ ਸੈਸ਼ਨ 12 ਫਰਵਰੀ ਨੂੰ 11 ਵਜੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ, ਜਿਸ ਤੋਂ ਬਾਅਦ ਉਸੇ ਦਿਨ ਦੁਪਹਿਰ ਨੂੰ 2 ਵਜੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ। 13 ਫਰਵਰੀ ਨੂੰ ਸਵੇਰੇ 10 ਵਜੇ ਗੈਰ-ਸਰਕਾਰੀ ਕੰਮਕਾਜ ਹੋਵੇਗਾ। 15 ਫਰਵਰੀ ਨੂੰ ਸਵੇਰੇ 10 ਵਜੇ ਰਾਜਪਾਲ ਦੇ ਭਾਸ਼ਣ ਦੇ ਧੰਨਵਾਦ ਪ੍ਰਸਤਾਵ ਪੇਸ਼ ਹੋਵੇਗਾ, ਜਿਸ ਤੋਂ ਬਾਅਦ ਭਾਸ਼ਣ 'ਤੇ ਬਹਿਸ ਆਰੰਭ ਹੋਵੇਗੀ, ਜੋ ਪੂਰਾ ਦਿਨ ਚੱਲੇਗੀ।
18 ਫਰਵਰੀ ਨੂੰ ਸਾਲ 2018-19 ਲਈ ਗ੍ਰਾਂਟਾਂ ਲਈ ਅਨੁਪੂਰਕ ਮੰਗਾਂ ਤੇ ਸਾਲ 2019-20 ਲਈ ਬਜਟ ਅਨੁਮਾਨ ਸਦਨ ਅੱਗੇ ਪੇਸ਼ ਕੀਤੇ ਜਾਣਗੇ। 20 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਬਜਟ ਅਨੁਮਾਨਾਂ 'ਤੇ ਆਮ ਬਹਿਸ ਸ਼ੁਰੂ ਹੋਵੇਗੀ। 21 ਫਰਵਰੀ ਸਵੇਰੇ 10 ਵਜੇ ਗੈਰ ਸਰਕਾਰੀ ਕੰਮਕਾਜ ਹੋਵੇਗਾ, ਜਿਸ ਤੋਂ ਬਾਅਦ ਬਜਟ ਅਨੁਮਾਨ ਦੀਆਂ ਮੰਗਾਂ 'ਤੇ ਬਹਿਸ 'ਤੇ ਵੋਟਿੰਗ ਹੋਵੇਗੀ।
'ਵਿਦੇਸ਼ਾਂ ਤੋਂ ਹੋ ਰਹੀ ਟਕਸਾਲੀ ਲੀਡਰਾਂ ਨੂੰ ਫੰਡਿੰਗ'
NEXT STORY