ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) : ਪੰਜਾਬ ਮੰਤਰੀ ਮੰਡਲ 'ਚ ਸ਼ਾਮਲ ਹੋਏ ਨਵੇਂ ਮੰਤਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ। ਮਾਨ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਸਾਰੇ ਮੰਤਰੀਆਂ ਦੇ ਪੋਰਟਫੋਲੀਓ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕਈ ਅਹਿਮ ਵਿਭਾਗ ਹਨ, ਜਿਨ੍ਹਾਂ ਦੀ ਵੰਡ ਕੀਤੀ ਜਾਵੇਗੀ। ਇਸ ਵੰਡ ਤੋਂ ਬਾਅਦ ਮੰਤਰੀਆਂ ਨੂੰ ਜੋ ਵੀ ਮਹਿਕਮੇ ਦਿੱਤੇ ਜਾਣਗੇ, ਜੇਕਰ ਉਸ ਨਾਲ ਕਿਸੇ ਦੀ ਜ਼ਿੰਦਗੀ ਬਦਲਦੀ ਹੈ ਤਾਂ ਇਸ ਤੋਂ ਬਿਹਤਰ ਕੁੱਝ ਨਹੀਂ ਤੇ ਇਹ ਸਭ ਪੂਰੀ ਈਮਾਨਦਾਰੀ ਤੇ ਪਾਰਦਰਸ਼ਿਤਾ ਨਾਲ ਹੋਵੇਗਾ। ਮਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਸਾਰੇ ਵਿਧਾਇਕ ਹੀਰੇ ਦੀ ਤਰ੍ਹਾਂ ਹਨ, ਕੋਈ ਵੀ ਕਿਸੇ ਤੋਂ ਘੱਟ ਨਹੀਂ ਹੈ ਪਰ ਜ਼ਿੰਮੇਵਾਰੀਆਂ ਸਮੇਂ-ਸਮੇਂ ’ਤੇ ਮਿਲਣਗੀਆਂ। ਸਾਰਿਆਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਕਿਉਂਕਿ ਪੰਜਾਬ ਦੀ ਜਨਤਾ ਨੇ ਇਨ੍ਹਾਂ ਵਿਧਾਇਕਾਂ ਨੂੰ ਬੜੀਆਂ ਉਮੀਦਾਂ ਦੇ ਨਾਲ ਜਿੱਤ ਦਿਵਾ ਕੇ ਭੇਜਿਆ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਅੱਜ ਹਾਲਤ ਬੇਹੱਦ ਤਰਸਯੋਗ ਹੈ, ਜਿਸ ਲਈ ਕਾਫ਼ੀ ਕੰਮ ਕਰਨ ਦੀ ਲੋੜ ਹੈ। ਸੂਬੇ 'ਚ ਕਈ ਅਜਿਹੇ ਘਪਲੇ ਹੋਏ ਹਨ, ਜੋ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਸਭ ਦਾ ਖ਼ੁਲਾਸਾ ਵੀ ਜਲਦੀ ਹੀ ਕੀਤਾ ਜਾਵੇਗਾ। ਮਾਨ ਨੇ ਇਕ ਵਾਰ ਫਿਰ ਦੁਹਰਾਇਆ ਕਿ ਪੰਜਾਬ ਵਾਸੀਆਂ ਦੀ ਇਕ-ਇਕ ਪਾਈ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਨਵੇਂ ਮੰਤਰੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ’ਤੇ ਖਰ੍ਹੇ ਉਤਰਨਗੇ, ਆਪਣੀ ਜ਼ਿੰਮੇਵਾਰੀ ਪੰਜਾਬ ਤੇ ਪੰਜਾਬੀਆਂ ਪ੍ਰਤੀ ਪੂਰੀ ਤਨਦੇਹੀ ਤੇ ਦ੍ਰਿੜਤਾ ਨਾਲ ਨਿਭਾਉਣਗੇ। ਨਵੀਂ ਸ਼ੁਰੂਆਤ ਲਈ ਸਾਰਿਆਂ ਨੂੰ ਦਿਲੋਂ ਸ਼ੁਭਕਾਮਨਾਵਾਂ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਿਕਰਮ ਮਜੀਠੀਆ' ਨੂੰ ਹਾਈਕੋਰਟ ਦਾ ਵੱਡਾ ਝਟਕਾ, ਅਦਾਲਤ ਨੇ ਸੁਣਵਾਈ ਤੋਂ ਕੀਤਾ ਇਨਕਾਰ
ਤਨਦੇਹੀ ਨਾਲ ਨਿਭਾਵਾਂਗਾ ਜ਼ਿੰਮੇਵਾਰੀ : ਅਮਨ ਅਰੋੜਾ
ਉਧਰ, ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਆਦ ਅਮਨ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੂੰ ਜੋ ਵੀ ਕੰਮ ਦਿੱਤਾ ਜਾਵੇਗਾ, ਉਹ ਪੂਰੀ ਈਮਾਨਦਾਰੀ ਨਾਲ ਉਸ ਨੂੰ ਨਿਭਾਉਣਗੇ। ਅਰੋੜਾ ਨੇ ਇਹ ਵੀ ਕਿਹਾ ਕਿ ਜੋ ਵੀ ਪਾਰਟੀ ਨੇ ਦਿੱਤਾ ਹੈ, ਉਹ ਉਨ੍ਹਾਂ ਲਈ ਕਾਫ਼ੀ ਹੈ।
ਨੌਜਵਾਨਾਂ ਤੇ ਔਰਤਾਂ ਲਈ ਕਾਫ਼ੀ ਕੰਮ ਕਰਨ ਦੀ ਲੋੜ : ਅਨਮੋਲ ਗਗਨ ਮਾਨ
ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਉਹ ਪਾਰਟੀ ਦੇ ਧੰਨਵਾਦੀ ਹਨ ਕਿ ਇਕ ਔਰਤ ਨੂੰ ਮੰਤਰੀ ਬਣਾਇਆ ਹੈ। ਇਹ ਸਨਮਾਨ ਦੀ ਗੱਲ ਹੈ ਤੇ ਇਸ ਤੋਂ ਵੀ ਜ਼ਿਆਦਾ ਸਨਮਾਨ ਉਨ੍ਹਾਂ ਨੂੰ ਉਦੋਂ ਮਹਿਸੂਸ ਹੋਵੇਗਾ, ਜਦ ਉਹ ਕੰਮ ਕਰਦੇ ਦਿਖਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨੌਜਵਾਨ ਤੇ ਔਰਤਾਂ ਲਈ ਕਾਫ਼ੀ ਕੰਮ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਸਾਬਕਾ ਮੈਨੇਜਰ ਸ਼ਗਨਪ੍ਰੀਤ ਨੂੰ ਹਾਈਕੋਰਟ ਤੋਂ ਝਟਕਾ, ਅਦਾਲਤ ਨੇ ਦਿੱਤੇ ਇਹ ਹੁਕਮ
ਪੰਜਾਬ ਦੀ ਜਨਤਾ ਦਿਨ ਰਾਤ ਕੰਮ ਕਰਾਂਗਾ : ਜੌੜਾ ਮਾਜਰਾ
ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਹੀ ਸਨਮਾਨ ਦਿੱਤਾ ਹੈ। ਉਨ੍ਹਾਂ ਨੂੰ ਜੋ ਵੀ ਜ਼ਿੰਮੇਵਾਰੀ ਮਿਲੇਗੀ, ਉਹ ਈਮਾਨਦਾਰੀ ਨਾਲ ਨਿਭਾਉਣਗੇ। ਜੌੜਾ ਮਾਜਰਾ ਨੇ ਕਿਹਾ ਕਿ ਉਹ ਕੰਮ ਕਰਨ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਨ ਤੇ ਹੁਣ ਇਹ ਮੌਕਾ ਮਿਲਿਆ ਹੈ ਤਾਂ ਉਹ ਇਸ ਮੌਕੇ ਨਾਲ ਪੰਜਾਬ ਦੀ ਜਨਤਾ ਲਈ ਦਿਨ ਰਾਤ ਕੰਮ ਕਰਨਗੇ।
ਇਹ ਵੀ ਪੜ੍ਹੋ : ਭਿਆਨਕ ਗਰਮੀ ਦੌਰਾਨ 'ਚੰਡੀਗੜ੍ਹ' ਵਾਸੀਆਂ ਲਈ ਖ਼ੁਸ਼ਖ਼ਬਰੀ, ਹੁਣ ਨਹੀਂ ਲੱਗਣਗੇ ਲੰਬੇ ਬਿਜਲੀ ਕੱਟ
ਵਿਸ਼ੇਸ਼ ਵਿਭਾਗ ਮਹੱਤਵ ਨਹੀਂ ਰੱਖਦਾ : ਨਿੱਝਰ
ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਕਿ ਉਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦਾ ਦਿਲ ਤੋਂ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਲਈ ਕੋਈ ਵੀ ਵਿਸ਼ੇਸ਼ ਵਿਭਾਗ ਮਹੱਤਵ ਨਹੀਂ ਰੱਖਦਾ ਹੈ। ਪਾਰਟੀ ਜੋ ਵੀ ਕੰਮ ਸੌਂਪੇਗੀ, ਉਸ ਨੂੰ ਪੰਜਾਬ ਦੀ ਜਨਤਾ ਦੀ ਸੇਵਾ ਨੂੰ ਧਿਆਨ ਵਿਚ ਰੱਖਦਿਆਂ ਪੂਰਾ ਕਰਨਗੇ।
ਹਰ ਪਲ ਪੰਜਾਬ ਦੀ ਸੇਵਾ ’ਚ ਲਾਵਾਂਗਾ : ਸਰਾਰੀ
ਮੰਤਰੀ ਫੌਜਾ ਸਿੰਘ ਸਰਾਰੀ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਮੰਤਰੀ ਬਣਨਗੇ। ਅੱਜ ਉਹ ਮੰਤਰੀ ਬਣੇ ਹਨ, ਤਾਂ ਹਰ ਪਲ ਪੰਜਾਬ ਦੀ ਸੇਵਾ ਵਿਚ ਲਗਾਉਣਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਦੀਆਂ ਮੁਸ਼ਕਿਲਾਂ ਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਗਮ ਬਣਾਉਣ ਦਾ ਯਤਨ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਵੱਲੋਂ ਗਰੀਬਾਂ ਦੇ ਘਰਾਂ ਤੱਕ ਆਟਾ ਪਹੁੰਚਣ ਦੀ ਸਕੀਮ 'ਤੇ ਭਾਜਪਾ ਨੇ ਚੁੱਕੇ ਸਵਾਲ
NEXT STORY