ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ’ਚ ਮਚੇ ਘਮਾਸਾਨ ’ਤੇ ਗਠਿਤ ਤਿੰਨ ਮੈਂਬਰੀ ਕਮੇਟੀ ਬੁੱਧਵਾਰ ਨੂੰ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਸਕਦੀ ਹੈ। ਪਹਿਲਾਂ ਚਰਚਾ ਸੀ ਕਿ ਇਹ ਰਿਪੋਰਟ ਮੰਗਲਵਾਰ ਨੂੰ ਸੌਂਪੀ ਜਾਵੇਗੀ ਪਰ ਕਮੇਟੀ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਮਸ਼ਰੂਫ ਹੋਣ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਖੜਗੇ ਕਿਸੇ ਨਿੱਜੀ ਕਾਰਨ ਕਰ ਕੇ ਦਿੱਲੀ ਤੋਂ ਬਾਹਰ ਸਨ, ਇਸ ਲਈ ਰਿਪੋਰਟ ’ਤੇ ਚਰਚਾ ਨਹੀਂ ਹੋ ਸਕੀ। ਉੱਥੇ ਹੀ ਮੰਗਲਵਾਰ ਨੂੰ ਆਗੂਆਂ ਨੇ ਇਸ ਰਿਪੋਰਟ ’ਤੇ ਚਰਚਾ ਕੀਤੀ ਹੈ। ਤਿੰਨ ਮੈਂਬਰੀ ਕਮੇਟੀ ’ਚ ਸ਼ਾਮਲ ਜੇ. ਪੀ. ਅਗਰਵਾਲ ਸਮੇਤ ਕਮੇਟੀ ਮੈਂਬਰਾਂ ਨੇ ਗੰਭੀਰਤਾ ਨਾਲ ਸਾਰੇ ਮੁੱਦਿਆਂ ’ਤੇ ਡੂੰਘਾ ਮੰਥਨ ਕੀਤਾ। ਸੰਭਵ ਹੈ ਕਿ ਬੁੱਧਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਂਪ ਦਿੱਤੀ ਜਾਵੇ।
ਇਹ ਵੀ ਪੜ੍ਹੋ : 'ਫ਼ੌਜ' 'ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ਖ਼ਬਰੀ, 5 ਜ਼ਿਲ੍ਹਿਆਂ 'ਚ ਰਜਿਸਟ੍ਰੇਸ਼ਨ ਸ਼ੁਰੂ
ਪਰਦੇ ਦੇ ਪਿੱਛੇ ਰਾਹੁਲ ਗਾਂਧੀ ਸਰਗਰਮ, ਬਦਲਾਅ ਸੰਭਵ
ਉੱਧਰ, ਕਿਹਾ ਜਾ ਰਿਹਾ ਹੈ ਕਿ ਪਰਦੇ ਦੇ ਪਿੱਛੇ ਰਾਹੁਲ ਗਾਂਧੀ ਵੀ ਪੰਜਾਬ ’ਚ ਘਮਾਸਾਨ ਨੂੰ ਸ਼ਾਂਤ ਕਰਨ ਲਈ ਕਾਫ਼ੀ ਸਰਗਰਮ ਹਨ। ਉਨ੍ਹਾਂ ਨੇ ਪੰਜਾਬ ਦੇ ਕਈ ਆਗੂਆਂ ਨਾਲ ਸਿੱਧੀ ਗੱਲਬਾਤ ਵੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੇ ਆਗੂਆਂ ਨੂੰ ਵਿਰੋਧ ਦੀ ਚੰਗਿਆੜੀ ਨੂੰ ਹਵਾ ਦੇਣ ਦੀ ਥਾਂ 2022 ਦੀਆਂ ਵਿਧਾਨ ਸਭਾ ਚੋਣਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਗੱਲ ਕਹੀ ਹੈ। ਰਾਹੁਲ ਗਾਂਧੀ ਨੇ ਆਗੂਆਂ ਨੂੰ ਇਸ ਗੱਲ ਤੋਂ ਵੀ ਭਰੋਸਾ ਦਿੱਤਾ ਹੈ ਕਿ ਜੋ ਮੁੱਦੇ ਪੰਜਾਬ ਦੇ ਆਗੂਆਂ ਨੇ ਕਮੇਟੀ ਸਾਹਮਣੇ ਚੁੱਕੇ ਹਨ, ਉਨ੍ਹਾਂ ਨੂੰ ਪ੍ਰਮੁੱਖਤਾ ਨਾਲ ਹੱਲ ਕੀਤਾ ਜਾਵੇਗਾ। ਇਸ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁੜ ਗਠਨ ਵਿਚ ਕੁੱਝ ਆਗੂਆਂ ਨੂੰ ਅਹਿਮ ਜ਼ਿੰਮੇਵਾਰੀ ਦੇਣ ਸਮੇਤ ਪੰਜਾਬ ਮੰਤਰੀ ਮੰਡਲ ਵਿਚ ਬਦਲਾਅ ਦੀਆਂ ਕਾਫ਼ੀ ਸੰਭਾਵਨਾਵਾਂ ਹਨ।
ਇਹ ਵੀ ਪੜ੍ਹੋ : ਦਲਿਤ ਵਿਦਿਆਰਥੀਆਂ ਦੇ ਹੱਕ 'ਚ ਆਏ ਦੂਲੋ ਨੇ 'ਕੈਪਟਨ' ਨੂੰ ਲਿਖੀ ਚਿੱਠੀ, ਕੀਤੀ ਇਹ ਮੰਗ
ਨਵਜੋਤ ਸਿੱਧੂ ’ਤੇ ਦੁਚਿੱਤੀ ਬਰਕਰਾਰ, ਡੋਰ ਹਾਈਕਮਾਨ ਦੇ ਹੱਥ
ਬੇਸ਼ੱਕ ਤਿੰਨ ਮੈਂਬਰੀ ਕਮੇਟੀ ਲਗਾਤਾਰ ਰਿਪੋਰਟ ’ਤੇ ਮਹਾਮੰਥਨ ਕਰ ਰਹੀ ਹੈ ਪਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹਾਲੇ ਵੀ ਤਸਵੀਰ ਸਾਫ਼ ਨਹੀਂ ਹੋ ਸਕੀ ਹੈ। ਕਿਹਾ ਜਾ ਰਿਹਾ ਹੈ ਕਿ ਸਿੱਧੂ ’ਤੇ ਆਖ਼ਰੀ ਫ਼ੈਸਲਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ’ਤੇ ਛੱਡ ਦਿੱਤਾ ਗਿਆ ਹੈ। ਰਿਪੋਰਟ ਜਮ੍ਹਾਂ ਹੋਣ ਤੋਂ ਬਾਅਦ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਹੀ ਸਿੱਧੂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਹਾਲਾਂਕਿ ਸਿੱਧੂ ਦੇ ਕਰੀਬੀਆਂ ਦਾ ਦਾਅਵਾ ਹੈ ਕਿ ਸਿੱਧੂ ਨੂੰ ਛੇਤੀ ਹੀ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਇਸ ਤਹਿਤ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤਾਇਨਾਤ ਕੀਤਾ ਜਾ ਸਕਦਾ ਹੈ। ਉੱਧਰ, ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖੇਮੇ ਵਿਚ ਚਰਚਾ ਹੈ ਕਿ ਸਿੱਧੂ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਮਿਲੇਗੀ। ਮੌਜੂਦਾ ਸਮੇਂ ਵਿਚ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਪੱਖ ਹੀ ਭਾਰੀ ਰਹੇਗਾ ਅਤੇ ਸਿੱਧੂ ਨੂੰ ਭਵਿੱਖ ਦੇ ਨੇਤਾ ਦਾ ‘ਲਾਲੀਪਾਪ’ ਹੀ ਦਿੱਤਾ ਜਾਵੇਗਾ। ਜੇਕਰ ਕੁੱਝ ਸੰਭਵ ਹੈ ਤਾਂ ਇਹ ਕਿ ਮੁੱਖ ਮੰਤਰੀ ਇਸ ਗੱਲ ’ਤੇ ਰਾਜ਼ੀ ਹੋ ਜਾਣ ਕਿ ਜਿਸ ਮੰਤਰੀ ਅਹੁਦੇ ਨੂੰ ਛੱਡ ਕੇ ਸਿੱਧੂ ਗਏ ਸਨ, ਦੁਬਾਰਾ ਉਨ੍ਹਾਂ ਨੂੰ ਉਹ ਅਹੁਦਾ ਦੇ ਦਿੱਤਾ ਜਾਵੇ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਮੇਟੀ ਸਾਹਮਣੇ ਇਸ ਗੱਲ ਨੂੰ ਸਪੱਸ਼ਟ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਦੁਹਰਾਇਆ ਹੈ ਕਿ ਸਿੱਧੂ ਨੂੰ ਉਪ ਮੁੱਖ ਮੰਤਰੀ ਜਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਤਾਇਨਾਤ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਪਾਰਟੀ ’ਚ ਸਿੱਧੂ ਤੋਂ ਵੀ ਕਈ ਸੀਨੀਅਰ ਆਗੂ ਹਨ।
ਇਹ ਵੀ ਪੜ੍ਹੋ : ਦਰਦਨਾਕ : ਨਹਿਰ 'ਚ ਡੁੱਬਿਆ ਪਰਿਵਾਰ, ਲੋਕਾਂ ਨੇ ਛਾਲਾਂ ਮਾਰ ਮਾਂ-ਪੁੱਤ ਨੂੰ ਕੱਢਿਆ, ਤੇਜ਼ ਵਹਾਅ 'ਚ ਰੁੜ੍ਹਿਆ ਪਿਤਾ
ਪੰਜਾਬ ’ਚ ਸਿਆਸੀ ਸਰਗਰਮੀ ਬਰਕਰਾਰ, ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ, ਮੰਤਰੀ
ਕਮੇਟੀ ਦੀ ਰਿਪੋਰਟ ਅਤੇ ਹਾਈਕਮਾਨ ਦੇ ਫ਼ੈਸਲਾ ਦੀ ਉਡੀਕ ਵਿਚ ਪੰਜਾਬ ਵਿਚ ਸਿਆਸੀ ਸਰਗਰਮੀ ਜਾਰੀ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਸਾਂਸਦਾਂ ਅਤੇ ਕਈ ਕਾਂਗਰਸੀ ਆਗੂਆਂ ਨੇ ਮੁਲਾਕਾਤ ਕੀਤੀ। ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਡਿੰਪਾ ਨੇ ਵੀ ਮੰਗਲਵਾਰ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਮੁੱਖ ਮੰਤਰੀ ਨਾਲ ਸੰਸਦ ਮੈਂਬਰਾਂ ਦੀ ਮੁਲਾਕਾਤ ਦਾ ਤਸਵੀਰ ਸਾਂਝੀ ਕੀਤੀ। ਇਸ ਵਿਚ ਡਿੰਪਾ ਸੰਸਦ ਮੈਂਬਰ ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ ਸਮੇਤ ਮੰਤਰੀ ਰਾਣਾ ਗੁਰਮੀਤ ਸੋਢੀ ਮੁੱਖ ਮੰਤਰੀ ਨਾਲ ਮੁਲਾਕਾਤ ਦੌਰਾਨ ਮੌਜੂਦ ਵਿਖਾਈ ਦੇ ਰਹੇ ਹਨ। ਡਿੰਪਾ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਸਾਥੀ ਸੰਸਦ ਮੈਂਬਰਾਂ ਨਾਲ ਮੰਤਰੀ ਰਾਣਾ ਗੁਰਮੀਤ ਸਿੰਘ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ, ਜਿਸ ਵਿਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਸਬੰਧੀ ਚਰਚਾ ਕੀਤੀ ਗਈ। ਨਾਲ ਹੀ ਲੋਕਸਭਾ ਦੇ ਅਗਲੇ ਸੈਸ਼ਨ ਵਿਚ ਪੰਜਾਬ ਪ੍ਰਦੇਸ਼ ਦੇ ਨਾਲ ਕਿਸਾਨਾਂ ਦੇ ਮੁੱਦੇ ਅਤੇ ਕੋਰੋਨਾ ਮਹਾਮਾਰੀ ਸਬੰਧੀ ਕੇਂਦਰ ਸਰਕਾਰ ਦੀਆਂ ਅਸਫ਼ਲਤਾਵਾਂ ਨੂੰ ਪੁਰਜ਼ੋਰ ਤਰੀਕੇ ਨਾਲ ਚੁੱਕਣ ’ਤੇ ਗੱਲ ਹੋਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਪੁਰਤਗਾਲ ਲਈ ਮੰਗੇ 11.50 ਲੱਖ, ਭੇਜ ਦਿੱਤਾ ਸਾਊਥ ਅਫਰੀਕਾ
NEXT STORY