ਅੰਮ੍ਰਿਤਸਰ (ਸਰਬਜੀਤ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ ਆਗੂ ਤੇ ਵਰਕਰਾਂ ਦੀ ਮੀਟਿੰਗ ਕਾਂਗਰਸ ਦਿਹਾਤੀ ਦੇ ਦਫ਼ਤਰ ਵਿਖੇ ਵੱਡੇ ਪੱਧਰ 'ਤੇ ਹੋਈ। ਇਸ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਮੀਟਿੰਗ ਵਿਚ ਆਏ ਆਗੂਆਂ ਵੱਲੋਂ ਜਿੱਥੇ ਕਾਂਗਰਸੀ ਵਰਕਰਾਂ, ਸਾਬਕਾ ਕੌਂਸਲਰਾਂ ਅਤੇ ਵਾਰਡ ਪ੍ਰਧਾਨਾਂ ਦੇ ਸੁਝਾਅ ਲਏ ਗਏ।
ਸਾਰੇ ਵਿਧਾਨ ਸਭਾ ਹਲਕਿਆਂ ਵਿਚੋਂ ਦੋ-ਦੋ ਬੁਲਾਰਿਆਂ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਮਜੀਠਾ ਹਲਕੇ ਦੇ ਬਲਾਕ ਪ੍ਰਧਾਨ ਤੇ ਕੌਂਸਲਰ ਨਵਦੀਪ ਸਿੰਘ ਸੋਨਾ ਨੇ ਹਾਈਕਮਾਂਡ ਨੂੰ ਨਿਮਰਤਾ ਸਹਿਤ ਕਿਹਾ ਕਿ ਵੱਡੇ ਆਗੂਆਂ ਨੂੰ ਵੀ ਜ਼ਾਬਤੇ ਵਿਚ ਰਹਿਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਵਿਰੁੱਧ ਵੀ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ, ਦੇਵੇਂਦਰ ਯਾਦਵ ਵੱਲੋਂ ਆਮ ਆਦਮੀ ਨਾਲ ਸਮਝੌਤੇ ਬਾਰੇ ਪੁੱਛੇ ਜਾਣ 'ਤੇ ਵਰਕਰਾਂ ਨੇ ਦੋਵੇਂ ਬਾਹਵਾਂ ਖੜੀਆਂ ਕਰਕੇ ਇਸ ਦਾ ਵਿਰੋਧ ਕੀਤਾ ਕਿ ਕਿਸੇ ਵੀ ਕੀਮਤ 'ਤੇ ਸਮਝੌਤਾ ਮਨਜ਼ੂਰ ਨਹੀ ਕਰਾਂਗੇ।
ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਖਿੱਚੋਤਾਣ! ਪਾਰਟੀ 'ਚੋਂ ਮੁਅੱਤਲ ਕੀਤੇ ਗਏ ਸਿੱਧੂ ਧੜੇ ਦੇ ਆਗੂਆਂ ਨੇ ਰਾਜਾ ਵੜਿੰਗ ਨੂੰ ਪੁੱਛੇ ਤਿੱਖੇ ਸਵਾਲ
ਹਿੰਦੂ ਆਗੂ ਨੂੰ ਟਿਕਟ ਦੇਣ ਦੀ ਮੰਗ 'ਤੇ ਭੱਖ਼ਿਆ ਮਾਹੌਲ
ਮੀਟਿੰਗ ਦੌਰਾਨ ਬਾਰ-ਬਾਰ ਕਿਹਾ ਗਿਆ ਕਿ ਸਿਰਫ ਅਗਾਮੀ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਚੰਗੇ ਸੁਝਾਅ ਹੀ ਦਿੱਤੇ ਜਾਣ। ਪਰ ਸਥਿਤੀ ਉਸ ਵਕਤ ਭੱਖ਼ ਗਈ ਜਦ ਸਾਬਕਾ ਉੱਪ ਮੁੱਖ ਮੰਤਰੀ ਦੇ ਖਾਸਮਖਾਸ ਇਕ ਆਗੂ ਨੇ ਇਸ ਵਾਰ ਹਿੰਦੂ ਲੀਡਰ ਨੂੰ ਲੋਕ ਸਭਾ ਚੋਣ ਲੜਾਉਣ ਦੀਆਂ ਦਲੀਲਾਂ ਦੇਕੇ ਸਿਫਾਰਸ ਕਰ ਦਿੱਤੀ। ਬੱਸ ਫੇਰ ਉਸੇ ਵਕਤ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਅਟਾਰੀ ਹਲਕੇ ਦੇ ਇਕ ਸਮਰਥਕ ਜਿਸ ਨੂੰ ਕੁੱਝ ਦਿਨ ਪਹਿਲਾਂ ਪ੍ਰਦੇਸ਼ ਕਾਂਗਰਸ ਵੱਲੋਂ ਬਲਾਕ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਤੋ ਫ਼ਾਰਗ ਕੀਤਾ ਗਿਆ ਸੀ, ਨੇ ਸਾਥੀਆਂ ਸਮੇਤ ਸਟੇਜ 'ਤੇ ਬੈਠੀ ਲੀਡਰਸ਼ਿਪ ਜਿਸ ਵਿਚ ਇੰਚਾਰਜ ਦੇਵੇਂਦਰ ਯਾਦਵ ਤੇ ਹੋਰ ਆਗੂ ਵੀ ਸਨ, ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਜਾਣ-ਬੁੱਝਕੇ ਸਾਜ਼ਸ਼ ਤਹਿਤ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੀਟਿੰਗ ਕਾਂਗਰਸ ਵਰਕਰਾਂ ਦਾ ਸੁਝਾਅ ਜਾਨਣ ਦਾ ਤਾਂ ਸਿਰਫ ਇਕ ਬਹਾਨਾ ਹੈ, ਸੱਚ ਤਾਂ ਇਹ ਹੈ ਕਿ ਇਸ ਵਾਰ ਹਿੰਦੂ ਆਗੂ ਨੂੰ ਟਿਕਟ ਦਿੱਤੀ ਜਾਵੇ। ਇਸ ਨਾਲ ਇਕ ਵਾਰ ਤਾਂ ਸਾਰੇ ਪੰਡਾਲ ਵਿਚ ਮਾਯੂਸੀ ਛਾ ਗਈ, ਫਿਰ ਸਟੇਜ ਤੋਂ ਇਹ ਕਹਿਣਾ ਪਿਆ ਕਿ ਸਿਰਫ ਆਪਣੇ ਸੁਝਾਅ ਹੀ ਦਿਓ ਟਿਕਟ ਜਾਂ ਕਿਸੇ ਉਮੀਦਵਾਰ ਦੀ ਗੱਲ ਨਹੀ ਕਰਨੀ।
ਮੀਟਿੰਗ ਦੇ ਨਾਲ-ਨਾਲ ਬੋਰਡਾਂ 'ਚੋਂ ਵੀ 'ਗਾਇਬ' ਹੋਏ ਸਿੱਧੂ
ਇੱਥੇ ਇਹ ਵੀ ਦੱਸਣਯੋਗ ਹੈ ਕਿ ਵੱਡੇ ਦਿੱਗਜ ਕਾਂਗਰਸੀ ਆਗੂਆਂ ਦੀ ਮੀਟਿੰਗ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਜ਼ਰ ਨਹੀਂ ਆਏ ਇਥੋਂ ਤੱਕ ਕਿ ਹੋਰਡਿੰਗ ਬੋਰਡਾਂ ਵਿਚੋਂ ਵੀ ਉਨ੍ਹਾਂ ਦੀ ਤਸਵੀਰ ਗਾਇਬ ਹੀ ਦਿਖਾਈ ਦਿੱਤੀ। ਇਸ ਸਬੰਧੀ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਰਿਆਂ ਆਗੂਆਂ ਨੂੰ ਸੁਨੇਹਾ ਦਿੱਤਾ ਗਿਆ ਹੈ ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਇਸ ਮੀਟਿੰਗ ਪ੍ਰਤੀ ਸੁਨੇਹਾ ਦਿੱਤਾ ਹੈ। ਪਰ ਉਹ ਇੱਥੇ ਕਿਉਂ ਨਹੀਂ ਆਏ ਇਹ ਤਾਂ ਉਨ੍ਹਾਂ ਨੂੰ ਹੀ ਪਤਾ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਧੜੇ ਦੇ ਆਗੂਆਂ ਖ਼ਿਲਾਫ਼ ਕਾਰਵਾਈ ਮਗਰੋਂ ਮਾਲਵਿਕਾ ਸੂਦ ਦਾ ਬਿਆਨ, ਕਿਹਾ- "ਬਾਕੀਆਂ ਨੂੰ ਵੀ ਮਿਲੇਗਾ ਸਬਕ"
13 ਸੀਟਾਂ 'ਤੇ ਆਪਣੇ ਪੱਧਰ 'ਤੇ ਲੜੇਗੀ ਕਾਂਗਰਸ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਦਵਿੰਦਰ ਯਾਦਵ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਮਝੌਤੇ ਦਾ ਅਜੇ ਤੱਕ ਕੁਝ ਵੀ ਪੱਕਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ 13 ਦੀਆਂ 13 ਸੀਟਾਂ ਆਪਣੇ ਪੱਧਰ ਤੇ ਲੜੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਵੀ ਕੀਤੀ ਗੱਲ ਦਾ ਉਹ ਜਵਾਬ ਦੇਣਾ ਮੁਨਾਸਬ ਨਹੀਂ ਸਮਝਦੇ ਹਨ। ਹਾਂ ਜੇਕਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਈ ਗੱਲ ਕਰਨ ਤਾਂ ਉਹ ਜ਼ਰੂਰ ਸੋਚਣਗੇ, ਪਰ ਪੰਜਾਬ ਦੇ ਮੁੱਖ ਮੰਤਰੀ ਦੀਆਂ ਗੱਲਾਂ ਦੀ ਕੋਈ ਵੀ ਵੈਲਿਊ ਨਹੀਂ ਹੈ। ਇਸ ਮੌਕੇ ਓ. ਪੀ. ਸੋਨੀ, ਗੁਰਜੀਤ ਸਿੰਘ ਔਜਲਾ, ਰਾਜ ਕੁਮਾਰ ਵੇਰਕਾ, ਹਰਪਰਤਾਪ ਸਿੰਘ ਅਜਨਾਲਾ, ਭਗਵੰਤ ਪਾਲ ਸਿੰਘ ਸੱਚਰ , ਇੰਦਰਬੀਰ ਸਿੰਘ ਬੁਲਾਰੀਆ , ਅਸ਼ਵਨੀ ਪੱਪੂ , ਸੁੱਖਪਾਲ ਸਿੰਘ ਭੁੱਲਰ, ਤਰਸੇਮ ਸਿੰਘ ਸਿਆਲਕਾ, ਸੁਨੀਲ ਦੱਤੀ , ਦਿਲਰਾਜ ਸਰਕਾਰੀਆ, ਮਮਤਾ ਦੱਤਾ ਤੋਂ ਇਲਾਵਾ ਸਾਰੇ ਹੀ ਹਲਕਿਆਂ ਦੇ ਸਾਬਕਾ ਕੌਂਸਲਰ, ਵਾਰਡ ਪ੍ਰਧਾਨ,ਬਲਾਕ ਪ੍ਰਧਾਨ ਅਤੇ ਕਾਂਗਰਸੀ ਵਰਕਰ ਹਾਜ਼ਰ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤਬਾਦਲਿਆਂ ਦਾ ਦੌਰ ਜਾਰੀ, 10 IAS ਅਧਿਕਾਰੀਆਂ ਨੂੰ ਕੀਤਾ ਗਿਆ ਟ੍ਰਾਂਸਫਰ
NEXT STORY