ਜਲੰਧਰ (ਪੁਨੀਤ)– ਪੰਜਾਬ 'ਚ ਬਿਜਲੀ ਬਿੱਲਾਂ ਦੇ ਡਿਫਾਲਟਰਾਂ ਨਾਲ ਵਿਭਾਗ ਵੱਲੋਂ ਸਖਤੀ ਕੀਤੀ ਜਾ ਰਹੀ ਹੈ। ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰਨ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਜਲੰਧਰ ਸਰਕਲ ਦੀ ਗੱਲ ਕਰੀਏ ਤਾਂ ਇੱਥੋਂ ਦੇ ਬਿਜਲੀ ਖਪਤਕਾਰਾਂ ’ਤੇ 194.18 ਕਰੋੜ ਦੀ ਦੇਣਦਾਰੀ ਨੂੰ ਲੈ ਕੇ ਪਾਵਰਕਾਮ ਵੱਲੋਂ ਰਿਕਵਰੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਬੀਤੇ ਕੱਲ੍ਹ 300 ਤੋਂ ਵੱਧ ਬਿਜਲੀ ਕੁਨੈਕਸ਼ਨ ਕੱਟੇ ਗਏ ਅਤੇ 45 ਲੱਖ ਤੋਂ ਵੱਧ ਦੀ ਵਸੂਲੀ ਕੀਤੀ ਗਈ। ਵਿੱਤੀ ਸਾਲ ਦੀ ਕਲੋਜ਼ਿੰਗ ਨੂੰ ਲੈ ਕੇ ਮਾਰਚ ਮਹੀਨਾ ਖ਼ਤਮ ਹੋਣ ਵਿਚ ਸਿਰਫ 2 ਹਫਤੇ ਬਾਕੀ ਹਨ, ਜਿਸ ਕਾਰਨ ਵਿਭਾਗ ਨੇ ਸਖ਼ਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਦੇ ਕੁਨੈਕਸ਼ਨ ਕੱਟੇ ਜਾ ਰਹੇ ਹਨ। ਉਥੇ ਹੀ, ਵੱਧ ਬਕਾਇਆਂ ਵਾਲੇ ਇਲਾਕਿਆਂ ’ਚ ਲਾਊਡ ਸਪੀਕਰ ਜ਼ਰੀਏ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
ਨਾਰਥ ਜ਼ੋਨ ਦੇ ਹੈੱਡ ਚੀਫ ਇੰਜੀ. ਰਾਜੀਵ ਪਰਾਸ਼ਰ ਵੱਲੋਂ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿਚ ਸਖ਼ਤ ਹਦਾਇਤਾਂ ਦਿੰਦੇ ਹੋਏ ਰਿਕਵਰੀ ਤੇਜ਼ ਕਰਨ ਨੂੰ ਕਿਹਾ ਗਿਆ ਹੈ। ਇਸ ਮੀਟਿੰਗ ਵਿਚ ਸਰਕਲ ਹੈੱਡ ਇੰਜੀ. ਗੁਲਸ਼ਨ ਚੁਟਾਨੀ ਸਮੇਤ ਜਲੰਧਰ ਸਰਕਲ ਦੀਆਂ ਪੰਜਾਂ ਡਵੀਜ਼ਨਾਂ ਦੇ ਐਕਸੀਅਨ ਅਤੇ ਐੱਸ. ਡੀ. ਓ. ਸ਼ਾਮਲ ਰਹੇ। ਮੀਟਿੰਗ ਵਿਚ ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਮਹੀਨੇ ਵਿਚ ਹੁਣ ਤਕ ਕੁੱਲ 18 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾ ਚੁੱਕੀ ਹੈ।
ਇਸ ਕੜੀ ਤਹਿਤ ਬੀਤੇ ਕੱਲ੍ਹ ਜਲੰਧਰ ਵਿਚ ਪਾਵਰਕਾਮ ਦੀਆਂ 25 ਟੀਮਾਂ ਨੇ ਮੁਹਿੰਮ ਚਲਾਉਂਦੇ ਹੋਏ ਕਮਰਸ਼ੀਅਲ, ਇੰਡਸਟਰੀ ਦੇ ਨਾਲ-ਨਾਲ ਬਿੱਲ ਦੀਅਦਾਇਗੀ ਨਾ ਕਰਨ ਵਾਲੇ ਘਰੇਲੂ ਖਪਤਕਾਰਾਂ ਦੇ ਕੁਨੈਕਸ਼ਨ ਵੀ ਕੱਟੇ। ਅਧਿਕਾਰੀਆਂ ਨੇ ਦੱਸਿਆ ਕਿ ਘਰੇਲੂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਮੁਫਤ ਬਿਜਲੀ ਦੀ ਆੜ ਵਿਚ 300 ਯੂਨਿਟ ਤੋਂ ਵੱਧ ਬਿਜਲੀ ਦੀ ਵਰਤੋਂ ਕਰਨ ਵਾਲੇ ਖਪਤਕਾਰਾਂ ਵੱਲੋਂ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ ਸੀ। ਲਗਾਤਾਰ ਵਧ ਰਹੀ ਡਿਫਾਲਟਰ ਰਾਸ਼ੀ ਦੀ ਵਸੂਲੀ ਲਈ ਪਾਵਰਕਾਮ ਨੇ ਅੱਜ ਸਖ਼ਤੀ ਕਰਦੇ ਹੋਏ 300 ਕੁਨੈਕਸ਼ਨ ਕੱਟੇ ਹਨ।
ਹਾਲ ਹੀ ਵਿਚ ਜਲੰਧਰ ਸਰਕਲ ਦੇ ਸੁਪਰਿੰਟੈਂਡੈਂਟ ਇੰਜੀਨੀਅਰ ਦਾ ਚਾਰਜ ਸੰਭਾਲਣ ਵਾਲੇ ਇੰਜੀ. ਗੁਲਸ਼ਨ ਚੁਟਾਨੀ ਵੱਲੋਂ ਰਿਕਵਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਅੱਜ ਸਵੇਰੇ ਹੋਣ ਵਾਲੀ ਕਾਰਵਾਈ ਤੋਂ ਪਹਿਲਾਂ ਉਨ੍ਹਾਂ ਨੇ ਦਫਤਰ ਵਿਚ ਡਵੀਜ਼ਨ ਦੇ ਸਾਰੇ ਐਕਸੀਅਨਾਂ ਨੂੰ ਬੁਲਾ ਕੇ ਮੀਟਿੰਗ ਕੀਤੀ ਸੀ। ਇਸ ਦੌਰਾਨ ਸਾਰੀਆਂ ਡਵੀਜ਼ਨਾਂ ਅਧੀਨ 5-5 ਟੀਮਾਂ ਬਣਾਈਆਂ ਗਈਆਂ। ਇਸੇ ਕੜੀ ਤਹਿਤ ਅੱਜ ਸਵੇਰੇ ਚਲਾਈ ਗਈ ਵਿਸ਼ੇਸ਼ ਡਰਾਈਵ ਤਹਿਤ 5 ਡਵੀਜ਼ਨਾਂ ਵਿਚ 25 ਟੀਮਾਂ ਨੇ ਮੁਹਿੰਮ ਚਲਾਉਂਦੇ ਹੋਏ ਅੱਜ ਕੁੱਲ 45 ਲੱਖ ਦੀ ਰਿਕਵਰੀ ਕਰਦਿਆਂ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਿਆ। ਨਾਰਥ ਜ਼ੋਨ ਦੇ ਹੈੱਡ ਚੀਫ ਇੰਜੀ. ਰਾਜੀਵ ਪਰਾਸ਼ਰ ਨੇ ਕਿਹਾ ਕਿ ਲੰਮੇ ਸਮੇਂ ਤੋਂ ਅਦਾਇਗੀ ਨਾ ਕਰਨ ਵਾਲੇ ਖਪਤਕਾਰਾਂ ਖ਼ਿਲਾਫ਼ ਇਹ ਮੁਹਿੰਮ ਚਲਾਈ ਗਈ ਹੈ। ਮਾਰਚ ਖਤਮ ਹੋਣ ਤੋਂ ਪਹਿਲਾਂ ਵਧੇਰੇ ਰਿਕਵਰੀ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੇ ਲਈ ਸਮੇਂ-ਸਮੇਂ ’ਤੇ ਕਾਰਵਾਈ ਜਾਰੀ ਰਹੇਗੀ।
ਇਹ ਖ਼ਬਰ ਵੀ ਪੜ੍ਹੋ - ਲੱਗ ਗਈਆਂ ਮੌਜਾਂ! ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਉਥੇ ਹੀ, ਕਈ ਖਪਤਕਾਰਾਂ ਨੇ ਕੁਨੈਕਸ਼ਨ ਕੱਟੇ ਜਾਣ ਦੇ ਤੁਰੰਤ ਬਾਅਦ ਆਨਲਾਈਨ ਜ਼ਰੀਏ ਪੈਸੇ ਜਮ੍ਹਾ ਕਰਵਾ ਿਦੱਤੇ ਅਤੇ ਕੱਟਿਆ ਹੋਇਆ ਕੁਨੈਕਸ਼ਨ ਦੁਬਾਰਾ ਜੁੜਵਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਕਾਰਵਾਈ ਤੋਂ ਬਾਅਦ ਪੈਸੇ ਜਮ੍ਹਾ ਕਰਵਾਉਣ ਦੀ ਥਾਂ ’ਤੇ ਖਪਤਕਾਰਾਂ ਨੂੰ ਸਮੇਂ ’ਤੇ ਬਿੱਲ ਅਦਾ ਕਰਨਾ ਚਾਹੀਦਾ ਹੈ ਤਾਂ ਕਿ ਵਿਭਾਗ ਨੂੰ ਐਕਸ਼ਨ ਲੈਣ ਦੀ ਲੋੜ ਨਾ ਪਵੇ।
ਕਿਸ ਡਵੀਜ਼ਨ ’ਚ ਕਿੰਨੀ ਰਿਕਵਰੀ ਬਾਕੀ
ਲਿਸਟ ਮੁਤਾਬਕ ਕੁੱਲ 1.49 ਲੱਖ ਖਪਤਕਾਰਾਂ ਤੋਂ 194 ਕਰੋਡ਼ ਦੀ ਰਿਕਵਰੀ ਕੀਤੀ ਜਾਣੀ ਹੈ। ਇਸ ਵਿਚ ਈਸਟ ਡਵੀਜ਼ਨ ਦੇ 21537 ਖਪਤਕਾਰਾਂ ਤੋਂ 12.24 ਕਰੋੜ, ਕੈਂਟ ਦੇ 31517 ਖਪਤਕਾਰਾਂ ਤੋਂ 35.26 ਕਰੋੜ, ਮਾਡਲ ਟਾਊਨ ਦੇ 46114 ਖਪਤਕਾਰਾਂ ਤੋਂ 93.62 ਕਰੋੜ, ਵੈਸਟ ਦੇ 31109 ਖਪਤਕਾਰਾਂ ਤੋਂ 38.41 ਕਰੋੜ ਅਤੇ ਫਗਵਾੜਾ ਦੇ 18934 ਖਪਤਕਾਰਾਂ ਤੋਂ 14.64 ਕਰੋੜ ਤੋਂ ਵੱਧ ਦੀ ਰਿਕਵਰੀ ਕੀਤੀ ਜਾਣੀ ਹੈ।
25 ਹਜ਼ਾਰ ਬਕਾਇਆ ਵਾਲਿਆਂ ’ਤੇ ਕੱਸਿਆ ਜਾ ਰਿਹਾ ਸ਼ਿਕੰਜਾ
ਵਿਭਾਗ ਵੱਲੋਂ ਪਹਿਲੇ ਪੜਾਅ ਵਿਚ 1 ਲੱਖ ਤੋਂ ਵੱਧ ਬਕਾਏ ਵਾਲੇ ਬਿਜਲੀ ਖਪਤਕਾਰਾਂ ’ਤੇ ਨਿਸ਼ਾਨਾ ਕੱਸਿਆ ਜਾ ਰਿਹਾ ਸੀ, ਜਿਸ ਕਾਰਨ ਮਾਰਚ ਵਿਚ 1 ਲੱਖ ਤੋਂ ਵੱਧ ਵਾਲੇ ਡਿਫਾਲਟਰਾਂ ਤੋਂ 4.18 ਕਰੋੜ ਦੀ ਰਿਕਵਰੀ ਕੀਤੀ ਗਈ ਸੀ। ਇਸੇ ਸਿਲਸਿਲੇ ਵਿਚ ਹੁਣ 25 ਹਜ਼ਾਰ ਦੀ ਬਕਾਇਆ ਰਾਸ਼ੀ ਵਾਲੇ ਖਪਤਕਾਰਾਂ ’ਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਹੁਣ ਟੈਂਪਰੇਰੀ ਤੌਰ ’ਤੇ ਕੁਨੈਕਸ਼ਨ ਕੱਟਿਆ ਗਿਆ ਹੈ। ਜੇਕਰ ਬਿੱਲ ਦੀ ਅਦਾਇਗੀ ਵਿਚ ਦੇਰੀ ਹੋਈ ਤਾਂ ਪੱਕੇ ਤੌਰ ’ਤੇ ਡਿਸਕੁਨੈਕਸ਼ਨ ਕਰ ਦਿੱਤਾ ਜਾਵੇਗਾ। ਲਿਸਟ ਵਿਚ ਕਮਰਸ਼ੀਅਲ ਅਤੇ ਉਦਯੋਗਾਂ ਨਾਲ ਜੁੜੇ ਕੁਨੈਕਸ਼ਨਾਂ ਦੇ ਇਲਾਵਾ ਘਰੇਲੂ ਖਪਤਕਾਰਾਂ ਨੂੰ ਵੀ ਟਾਰਗੈੱਟ ’ਤੇ ਰੱਖਿਆ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - '24 ਮਾਰਚ ਤੋਂ ਪਹਿਲਾਂ ਨਿਬੇੜ ਲਓ ਇਹ ਕੰਮ...', ਪੰਜਾਬ ਸਰਕਾਰ ਨੇ ਜਾਰੀ ਕੀਤੇ ਸਖ਼ਤ ਹੁਕਮ
ਵੱਧ ਤੋਂ ਵੱਧ ਵਸੂਲੀ ਦਾ ਟਾਰਗੈੱਟ : ਇੰਜੀ. ਚੁਟਾਨੀ
ਸਰਕਲ ਹੈੱਡ ਅਤੇ ਸੁਪਰਿੰਟੈਂਡੈਂਟ ਇੰਜੀ. ਗੁਲਸ਼ਨ ਚੁਟਾਨੀ ਨੇ ਕਿਹਾ ਕਿ ਇਸ ਹਫਤੇ ਵਿਚ 5000 ਕੁਨੈਕਸ਼ਨਾਂ ਤੋਂ ਵਸੂਲੀ ਕਰਨ ਦਾ ਟਾਰਗੈੱਟ ਰੱਖਿਆ ਗਿਆ ਹੈ। ਜੋ ਖਪਤਕਾਰ ਲੰਮੇ ਸਮੇਂ ਤੋਂ ਅਦਾਇਗੀ ਨਹੀਂ ਕਰ ਰਹੇ, ਉਨ੍ਹਾਂ ਦੀਆਂ ਲਿਸਟਾਂ ਤਿਆਰ ਕਰਵਾਈਆਂ ਗਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਬੇਹੱਦ ਅਹਿਮ ਖ਼ਬਰ, ਵੱਡਾ ਬਦਲਾਅ ਕਰਨ ਜਾ ਰਹੀ ਮਾਨ ਸਰਕਾਰ
NEXT STORY