ਜਲੰਧਰ (ਪੁਨੀਤ)–ਸਰਕਾਰ ਵੱਲੋਂ ਪੰਜਾਬ ਵਿਚ ਘਰੇਲੂ ਬਿਜਲੀ ਖ਼ਪਤਕਾਰਾਂ ਨੂੰ ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। 2 ਮਹੀਨਿਆਂ ਦੇ ਬਿੱਲ ਸਰਕਲ ਵਿਚ ਜੇਕਰ ਖ਼ਪਤਕਾਰ ਦੀ 600 ਯੂਨਿਟ ਤੋਂ ਜ਼ਿਆਦਾ ਦੀ ਖ਼ਪਤ ਹੋਵੇਗੀ ਤਾਂ ਪੂਰੀ ਰਕਮ ਦਾ ਭੁਗਤਾਨ ਕਰਨਾ ਪਵੇਗਾ, ਜਦਕਿ 600 ਯੂਨਿਟ ਤੋਂ ਘੱਟ ਰਹਿਣ ’ਤੇ ਬਿੱਲ ਮੁਆਫ ਹੋਵੇਗਾ। ਇਸ ਸਕੀਮ ਦਾ ਡਬਲ ਲਾਭ ਲੈਣ ਲਈ ਲੋਕਾਂ ਵੱਲੋਂ ਇਕ ਘਰ ਵਿਚ ਦੂਜਾ ਮੀਟਰ ਲਗਾਉਣ ਲਈ ਵੱਡੀ ਗਿਣਤੀ ਵਿਚ ਅਪਲਾਈ ਕੀਤਾ ਜਾ ਰਿਹਾ ਹੈ। ਪਾਵਰਕਾਮ ਵੱਲੋਂ ਖ਼ਪਤਕਾਰਾਂ ਨੂੰ ਜੋ ਮੁਫ਼ਤ ਬਿਜਲੀ ਦਿੱਤੀ ਜਾਵੇਗੀ, ਸਰਕਾਰ ਨੂੰ ਉਸ ਦਾ ਸਬਸਿਡੀ ਦੇ ਰੂਪ ਵਿਚ ਪਾਵਰਕਾਮ ਨੂੰ ਭੁਗਤਾਨ ਕਰਨਾ ਪਵੇਗਾ। ਪਾਵਰਕਾਮ ਲਈ ਲਾਭ ਦੀ ਗੱਲ ਇਹ ਹੈ ਕਿ ਨਵੇਂ ਮੀਟਰ ਅਪਲਾਈ ਹੋਣ ਨਾਲ ਮਹਿਕਮੇ ਨੂੰ 1100 ਕਰੋੜ ਤੋਂ ਜ਼ਿਆਦਾ ਦੀ ਕਮਾਈ ਹੋਵੇਗੀ।
ਮੁਫ਼ਤ ਬਿਜਲੀ ਅਤੇ ਨਵੇਂ ਮੀਟਰ ਲਗਾਉਣ ਬਾਰੇ ਵਿਭਾਗੀ ਨੀਤੀਆਂ ਨਾਲ ਸਬੰਧਤ ਵਿਸਤ੍ਰਿਤ ਜਾਣਕਾਰੀ ‘ਜਗ ਬਾਣੀ’ ਵੱਲੋਂ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ। ਮਾਹਿਰਾਂ ਨਾਲ ਗੱਲਬਾਤ ਕਰਕੇ ਜੋ ਸਿੱਟਾ ਸਾਹਮਣੇ ਆਇਆ ਹੈ, ਉਸ ਮੁਤਾਬਕ ਪੰਜਾਬ ਵਿਚ 15 ਲੱਖ ਤੋਂ ਜ਼ਿਆਦਾ ਖ਼ਪਤਕਾਰਾਂ ਵੱਲੋਂ ਦੂਜਾ ਮੀਟਰ ਅਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਨਵਾਂ ਮੀਟਰ ਲਗਾਉਣ ਲਈ ਇਕ ਕਿਲੋਵਾਟ ਦੇ 1470, 2 ਕਿਲੋਵਾਟ ਦੇ 2290, 3 ਕਿਲੋਵਾਟ ਦੇ 4760, 4 ਕਿਲੋਵਾਟ ਦੇ 6130, ਜਦਕਿ 5 ਕਿਲੋਵਾਟ ਦੇ 7500 ਰੁਪਏ ਚਾਰਜ ਕੀਤੇ ਜਾ ਰਹੇ ਹਨ। ਜੋ ਫਾਈਲਾਂ ਅਪਲਾਈ ਹੋ ਰਹੀਆਂ ਹਨ, ਉਨ੍ਹਾਂ ਵਿਚ 4 ਤੋਂ 5 ਕਿਲੋਵਾਟ ਵਾਲੇ ਕੁਨੈਕਸ਼ਨਾਂ ਦੀ ਜ਼ਿਆਦਾ ਡਿਮਾਂਡ ਸਾਹਮਣੇ ਆ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਖ਼ਪਤਕਾਰ ਘੱਟ ਲੋਡ ’ਤੇ ਜ਼ਿਆਦਾ ਬਿਜਲੀ ਦੀ ਵਰਤੋਂ ਕਰਕੇ ਜੁਰਮਾਨਾ ਦੇਣ ਤੋਂ ਬਚਣਾ ਚਾਹੁੰਦੇ ਹਨ। ਮਾਹਿਰਾਂ ਵੱਲੋਂ 4 ਤੋਂ 5 ਕਿਲੋਵਾਟ ਵਾਲੇ ਕੁਨੈਕਸ਼ਨਾਂ ਨੂੰ ਮਿਲਾ ਕੇ ਪ੍ਰਤੀ ਫਾਈਲ 7000 ਰੁਪਏ ਐਵਰੇਜ ਕੱਢੀ ਗਈ ਹੈ। ਇਸ ਕਾਰਨ ਜੇਕਰ 15-16 ਲੱਖ ਖ਼ਪਤਕਾਰ ਅਪਲਾਈ ਕਰਦੇ ਹਨ ਤਾਂ ਉਸ ਨਾਲ ਮਹਿਕਮੇ ਨੂੰ 1100 ਕਰੋੜ ਤੋਂ ਜ਼ਿਆਦਾ ਦੀ ਰਕਮ ਪ੍ਰਾਪਤ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ, ਜਲਦ ਖਾਤਿਆਂ 'ਚ ਆਉਣਗੇ 1-1 ਹਜ਼ਾਰ ਰੁਪਏ
ਪੇਸ਼ ਹੈ ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਅਤੇ ਵਿਸ਼ਲੇਸ਼ਣ ਦੇ ਮੁੱਖ ਅੰਸ਼ :
10 ਲੱਖ ਤੋਂ ਜ਼ਿਆਦਾ ਵੱਡੇ ਕੁਨੈਕਸ਼ਨ ਵਾਲੇ ਖ਼ਪਤਕਾਰ ਨਹੀਂ ਕਰਨਗੇ ਅਪਲਾਈ
ਪੰਜਾਬ ’ਚ 70 ਲੱਖ ਦੇ ਕਰੀਬ ਘਰੇਲੂ ਬਿਜਲੀ ਖ਼ਪਤਕਾਰਾਂ ਦੇ ਕੁਨੈਕਸ਼ਨ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਵਿਚ 10 ਲੱਖ ਤੋਂ ਜ਼ਿਆਦਾ ਅਜਿਹੇ ਖਪਤਕਾਰ ਹਨ, ਜਿਨ੍ਹਾਂ ਦਾ ਸਰਦੀ ਦੇ ਮੌਸਮ ਵਿਚ 600 ਯੂਨਿਟ ਤੋਂ ਜ਼ਿਆਦਾ ਬਿੱਲ ਆਉਂਦਾ ਹੈ। ਅਜਿਹੇ ਵਿਚ ਜ਼ਾਹਿਰ ਹੈ ਕਿ ਗਰਮੀ ਦੇ ਮੌਸਮ ਵਿਚ ਉਨ੍ਹਾਂ ਦਾ ਬਿੱਲ ਦੁੱਗਣਾ ਆਵੇਗਾ। ਇਸ ਕਾਰਨ ਜੇਕਰ ਉਹ ਦੂਜਾ ਮੀਟਰ ਲਗਵਾ ਵੀ ਲੈਂਦੇ ਹਨ ਤਾਂ ਉਹ ਸਰਕਾਰ ਦੀ ਯੋਜਨਾ ਦਾ ਲਾਭ ਨਹੀਂ ਉਠਾ ਸਕਣਗੇ ਕਿਉਂਕਿ ਉਨ੍ਹਾਂ ਦੀ ਖਪਤ 1200 ਯੂਨਿਟ ਤੋਂ ਵੀ ਜ਼ਿਆਦਾ ਹੋਵੇਗੀ। ਅਮੀਰ ਘਰਾਣਿਆਂ ਵਿਚ ਵੱਡੀ ਗਿਣਤੀ ਵਿਚ ਅਜਿਹੇ ਘਰ ਹਨ, ਜਿੱਥੇ ਏ. ਸੀ. ਦੇ ਪਲਾਂਟ ਲੱਗੇ ਹੋਏ ਹਨ। ਕਈ ਘਰਾਂ ਵਿਚ 5-7 ਏ. ਸੀ. ਲੱਗੇ ਹੋਏ ਹਨ। ਇਸ ਕਾਰਨ ਅਜਿਹੇ ਲੋਕ ਨਵਾਂ ਮੀਟਰ ਲਗਾਉਣ ਲਈ ਅਪਲਾਈ ਨਹੀਂ ਕਰਨਗੇ।
20 ਲੱਖ ਪਰਿਵਾਰਾਂ ਦਾ ਬਿੱਲ 400 ਯੂਨਿਟ ਤੋਂ ਵੀ ਘੱਟ
ਇਕੱਠੀ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿਚ 1 ਤੋਂ 2 ਕਿਲੋਵਾਟ ਵਾਲੇ 20 ਲੱਖ ਤੋਂ ਜ਼ਿਆਦਾ ਖਪਤਕਾਰ ਹਨ, ਜਿਨ੍ਹਾਂ ਦਾ 2 ਮਹੀਨਿਆਂ ਦਾ ਬਿੱਲ 300-350 ਯੂਨਿਟ ਤੋਂ ਵੀ ਘੱਟ ਬਣਦਾ ਹੈ। ਇਨ੍ਹਾਂ ਵਿਚ ਅਜਿਹੇ ਘਰ ਸ਼ਾਮਲ ਹਨ, ਜੋ ਗਰੀਬੀ ਰੇਖਾ ਵਿਚ ਹਨ, ਜਿਸ ਕਾਰਨ ਉਨ੍ਹਾਂ ਦੇ ਘਰ ਏ. ਸੀ. ਵੀ ਨਹੀਂ ਲੱਗੇ। ਜਿਨ੍ਹਾਂ ਲੋਕਾਂ ਦਾ ਬਿੱਲ 400 ਯੂਨਿਟ ਤੋਂ ਵੀ ਘੱਟ ਬਣਦਾ ਹੈ, ਉਨ੍ਹਾਂ ਨੂੰ ਨਵਾਂ ਮੀਟਰ ਅਪਲਾਈ ਕਰਨ ਦੀ ਲੋਡ਼ ਨਹੀਂ ਹੋਵੇਗੀ। ਬਹੁਤ ਸਾਰੇ ਅਜਿਹੇ ਪਰਿਵਾਰ ਵੀ ਹਨ, ਜੋ 4-5 ਕਿਲੋਵਾਟ ਦਾ ਕੁਨੈਕਸ਼ਨ ਲੈਣ ਲਈ 7500 ਰੁਪਏ ਦੀ ਰਕਮ ਖਰਚਣ ਵਿਚ ਸਮਰੱਥ ਨਹੀਂ ਹਨ। ਇਸ ਕਾਰਨ ਮੁਫਤ ਬਿਜਲੀ ਦਾ ਲਾਭ ਲੈਣ ਵਾਲਿਆਂ ਵਿਚੋਂ 20 ਲੱਖ ਅਜਿਹੇ ਪਰਿਵਾਰ ਬਾਹਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇਣ ਵਾਲੇ ਨੂੰ ਮਿਲੇਗਾ 51000 ਦਾ ਇਨਾਮ, ਪੁਲਸ ਨੇ ਸ਼ੁਰੂ ਕੀਤੀ ਮੁਹਿੰਮ
12-15 ਲੱਖ ਛੋਟੇ ਪਰਿਵਾਰ ਨਿਯਮਾਂ ਨੂੰ ਪੂਰਾ ਕਰਨ ਵਿਚ ਸਮਰੱਥ ਨਹੀਂ
ਸਰਕਾਰ ਵੱਲੋਂ ਮੁਫਤ ਬਿਜਲੀ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਲਾਭ ਲੈਣ ਲਈ ਦੌੜ ਲੱਗ ਗਈ ਹੈ ਪਰ ਪੰਜਾਬ ਦੇ 70 ਲੱਖ ਪਰਿਵਾਰਾਂ ਵਿਚੋਂ 12-15 ਲੱਖ ਅਜਿਹੇ ਛੋਟੇ ਪਰਿਵਾਰ ਹਨ, ਜੋ ਦੂਜਾ ਮੀਟਰ ਲਗਾਉਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ। ਲੱਖਾਂ ਅਜਿਹੇ ਘਰ ਜਿਨ੍ਹਾਂ ਵਿਚ ਸਿਰਫ ਇਕ ਪਰਿਵਾਰ ਰਹਿੰਦਾ ਹੈ, ਲੱਖਾਂ ਲੋਕਾਂ ਦੇ ਘਰਾਂ ਵਿਚ ਬੱਚੇ ਅਣਵਿਆਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜੋ ਬਿਨਾਂ ਲੋੜ ਦੇ ਮੀਟਰ ਲਗਾਉਣ ਨੂੰ ਮਹੱਤਵ ਦੇ ਰਹੇ ਹਨ, ਜਦਕਿ ਲੱਖਾਂ ਅਜਿਹੇ ਲੋਕ ਵੀ ਹਨ, ਜੋ ਸਰਕਾਰ ਦੀ ਮੁਫਤ ਯੋਜਨਾ ਪ੍ਰਤੀ ਧਿਆਨ ਵੀ ਨਹੀਂ ਦੇਣਗੇ।
13-15 ਲੱਖ ਪਰਿਵਾਰਾਂ ’ਚ ਪਹਿਲਾਂ ਹੀ ਲੱਗੇ ਹਨ 2-2 ਮੀਟਰ
ਜਦੋਂ ਮੁਫ਼ਤ ਬਿਜਲੀ ਦਾ ਐਲਾਨ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਪੰਜਾਬ ਵਿਚ 70 ਲੱਖ ਖਪਤਕਾਰਾਂ ਵਿਚੋਂ 40-50 ਲੱਖ ਲੋਕ ਦੂਜਾ ਮੀਟਰ ਲਗਾਉਣਗੇ ਅਤੇ ਸਰਕਾਰ ਨੂੰ ਵੱਡੇ ਪੱਧਰ ’ਤੇ ਸਬਸਿਡੀ ਦੀ ਰਾਸ਼ੀ ਅਦਾ ਕਰਨੀ ਪਵੇਗੀ ਪਰ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਨਵੇਂ ਮੀਟਰ ਅਪਲਾਈ ਨਹੀਂ ਹੋਣਗੇ। ਪੰਜਾਬ ਵਿਚ 13-15 ਲੱਖ ਅਜਿਹੇ ਖ਼ਪਤਕਾਰ ਹਨ, ਜਿਨ੍ਹਾਂ ਦੇ ਘਰਾਂ ਵਿਚ ਪਹਿਲਾਂ ਹੀ 2-2 ਮੀਟਰ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਮੁਫ਼ਤ ਬਿਜਲੀ: ਸੌਖਾ ਨਹੀਂ ਹੋਵੇਗਾ ਦੂਜਾ ਮੀਟਰ ਲਗਵਾਉਣਾ, ਪਾਵਰਕਾਮ ਇੰਝ ਰੱਖੇਗਾ ਪੂਰੀ ਸਥਿਤੀ 'ਤੇ ਨਜ਼ਰ
ਨੋਟੀਫ਼ਿਕੇਸ਼ਨ ਤੋਂ ਬਾਅਦ ਸਾਹਮਣੇ ਆਉਣਗੇ ਸਹੀ ਤੱਥ : ਅਧਿਕਾਰੀ
ਉਥੇ ਹੀ, ਨਾਂ ਨਾ ਛਾਪਣ ਦੀ ਸ਼ਰਤ ’ਤੇ ਪਾਵਰਕਾਮ ਦੇ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਫਤ ਬਿਜਲੀ ਦੇਣ ਨਾਲ ਇਸ ਦੀ ਦੁਰਵਰਤੋਂ ਹੋਣੀ ਤੈਅ ਹੈ। ਉਨ੍ਹਾਂ ਕਿਹਾ ਕਿ ਉਕਤ ਰਿਪੋਰਟਰ ਵੱਲੋਂ ਜਿਸ ਤਰ੍ਹਾਂ ਮਾਹਿਰਾਂ ਨਾਲ ਗੱਲਬਾਤ ਕਰਕੇ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ, ਉਹ ਕਾਫ਼ੀ ਹੱਦ ਤੱਕ ਸਟੀਕ ਹੈ ਪਰ ਨਵੇਂ ਮੀਟਰ ਅਪਲਾਈ ਕਰਨ ਦੀ ਸਹੀ ਰਿਪੋਰਟ ਜੁਲਾਈ ਵਿਚ ਸਾਹਮਣੇ ਆਵੇਗੀ। ਇਸ ਦਾ ਕਾਰਨ ਇਹ ਹੈ ਕਿ ਅਜੇ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੋਇਆ। ਜਦੋਂ ਸਰਕਾਰ ਨਿਯਮ ਅਤੇ ਸ਼ਰਤਾਂ ਨਿਰਧਾਰਿਤ ਕਰਕੇ ਨੋਟੀਫ਼ਿਕੇਸ਼ਨ ਜਾਰੀ ਕਰੇਗੀ ਤਾਂ ਹੀ ਪਤਾ ਚੱਲ ਸਕੇਗਾ ਕਿ ਕਿੰਨੇ ਲੋਕ ਦੂਜਾ ਮੀਟਰ ਲਗਾਉਣ ਲਈ ਸਮਰੱਥ ਹੋਣਗੇ।
ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ 'ਮੌਸਮ' ਨੂੰ ਲੈ ਕੇ ਵਿਭਾਗ ਦੀ ਚਿਤਾਵਨੀ, 4-5 ਦਿਨਾਂ 'ਚ ਵਧੇਗਾ ਗਰਮੀ ਦਾ ਕਹਿਰ
NEXT STORY