ਚੰਡੀਗੜ੍ਹ : ਆੜ੍ਹਤੀਆ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਆਉਣ ਵਾਲੇ ਝੋਨੇ ਦੇ ਸੀਜਨ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਪੰਜਾਬ ਸਰਕਾਰ ਦੇ ਢਿੱਲੇ ਰਵੱਈਏ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਸਰਕਾਰ ਆੜ੍ਹਤੀਆਂ ਮਜ਼ਦੂਰਾਂ ਨੂੰ ਹੜਤਾਲ ਲਈ ਮਜਬੂਰ ਨਾ ਕਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਭਰੋਸੇ 'ਤੇ ਕਿਸਾਨਾਂ ਨੇ ਪੀਆਰ 126 ਝੋਨਾਂ ਵੱਡੇ ਪੱਧਰ 'ਤੇ ਬੀਜਿਆ ਹੈ ਪਰ ਸ਼ੈਲਰ ਮਾਲਕ ਇਸ ਨੂੰ ਕਿਸੇ ਕੀਮਤ 'ਤੇ ਲਹਾਉਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਪਿਛਲੇ ਸਾਲ ਵੀ ਮਜ਼ਦੂਰਾਂ ਨੇ ਮਜ਼ਦੂਰੀ ਰੇਟ ਘੱਟ ਹੋਣ ਕਾਰਨ ਹੜਤਾਲ ਕੀਤੀ ਸੀ ਜਿਸ ਨੂੰ ਖਤਮ ਕਰਾਉਣ ਲਈ ਖੇਤੀਬਾੜੀ ਮੰਤਰੀ ਗੁਰਮੀਤ ਖੁਡੀਆਂ ਵੱਲੋਂ ਮਜ਼ਦੂਰਾਂ ਤੇ ਆੜਤੀਆ ਨੂੰ ਕਿਸਾਨ ਭਵਨ ਵਿਖੇ ਭਰੋਸਾ ਦਵਾਇਆ ਸੀ ਕਿ ਜੋ ਮਜ਼ਦੂਰਾਂ ਨੂੰ ਆੜ੍ਹਤੀਆਂ ਵੱਲੋਂ ਆਪਣੇ ਕੋਲੋਂ ਮਜ਼ਦੂਰੀ ਦੇਣੀ ਪੈਂਦੀ ਹੈ ਅਤੇ ਜੋ ਗਲੱਟ ਪੈਣ ਤੇ ਮਜ਼ਦੂਰਾਂ ਨੂੰ ਤਾਂਗ ਲਾਉਣੀ ਪੈਂਦੀ ਹੈ ਉਸ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇਗਾ ਪਰ ਉਸ ਤੇ ਕੋਈ ਫੈਸਲਾ ਨਾ ਹੋਣ ਕਰਕੇ ਮਜ਼ਦੂਰ ਇਸ ਵਾਰ ਫਿਰ ਰੋਸ ਪ੍ਰਗਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਅਡੀਸ਼ਨਲ ਚੀਫ ਸੈਕਟਰੀ ਵਿਕਾਸ ਕੇ. ਪੀ. ਸਿਨਹਾ ਵੱਲੋਂ ਖੁਰਾਕ ਵਿਭਾਗ ਤੋਂ ਮਜ਼ਦੂਰੀ ਵਧਾਉਣ ਦੀ ਪ੍ਰਵਾਨਗੀ ਦੇ ਸਵਾਲ ਖੜੇ ਕਰਕੇ ਇਹ ਮਸਲਾ ਹੱਲ ਹੋਣ ਤੋਂ ਰੋਕ ਦਿੱਤਾ ਸੀ ਜਿਸ ਕਰਕੇ ਇਸ ਸਾਲ ਆੜ੍ਹਤੀ ਐਸੋਸੀਏਸ਼ਨ ਵੱਲੋਂ ਖੁਰਾਕ ਵਿਭਾਗ ਨਾਲ ਮੀਟਿੰਗ ਕਰਕੇ ਕੇਂਦਰ ਸਰਕਾਰ ਵੱਲੋਂ ਪ੍ਰਵਾਨ ਕੀਤੇ ਰੇਟਾਂ ਦੀ ਚਿੱਠੀ ਮੰਡੀ ਬੋਰਡ ਨੂੰ ਭਿਜਵਾ ਦਿੱਤੀ ਹੈ ਪਰ ਮੰਡੀ ਬੋਰਡ ਵੱਲੋਂ ਜੋ ਮਜ਼ਦੂਰੀ ਰੇਟ ਨੋਟੀਫਾਈ ਕੀਤੇ ਗਏ ਹਨ, ਉਹ ਘੱਟ ਹੋਣ ਕਰਕੇ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਪ੍ਰਵਾਨ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਸਕੱਤਰ ਬੋਰਡ ਨੂੰ ਇਸ ਸਬੰਧੀ ਦੁਬਾਰਾ ਮੀਟਿੰਗ ਬੁਲਾਉਣ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਸਬੰਧੀ ਮੰਗ ਪੱਤਰ ਦੇ ਚੁੱਕੇ ਹਾਂ ਅਤੇ ਖੇਤੀ ਮੰਤਰੀ ਸਾਹਿਬ ਨੂੰ ਵੀ ਇਸ ਸਬੰਧੀ ਮੰਗ ਪੱਤਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜੇਕਰ ਇਸ ਹਫਤੇ ਕੋਈ ਫੈਸਲਾ ਨਾ ਹੋਇਆ ਤਾਂ ਮਜਬੂਰੀ ਵੱਸ ਆੜ੍ਹਤੀਆਂ ਅਤੇ ਮਜ਼ਦੂਰਾਂ ਨੂੰ ਸਖ਼ਤ ਫ਼ੈਸਲਾ ਲੈਣਾ ਪਵੇਗਾ।
ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਗ੍ਰਿਫ਼ਤਾਰ, ਹਨੀ ਟਰੈਪ ਨੈੱਟਵਰਕ ਦਾ ਵੀ ਹਿੱਸਾ ਸੀ ਮੁਲਾਜ਼ਮ
NEXT STORY