ਰੋਪੜ (ਸੱਜਣ ਸੈਣੀ)- ਸਿੱਖ ਕੌਮ ਦੇ ਇਤਹਾਸ ਵਿਚ ਬਹਾਦਰੀ ਅਤੇ ਸਰਬ ਸ੍ਰੇਸ਼ਟ ਸ਼ਾਸਕ ਦੇ ਵਜੋਂ 'ਸ਼ੇਰ-ਏ- ਪੰਜਾਬ' ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ੇਸ਼ ਅਸਥਾਨ ਹੈ ਅਤੇ ਅੱਜ ਵੀ ਪੰਜਾਬ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਦੀਆਂ ਨਿਸ਼ਾਨੀਆਂ ਮੌਜੂਦ ਹਨ ਪਰ ਪੰਜਾਬ ਸਰਕਾਰ ਦੀ ਲਾਪਰਵਾਹੀ ਦੇ ਚਲਦੇ ਅੱਜ ਅਜਿਹੀਆਂ ਕਈ ਨਿਸ਼ਾਨੀਆਂ ਅਲੋਪ ਹੋਣ ਦੇ ਕੰਢੇ ਪਹੁੰਚ ਚੁੱਕੀਆਂ ਹਨ। ਇਨ੍ਹਾਂ ਨਿਸ਼ਾਨੀਆਂ ਦੇ ਵਿੱਚ ਅਜਿਹੀ ਇਕ ਨਿਸ਼ਾਨੀ ਹੈ "ਅਕਾਲ ਸਹਾਏ ਸਰਕਾਰੇ ਖ਼ਾਲਸਾ ਦਾ ਨਿਸ਼ਾਨ ਸਾਹਿਬ ਜੋਕਿ ਜ਼ਿਲ੍ਹਾ ਰੂਪਨਗਰ ਨਾਲ ਲੱਗਦੇ ਪਿੰਡ ਆਸਰੋਂ ਵਿਚ ਸਥਿਤ ਇਕ ਪਹਾੜੀ ਦੇ ਉੱਤੇ ਅੱਜ ਵੀ ਮੌਜੂਦ ਹੈ। ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਅੱਜ ਇਸ ਨਿਸ਼ਾਨ ਸਾਹਿਬ ਦਾ ਵਜੂਦ ਅਲੋਪ ਹੋਣ ਦੇ ਕਿਨਾਰੇ ਪਹੁੰਚ ਚੁੱਕਾ ਹੈ ।
ਸਰਕਾਰੇ-ਖ਼ਾਲਸਾ-ਨਿਸ਼ਾਨ ਦੇ ਇਤਿਹਾਸ ਦੀ ਜੇਕਰ ਗੱਲ ਕਰੀਏ ਤਾਂ ਇਤਿਹਾਸਕਾਰਾਂ ਅਨੁਸਾਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 26 ਅਕਤੂਬਰ 1831 ਨੂੰ ਲਾਰਡ ਵਿਲੀਅਮ ਬੈਂਟਿਕ ਨਾਲ ਮੁਲਾਕਾਤ ਤੋਂ ਪਹਿਲਾਂ ਪੰਜਾਬ ਦੀ ਆਜ਼ਾਦੀ ਦਰਸਾਉਣ ਲਈ ਸਰਕਾਰ ਖ਼ਾਲਸਾ ਦਾ ਝੰਡਾ ਲਹਿਰਾਇਆ ਅਤੇ ਤੋਪਾਂ ਬੀੜ ਕੇ ਫ਼ੌਜੀ ਚੌਂਕੀ ਕਾਇਮ ਕੀਤੀ। 1849 ਵਿੱਚ ਪੰਜਾਬ ਅਤੇ ਅੰਗਰੇਜ਼ੀ ਹਕੂਮਤ ਦੇ ਕਬਜ਼ੇ ਤੋਂ ਬਾਅਦ ਚੌਂਕੀ ਢਾਹ ਦਿੱਤੀ ਗਈ ਪਰ ਝੰਡੇ ਦਾ ਖੰਭਾ ਅਸ਼ਟਧਾਤੂ ਦਾ ਹੋਣ ਕਰਕੇ ਬਚ ਗਿਆ। ਆਜ਼ਾਦੀ ਦੇ ਮੋਢੀ ਸੰਗਰਾਮੀ ਇਥੋਂ ਆ ਕੇ ਆਜ਼ਾਦੀ ਦੇ ਝੰਡੇ ਨੂੰ ਮੁੜ ਲਹਿਰਾਉਣ ਦਾ ਪ੍ਰਣ ਕਰਦੇ ਰਹੇ ਕਿਸੇ ਦੇਸ਼ ਭਗਤ ਨੇ ਝੰਡੇ ਦੇ ਮੁੱਢ ਉਪਰ ਲਿਖਿਆ 'ਯਹ ਨਿਸ਼ਾਨੀ ਹੈ ਕਿਸੀ ਪੰਜਾਬ ਕੇ ਦਿਲਦਾਰ ਕੀ ਵਤਨ ਪੇ ਲੁਟੇ ਹੁਏ ਰਣਜੀਤ ਸਿੰਘ ਸਿਰਦਾਰ ਕੀ।' ਸਰਕਾਰਾਂ ਵੱਲੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇਸ਼ ਅਹਿਮ ਨਿਸ਼ਾਨੀ ਦੇ ਵੱਲ ਧਿਆਨ ਨਾ ਦੇਣ ਕਰਕੇ ਇਥੇ ਲੱਗਿਆ ਕੀਮਤੀ ਅਸ਼ਟਧਾਤੂ ਦਾ ਨਿਸ਼ਾਨ ਤਾਂ ਚੋਰੀ ਹੋ ਚੁੱਕਾ ਹੈ ਪਰ ਪੰਜਾਬ ਹੈਰੀਟੇਜ ਅਤੇ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ 15 ਜੂਨ 2003 ਨੂੰ ਇਸ ਝੰਡੇ ਦੇ ਯਾਦਗਾਰੀ ਪ੍ਰਤੀਕ ਦਾ ਪੁਨਰ ਸਥਾਪਨ ਕੀਤਾ।
ਸਿਤਮ ਦੀ ਗੱਲ ਤਾਂ ਇਹ ਕਿ ਸਰਕਾਰੇ-ਖ਼ਾਲਸਾ ਨਿਸ਼ਾਨ ਤੱਕ ਪਹੁੰਚਣ ਲਈ ਅੱਜ ਕੋਈ ਰਸਤਾ ਤੱਕ ਨਹੀਂ ਬਚਿਆ ਅਤੇ ਜੋ ਰਸਤਾ ਜਾਂਦਾ ਹੈ, ਉਹ ਸਵਰਾਜ ਮਾਜ਼ਦਾ ਕੰਪਨੀ ਵਿਚ ਤੋਂ ਹੋ ਕੇ ਜਾਂਦਾ ਹੈ ਪਰ ਸਵਰਾਜ ਮਾਜ਼ਦਾ ਕੰਪਨੀ ਦੇ ਪ੍ਰਬੰਧਕਾਂ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਨੂੰ ਵੀ ਇਸ ਸਰਕਾਰੇ-ਖ਼ਾਲਸਾ ਨਿਸ਼ਾਨ ਤੱਕ ਨਹੀਂ ਜਾਣ ਦਿੱਤਾ ਜਾਂਦਾ। ਹੈਰਾਨੀ ਦੀ ਗੱਲ ਤਾਂ ਇਹ ਹੈ 19 ਅਕਤੂਬਰ 2001 ਵਿੱਚ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਨੈਸ਼ਨਲ ਹੈਰੀਟੇਜ ਹਿੱਲ ਪਾਰਕ ਦਾ ਦਰਜਾ ਵੀ ਮਿਲ ਚੁੱਕਾ ਹੈ, ਜਿਸ ਦਾ ਨੀਂਹ ਪੱਥਰ ਖ਼ੁਦ ਸਰਦਾਰ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਕੈਬਨਿਟ ਮੰਤਰੀ ਅਤੇ ਚੇਅਰਮੈਨ ਮਹਾਰਾਜਾ ਰਣਜੀਤ ਸਿੰਘ ਦੁਲੇਅ ਸ਼ਤਾਬਦੀ ਕਮੇਟੀ ਦੇ ਵੱਲੋਂ ਰੱਖਿਆ ਗਿਆ ਸੀ ਪਰ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਅਤੇ ਅਣਦੇਖੀ ਕਾਰਨ ਅੱਜ ਇਹ ਮਹਾਰਾਜਾ ਰਣਜੀਤ ਸਿੰਘ ਦੀ ਅਹਿਮ ਨਿਸ਼ਾਨੀ ਦਾ ਵਜੂਦ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਚੁੱਕਾ ਹੈ। ਇਸ ਨਿਸ਼ਾਨੀ ਨੂੰ ਬਚਾਉਣ ਅਤੇ ਸਰਕਾਰ ਨੂੰ ਜਗਾਉਣ ਲਈ ਰੂਪਨਗਰ ਦਾ ਗੁਰਮਤਿ ਵਿਚਾਰ ਮੰਚ ਹੁਣ ਅੱਗੇ ਆਇਆ ਹੈ। ਗੁਰਮਤਿ ਵਿਚਾਰ ਮੰਚ ਦੇ ਮੈਂਬਰਾਂ ਵੱਲੋਂ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਗ ਕੀਤੀ ਗਈ ਹੈ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਸ ਅਹਿਮ ਅਤੇ ਵਿਰਾਸਤੀ ਨਿਸ਼ਾਨੀ ਨੂੰ ਸੰਭਾਲਦੇ ਹੋਏ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹਿਆ ਜਾਵੇ।
ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਸਟਰਾਂ ਤੇ ਮਾਫ਼ੀਆ ਦਾ ਰਾਜ, ਸਰਕਾਰ ਤੇ ਪੁਲਸ ਅਪਰਾਧ ਰੋਕਣ ’ਚ ਅਸਫ਼ਲ : ਅਸ਼ਵਨੀ ਸ਼ਰਮਾ
ਇਤਿਹਾਸਕਾਰਾਂ ਅਨੁਸਾਰ ਜਿਨ੍ਹਾਂ ਕੌਮਾਂ ਦਾ ਇਤਹਾਸ ਮਿਟ ਜਾਂਦਾ ਹੈ, ਇਤਿਹਾਸ ਵਿੱਚੋਂ ਉਨ੍ਹਾਂ ਕੌਮਾਂ ਦਾ ਵਜੂਦ ਵੀ ਖ਼ਤਮ ਜਾਂਦਾ ਹੈ। ਜੇਕਰ ਅੱਜ ਪੂਰੀ ਦੁਨੀਆ ਵਿੱਚ ਸਿੱਖ ਕੌਮ ਆਪਣੀ ਵੀਰਤਾ, ਦਾਨ ਅਤੇ ਸਹਿਣਸ਼ੀਲਤਾ ਲਈ ਜਾਣੀ ਜਾਂਦੀ ਹੈ ਤਾਂ ਉਹ ਇਤਿਹਾਸਕ ਨਿਸ਼ਾਨੀਆਂ ਦੇ ਵਜੋਂ ਜਾਣੀ ਜਾਂਦੀ ਹੈ। ਸੋ ਸਰਕਾਰਾਂ ਦੇ ਨਾਲ-ਨਾਲ ਸਿੱਖ ਕੌਮ ਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਵਿਰਾਸਤੀ ਨਿਸ਼ਾਨੀਆਂ ਦੀ ਸਾਂਭ ਸੰਭਾਲ ਲਈ ਅੱਗੇ ਆਵੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਮਲੋਟ ਤੋਂ ਕਾਂਗਰਸੀ ਵਿਧਾਇਕ ਤੇ ਡਿਪਟੀ ਸਪੀਕਰ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚਿੱਠੀ ਨੇ ਪਾਏ ਪੁਆੜੇ
NEXT STORY