ਜਲੰਧਰ (ਧਵਨ) : ਸੂਬੇ 'ਚ ਆਲੂ ਦੀਆਂ ਕੀਮਤਾਂ 'ਚ ਆਈ ਗਿਰਾਵਟ ਕਾਰਨ ਉਤਪਾਦਕਾਂ ਦੇ ਸਾਹਮਣੇ ਪੈਦਾ ਹੋਏ ਸੰਕਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਉਨ੍ਹਾਂ ਦੀ ਮਦਦ ਲਈ ਅੱਗੇ ਆ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਲ ਅਤੇ ਮਿੱਡ-ਡੇ-ਮੀਲ ਲਈ ਆਲੂ ਖਰੀਦਣ ਦੇ ਨਿਰਦੇਸ਼ ਸਰਕਾਰੀ ਖਰੀਦ ਏਜੰਸੀਆਂ ਜਿਵੇਂ ਮਾਰਕਫੈੱਡ ਅਤੇ ਪੰਜਾਬ ਐਗਰੋ ਨੂੰ ਦੇ ਦਿੱਤੇ ਹਨ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਮਿੱਡ-ਡੇ-ਮੀਲ ਲਈ ਆਲੂ ਦੀ ਫਸਲ ਨੂੰ ਖਰੀਦਿਆ ਜਾਵੇਗਾ। ਇਸੇ ਤਰ੍ਹਾਂ ਜੇਲਾਂ 'ਚ ਕੈਦੀਆਂ ਲਈ ਵੀ ਆਲੂ ਨੂੰ ਖਰੀਦਣ ਦੀ ਯੋਜਨਾ ਕੀਤੀ ਗਈ ਹੈ। ਇਸ ਨਾਲ ਆਲੂ ਉਤਪਾਦਕਾਂ ਦੀ ਸਮੱਸਿਆ ਕਾਫੀ ਹੱਦ ਤਕ ਹੱਲ ਹੋ ਸਕਦੀ ਹੈ।
ਦੱਸ ਦਈਏ ਕਿ ਆਲੂ ਉਤਪਾਦਕਾਂ ਨੂੰ 50 ਕਿਲੋ ਦਾ ਆਲੂ ਦਾ ਬੈਗ 200 ਰੁਪਏ 'ਚ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਹਿਸਾਬ ਨਾਲ ਆਲੂ ਉਨ੍ਹਾਂ ਨੂੰ 4 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਪੈ ਰਿਹਾ ਹੈ। ਕੁਝ ਸਮਾਂ ਪਹਿਲਾਂ ਇਹ ਕੀਮਤ 6 ਰੁਪਏ ਪ੍ਰਤੀ ਕਿਲੋ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਆਲੂ ਦੀ ਇਹ ਕੀਮਤ ਉਨ੍ਹਾਂ ਦੀ ਲਾਗਤ ਨੂੰ ਵੀ ਪੂਰਾ ਨਹੀਂ ਕਰਦੀ ਹੈ। ਕਿਸਾਨਾਂ ਦਾ ਮੰਨਣਾ ਸੀ ਕਿ ਆਲੂ ਦੀ ਪੈਦਾਵਾਰ ਲਾਗਤ ਕਿਤੇ ਵਧ ਹੈ। ਇਕ ਏਕੜ ਜ਼ਮੀਨ 'ਤੇ ਉਨ੍ਹਾਂ ਨੂੰ ਡੀ. ਏ. ਪੀ. ਖਾਦ ਦੇ ਪੰਜ ਬੈਗ ਪਾਉਣੇ ਹੁੰਦੇ ਹਨ। ਹਰੇਕ ਬੈਗ ਦੀ ਕੀਮਤ 1450 ਰੁਪਏ ਹੈ। ਇਸੇ ਤਰ੍ਹਾਂ ਯੂਰੀਆ ਦੇ 5 ਬੈਗ ਇਕ ਏਕੜ ਲਈ ਚਾਹੀਦੇ ਹਨ। ਆਲੂ ਦੇ ਬੀਜ ਲਈ ਵੀ 35 ਤੋਂ 40 ਬੈਗ ਚਾਹੀਦੇ ਹੁੰਦੇ ਹਨ। ਹਰੇਕ ਬੈਗ ਦੀ ਕੀਮਤ 200 ਰੁਪਏ ਹੁੰਦੀ ਹੈ।
ਦੱਸਿਆ ਜਾਂਦਾ ਹੈ ਕਿ ਆਲੂ ਦੀ ਫਸਲ ਬੰਪਰ ਹੋਈ ਹੈ। ਇਸ ਆਲੂ ਨੂੰ ਜ਼ਿਆਦਾ ਸਮੇਂ ਤਕ ਸਟੋਰ ਨਹੀਂ ਕੀਤਾ ਜਾ ਸਕਦਾ। ਆਲੂ ਉਤਪਾਦਕਾਂ ਵਲੋਂ ਆਪਣੀ ਮੰਗ ਸਾਹਮਣੇ ਰੱਖੇ ਜਾਣ ਤੋਂ ਬਾਅਦ ਸਰਕਾਰ ਨੇ ਤੁਰੰਤ ਹਰਕਤ 'ਚ ਆਉਂਦੇ ਹੋਏ ਆਪਣੀ ਏਜੰਸੀਆਂ ਨੂੰ ਆਲੂ ਖਰੀਦਣ ਦੇ ਨਿਰਦੇਸ਼ ਦਿੱਤੇ ਹਨ। ਮਾਰਕਫੈਡ ਦੇ ਪ੍ਰਬੰਧ ਨਿਰਦੇਸ਼ਕ ਵਰੁਣ ਰੂਜ਼ਮ ਨੇ ਕਿਹਾ ਕਿ ਸਰਕਾਰੀ ਖਰੀਦ ਏਜੰਸੀ ਮੰਡੀਆਂ 'ਚ ਪ੍ਰਵੇਸ਼ ਕਰੇਗੀ ਅਤੇ ਆਲੂ ਨੂੰ ਖਰੀਦੇਗੀ। ਇਸ ਨਾਲ ਆਲੂ ਦੀ ਕੀਮਤ 'ਚ ਸਥਿਰਤਾ ਆ ਜਾਵੇਗੀ।
ਖਰੀਦ ਏਜੰਸੀਆਂ ਦੇ ਮੰਡੀਆਂ 'ਚ ਆਉਣ ਨਾਲ ਕੀਮਤਾਂ 'ਚ ਆਏਗੀ ਸਥਿਰਤਾ
ਮਾਰਕਫੈੱਡ ਅਤੇ ਪੰਜਾਬ ਐਗਰੋ ਕਾਰਪੋਰੇਸ਼ਨ ਜਦੋਂ ਮੰਡੀਆਂ 'ਚ ਦਾਖਲ ਹੋ ਜਾਣਗੇ ਤਾਂ ਉਸ ਤੋਂ ਬਾਅਦ ਆਲੂ ਦੀਆਂ ਕੀਮਤਾਂ 'ਚ ਸਥਿਰਤਾ ਆਉਣ ਦੀ ਉਮੀਦ ਜ਼ਾਹਿਰ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦਾ ਇਹ ਵੀ ਮੰਨਣਾ ਹੈ ਕਿ ਮੱਧ ਪੂਰਬ ਅਤੇ ਦੱਖਣ ਪੂਰਬ ਏਸ਼ੀਆਈ ਦੇਸ਼ਾਂ ਨੂੰ ਆਲੂ ਬਰਾਮਦ ਕਰਨ ਦੇ ਵਿਸ਼ੇ 'ਚ ਵੀ ਸੰਭਾਵਨਾਵਾਂ ਦਾ ਲੱਗਣਾ ਚਾਹੀਦਾ ਹੈ। ਥੋੜ੍ਹਚਿਰੀ 'ਚ ਤਿਆਰ ਹੋਣ ਵਾਲੇ ਆਲੂ ਦੀ ਫਸਲ ਜਲੰਧਰ, ਕਪੂਰਥਲਾ, ਲੁਧਿਆਣਾ, ਅੰਮ੍ਰਿਤਸਰ, ਫਤਿਹਗੜ੍ਹ ਸਾਹਿਬ, ਤਰਨਤਾਰਨ, ਮੋਗਾ, ਪਟਿਆਲਾ ਅਤੇ ਬਠਿੰਡਾ 'ਚ ਮੰਡੀਆਂ 'ਚ ਆਉਂਦੀ ਹੈ।
ਰੂਪਨਗਰ : ਗੈਰ ਕਾਨੂੰਨੀ ਮਾਈਨਿੰਗ 'ਤੇ ਵੱਡੀ ਕਾਰਵਾਈ, 78 ਕ੍ਰੈਸ਼ਰ ਸੀਲ
NEXT STORY