ਲੁਧਿਆਣਾ (ਸੁਰਿੰਦਰ ਸੰਨੀ) : ਨਵਾਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਰਕਾਰ ਨੇ ਜਨਤਾ 'ਤੇ ਦੋਹਰੀ ਮਾਰ ਮਾਰੀ ਹੈ। ਕੇਂਦਰ ਸਰਕਾਰ ਦੇ ਸੋਧੇ ਹੋਏ ਮੋਟਰ ਵ੍ਹੀਕਲ ਐਕਟ ਦੀ ਤਰਜ਼ 'ਤੇ ਸੂਬਾ ਸਰਕਾਰ ਨੇ ਬੀਤੀ 19 ਦਸੰਬਰ ਨੂੰ ਟਰੈਫਿਕ ਨਿਯਮ ਤੋੜਣ 'ਤੇ ਜੁਰਮਾਨਾ ਰਾਸ਼ੀ ਦੁੱਗਣੀ ਤੋਂ 10 ਗੁਣਾ ਕਰ ਦਿੱਤੀ ਸੀ। ਨਵੀਂ ਜੁਰਮਾਨਾ ਰਾਸ਼ੀ 19 ਦਸੰਬਰ ਤੋਂ ਹੀ ਲਾਗੂ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਜਨਤਾ ਨੂੰ ਪਰੇਸ਼ਾਨ ਕਰਨ ਵਾਲਾ ਇਕ ਹੋਰ ਜਿੰਨ ਬਾਹਰ ਆ ਗਿਆ ਹੈ। ਟਰਾਂਸਪੋਰਟ ਵਿਭਾਗ ਵੱਲੋਂ ਆਪਣੇ ਸਾਫਟਵੇਅਰ ਵਿਚ ਜੁਰਮਾਨਾ ਰਾਸ਼ੀ ਤਾਂ ਅਪਡੇਟ ਕਰ ਦਿੱਤੀ ਗਈ ਹੈ ਪਰ ਨਾਲ ਹੀ 19 ਦਸੰਬਰ ਤੋਂ ਪਹਿਲਾਂ ਹੋਏ ਚਲਾਨਾਂ ਵਿਚ ਵੀ ਜੁਰਮਾਨਾ ਰਾਸ਼ੀ ਵਧਾਈਆਂ ਗਈਆਂ ਦਰਾਂ ਦੇ ਮੁਤਾਬਕ ਹੀ ਵਸੂਲ ਕੀਤੀ ਜਾਵੇਗੀ, ਜਿਸ ਨਾਲ ਆਮ ਲੋਕਾਂ 'ਚ ਹਾਹਾਕਾਰ ਮਚ ਗਈ ਹੈ।
ਵੀਰਵਾਰ ਨੂੰ ਆਰ. ਟੀ. ਏ. ਦਫਤਰ 'ਚ ਸਾਫਟਵੇਅਰ ਅਪਡੇਟ ਹੋਣ ਤੋਂ ਬਾਅਦ ਚਲਾਨ ਭੁਗਤਣ ਆਏ ਲੋਕਾਂ ਨੂੰ ਜਦੋਂ ਜੁਰਮਾਨਾ ਰਾਸ਼ੀ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਸਾਫਟਵੇਅਰ 'ਚ 19 ਦਸੰਬਰ ਤੋਂ ਪਹਿਲਾਂ ਹੋਏ ਚਲਾਨਾਂ 'ਚ ਵੀ ਨਵੀਂ ਜੁਰਮਾਨਾ ਰਾਸ਼ੀ ਦੀਆ ਦਰਾਂ ਦਿਖਾਈ ਦੇਣ 'ਤੇ ਜ਼ਿਆਦਾਤਰ ਲੋਕਾਂ ਨੇ ਚਲਾਨ ਨਹੀਂ ਭੁਗਤਿਆ ਅਤੇ ਬੇਰੰਗ ਮੁੜ ਗਏ। ਪਰਿਵਾਰ ਨੂੰ ਚਲਾਨ ਭੁਗਤਣ ਵਾਲਿਆਂ ਦੀ ਗਿਣਤੀ ਸਿਰਫ 33 ਹੀ ਰਹਿ ਗਈ ਜਦੋਂਕਿ ਆਮ ਦਿਨਾਂ 'ਚ 150 ਤੋਂ 200 ਵਿਅਕਤੀ ਆਰ. ਟੀ. ਏ. ਦਫਤਰ 'ਚ ਟਰੈਫਿਕ ਚਲਾਨ ਦਾ ਭੁਗਤਾਨ ਕਰਨ ਆਉਂਦੇ ਹਨ। ਅੱਜ 33 ਚਲਾਨਾਂ ਦੇ ਭੁਗਤਾਨ ਨਾਲ ਵਿਭਾਗ ਕੋਲ ਕਰੀਬ 25 ਹਜ਼ਾਰ ਰੁਪਏ ਦੀ ਜੁਰਮਾਨਾ ਰਾਸ਼ੀ ਇਕੱਠੀ ਹੋਈ ਹੈ।
2 ਲੱਖ ਦੇ ਕਰੀਬ ਚਲਾਨ ਪੈਂਡਿੰਗ
ਦੱਸ ਦੇਈਏ ਕਿ ਸਿਰਫ ਲੁਧਿਆਣਾ ਦੇ ਆਰ. ਟੀ. ਏ. ਦਫਤਰ 'ਚ ਹੀ ਪੈਂਡਿੰਗ ਪਏ ਟਰੈਫਿਕ ਚਲਾਨਾਂ ਦੀ ਗਿਣਤੀ 2 ਲੱਖ ਦੇ ਕਰੀਬ ਹੈ। ਬੀਤੇ ਸਮੇਂ 'ਚ ਕਈ ਅਧਿਕਾਰੀਆਂ ਨੇ ਚਲਾਨ ਦੇ ਭੁਗਤਾਨ ਲਈ ਛੁੱਟੀ ਵਾਲੇ ਦਿਨ ਵੀ ਸਪੈਸ਼ਲ ਕੈਂਪ ਲਾਏ ਪਰ ਲੋਕ ਆਪਣੇ ਚਲਾਨ ਭੁਗਤਣ ਨਹੀਂ ਆਉਂਦੇ। ਇਨ੍ਹਾਂ ਪੈਂਡਿੰਗ ਚਲਾਨ ਵਾਲੇ ਲੋਕਾਂ ਨੂੰ ਹੁਣ ਨਵੀਂ ਜੁਰਮਾਨਾ ਰਾਸ਼ੀ ਅਦਾ ਕਰਨ ਤੋਂ ਬਾਅਦ ਹੀ ਉਨ੍ਹਾਂ ਦੇ ਕਾਗਜ਼ ਵਾਪਸ ਮਿਲ ਸਕਣਗੇ।
ਜੁਰਮਾਨਾ ਰਾਸ਼ੀ 8 ਹਜ਼ਾਰ ਤੋਂ ਹੋਈ 80 ਹਜ਼ਾਰ
ਫੋਕਲ ਪੁਆਇੰਟ ਦੇ ਰਹਿਣ ਵਾਲੇ ਰਜਿੰਦਰ ਪਾਂਡੇ ਨੇ ਦੱਸਿਆ ਕਿ ਉਸ ਦਾ 12 ਦਸੰਬਰ ਨੂੰ ਛੋਟਾ ਹਾਥੀ ਟੈਂਪੂ ਕਮਰਸ਼ੀਅਲ ਵਾਹਨ ਦਾ ਓਵਰਲੋਡ, ਓਵਰਹਾਈਟ, ਓਵਰਵਿਡਥ ਅਤੇ ਓਵਰਲੈਂਥ ਦਾ ਚਲਾਨ ਹੋਇਆ ਸੀ। ਉਹ ਪਹਿਲਾਂ ਵੀ ਚਲਾਨ ਭੁਗਤਣ ਲਈ ਆਰ. ਟੀ. ਏ. ਦਫਤਰ ਆਇਆ ਸੀ ਪਰ ਕਿਸੇ ਨਾ ਕਿਸੇ ਕਾਰਣ ਉਸ ਦਾ ਚਲਾਨ ਨਹੀਂ ਭੁਗਤਿਆ ਜਾ ਸਕਿਆ। ਅੱਜ ਉਹ ਮੁੜ ਚਲਾਨ ਭੁਗਤਣ ਆਇਆ ਤਾਂ ਦੱਸਿਆ ਗਿਆ ਕਿ ਉਸ ਦੇ ਚਲਾਨ ਦੀ ਜੁਰਮਾਨਾ ਰਾਸ਼ੀ 8 ਹਜ਼ਾਰ ਤੋਂ ਵਧ ਕੇ 80 ਹਜ਼ਾਰ ਕਰ ਦਿੱਤੀ ਗਈ ਹੈ, ਜੋ ਕਿ ਬਿਲਕੁਲ ਅਨਿਆਂਪੂਰਨ ਹੈ।
ਸਕੂਟਰ 2 ਹਜ਼ਾਰ ਦਾ ਜੁਰਮਾਨਾ 2800
ਇਸੇ ਤਰ੍ਹਾਂ ਹੀ ਇਕ ਵਿਅਕਤੀ ਜੋ ਸਕੂਟਰ ਦਾ ਚਲਾਨ ਭੁਗਤਣ ਆਇਆ ਸੀ, ਨੇ ਦੱਸਿਆ ਕਿ ਉਸ ਦਾ ਪੁਰਾਣਾ ਸਕੂਟਰ ਸਿਰਫ 2 ਹਜ਼ਾਰ ਰੁਪਏ ਦਾ ਹੈ ਪਰ ਉਸ ਦੇ ਚਲਾਨ ਦੀ ਜੁਰਮਾਨਾ ਰਾਸ਼ੀ ਕੰਪਿਊਟਰ 'ਚ 2800 ਰੁਪਏ ਆ ਰਹੀ ਹੈ। ਅਜਿਹੇ ਵਿਚ ਉਹ ਖੁਦ ਫੈਸਲਾ ਨਹੀਂ ਲੈ ਪਾ ਰਿਹਾ ਕਿ ਉਹ ਚਲਾਨ ਭੁਗਤੇ ਜਾ ਨਾ।
ਸਿੱਖੀ ਤੋਂ ਬੇਮੁੱਖ ਹੋਏ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣਿਆ ਅਮਨਦੀਪ ਖਾਂ (ਵੀਡੀਓ)
NEXT STORY