ਜਲੰਧਰ(ਧਵਨ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਜਾਅਲੀ ਟ੍ਰੈਵਲ ਏਜੰਟਾਂ 'ਤੇ ਹੋਰ ਸ਼ਿਕੰਜਾ ਕੱਸੇਗੀ ਤਾਂ ਜੋ ਉਹ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਗੁੰਮਰਾਹ ਨਾ ਕਰ ਸਕਣ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਉਨ੍ਹਾਂ ਇਲਾਕਿਆਂ 'ਚ ਵਿਦੇਸ਼ੀ ਰੋਜ਼ਗਾਰ ਬਿਊਰੋ ਖੋਲ੍ਹੇਗੀ ਜਿਥੋਂ ਵੱਧ ਗਿਣਤੀ 'ਚ ਪੰਜਾਬੀ ਨੌਜਵਾਨ ਰੋਜ਼ਗਾਰ ਦੀ ਭਾਲ 'ਚ ਇੰਗਲੈਂਡ ਗਏ ਹਨ। ਰੋਜ਼ਗਾਰ ਬਿਊਰੋ ਲੋਕਾਂ ਨੂੰ ਦੱਸੇਗਾ ਕਿ ਕਿਨ੍ਹਾਂ-ਕਿਨ੍ਹਾਂ ਦੇਸ਼ਾਂ 'ਚ ਰੋਜ਼ਗਾਰ ਦੇ ਵੱਧ ਮੌਕੇ ਮੌਜੂਦ ਹਨ। ਇਸ ਨਾਲ ਲੋਕ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾ ਸਕਣਗੇ। ਬ੍ਰਿਟਿਸ਼ ਹਾਈ ਕਮਿਸ਼ਨਰ ਐਂਡਰਿਊ ਏਰੀ ਨੇ ਅੱਜ ਮੁੱਖ ਮੰਤਰੀ ਨਾਲ ਚੰਡੀਗੜ੍ਹ 'ਚ ਬੈਠਕ ਕੀਤੀ। ਇਸ ਮੌਕੇ ਨੈਸ਼ਨਲ ਕਮਿਊਨਿਟੀ ਅੰਗੇਜਮੈਂਟ ਲੀਡ ਦੀ ਸ਼ਰਨ ਘੁੰਮਣ ਵੀ ਮੌਜੂਦ ਸੀ। ਵਫਦ ਮੁੱਖ ਮੰਤਰੀ ਦੇ ਨਾਲ ਪੰਜਾਬ 'ਚੋਂ ਗੈਰ-ਕਾਨੂੰਨੀ ਢੰਗ ਨਾਲ ਜਾਣ ਵਾਲੇ ਲੋਕਾਂ ਦੇ ਮਸਲਿਆਂ ਨੂੰ ਲੈ ਕੇ ਮਿਲਿਆ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਲੋਕਾਂ 'ਚ ਇਹ ਜਾਗਰੂਕਤਾ ਪੈਦਾ ਕੀਤੀ ਜਾਵੇਗੀ ਕਿ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦੇ ਕੀ ਮਾੜੇ ਨਤੀਜੇ ਹੋ ਸਕਦੇ ਹਨ ਤਾਂ ਹੀ ਇਸ 'ਤੇ ਰੋਕ ਲੱਗ ਸਕੇਗੀ। ਉਨ੍ਹਾਂ ਵਿਦੇਸ਼ੀ ਐੱਨ. ਆਰ. ਆਈਜ਼ ਲਾੜਿਆਂ ਵੱਲੋਂ ਕੁੜੀਆਂ ਨੂੰ ਵਿਆਹ ਦੇ ਮਾਮਲੇ 'ਚ ਧੋਖਾ ਦੇਣ ਦੀਆਂ ਵਧ ਰਹੀਆਂ ਘਟਨਾਵਾਂ 'ਤੇ ਵਫਦ ਵੱਲੋਂ ਪ੍ਰਗਟ ਕੀਤੀ ਗਈ ਚਿੰਤਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਅਜਿਹੀਆਂ ਕੁੜੀਆਂ ਨੂੰ ਆਪਣੇ ਵੱਲੋਂ ਪੂਰੀ ਸਹਾਇਤਾ ਮੁਹੱਈਆ ਕਰਵਾਏਗੀ। ਇਹ ਕੁੜੀਆਂ ਵਿਦੇਸ਼ ਤੋਂ ਵਾਪਸ ਆ ਕੇ ਪੰਜਾਬ 'ਚ ਰਹਿਣ। ਉਨ੍ਹਾਂ ਬ੍ਰਿਟਿਸ਼ ਹਾਈ ਕਮਿਸ਼ਨਰ ਵੱਲੋਂ ਸਮਰਥਿਤ ਯੂ. ਕੇ. ਫ੍ਰੈਂਡਸ ਆਫ ਯੂਨੀਕ ਹੋਮ ਵੱਲੋਂ ਅਜਿਹੀਆਂ ਕੁੜੀਆਂ ਤੇ ਗੈਰ-ਕਾਨੂੰਨੀ ਢੰਗ ਨਾਲ ਇੰਗਲੈਂਡ ਗਏ ਨੌਜਵਾਨਾਂ ਨੂੰ ਵਾਪਸ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਸ਼ਰਨ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਕਈ ਹੋਰ ਲੋਕ ਵੀ ਵਾਪਸ ਆਉਣਾ ਚਾਹੁੰਦੇ ਹਨ ਪਰ ਡਰ ਦੇ ਕਾਰਨ ਨਹੀਂ ਆ ਰਹੇ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਸਬੰਧ 'ਚ ਉਕਤ ਪ੍ਰਵਾਸੀਆਂ ਲਈ ਓਰੀਐਂਟੇਸ਼ਨ ਪ੍ਰੋਗਰਾਮ ਚਲਾਉਣ।
ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ
NEXT STORY