ਪਟਿਆਲਾ(ਜੋਸਨ)–ਸੂਬਾ ਸਰਕਾਰ ਵੱਲੋਂ ਪੰਜਾਬ ਦੀ ਸਭ ਤੋਂ ਵੱਡੀ ਏ. ਸੀ. ਸਬਜ਼ੀ ਮੰਡੀ ਵਿਚ ਫੜ੍ਹੀਆਂ ਵਾਲੀ ਥਾਂ ਨੂੰ ਠੇਕੇਦਾਰ ਦੇ ਹਵਾਲੇ ਕਰਨ ਤੋਂ ਭਡ਼ਕੇ ਸੈਂਕਡ਼ੇ ਦੁਕਾਨਦਾਰਾਂ ਨੇ ਅੱਜ ਮੰਡੀ ਦੇ ਗੇਟ ਨੂੰ ਤਾਲਾ ਲਾ ਕੇ ਜ਼ੋਰਦਾਰ ਰੋਸ ਧਰਨਾ ਦਿੱਤਾ ਅਤੇ ਸਰਕਾਰ ਖਿਲਾਫ਼ ਆਕਾਸ਼-ਗੁੰਜਾਊ ਨਾਅਰੇਬਾਜ਼ੀ ਕੀਤੀ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਜੇਕਰ ਇਹ ਨਾਦਰਸ਼ਾਹੀ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਸਬਜ਼ੀ ਮੰਡੀ ਵਿਖੇ ਮੁਕੰਮਲ ਹਡ਼ਤਾਲ ਕਰ ਦਿੱਤੀ ਜਾਵੇਗੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਬਜ਼ੀ ਮੰਡੀ ਅੰਦਰ ਫੜ੍ਹੀ ਲਾਉਣ ਦਾ ਕੰਮ ਕਰਨ ਵਾਲੇ ਦੁਕਾਨਦਾਰ ਸੁਰੇਸ਼ ਸਿੰਗਲਾ, ਹਨੀ ਗੋਇਲ ਤੇ ਟਹਿਲ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੇ ਫੈਸਲੇ ਖਿਲਾਫ਼ 500 ਤੋਂ ਵੱਧ ਦੁਕਾਨਦਾਰ ਇਕੱਠੇ ਹੋ ਚੁੱਕੇ ਹਨ। ਜਦੋਂ ਤੋਂ ਸਨੌਰ ਪਟਿਆਲਾ ਰੋਡ ਉੱਪਰ ਸਰਕਾਰ ਵੱਲੋਂ ਮੰਡੀ ਬਣਾਈ ਗਈ ਹੈ, ਉਸ ਦਿਨ ਤੋਂ ਹੀ ਉਹ ਮੰਡੀ ਅੰਦਰ ਦੁਕਾਨਦਾਰੀ ਕਰ ਕੇ ਆਪਣਾ ਪਰਿਵਾਰ ਪਾਲ ਰਹੇ ਹਨ। ਮੰਡੀ ਬੋਰਡ ਵੱਲੋਂ ਕਿਸੇ ਵੀ ਦੁਕਾਨਦਾਰ ਨੂੰ ਮੰਡੀ ਵਿਚ ਫਡ਼੍ਹੀ ਲਾ ਕੇ ਸਬਜ਼ੀ ਵੇਚਣ ਲਈ ਹੁਣ ਤੱਕ ਕੋਈ ਜਗ੍ਹਾ ਨਹੀਂ ਦਿੱਤੀ ਗਈ। ਉਹ ਅੱਜ ਤੱਕ ਆਡ਼੍ਹਤੀਆਂ ਦੀ ਦੁਕਾਨਾਂ ਅੱਗੇ ਬੈਠ ਕੇ ਆਪਣਾ ਕੰਮ ਕਰ ਰਹੇ ਹਨ। ਜੇਕਰ ਪੰਜਾਬ ਸਰਕਾਰ ਵੱਲੋਂ ਸਬਜ਼ੀ ਮੰਡੀ ਵਿਚ ਫਡ਼੍ਹੀਆਂ ਲਾਉਣ ਵਾਲੀ ਕਾਰਵਾਈ ਨੂੰ ਠੇਕੇ ਦੇ ਉੱਪਰ ਦੇ ਦਿੱਤਾ ਗਿਆ ਤਾਂ ਇਥੇ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਗਰੀਬ ਦੁਕਾਨਦਾਰਾਂ ਨਾਲ ਧੱਕੇਸ਼ਾਹੀ ਹੋਵੇਗੀ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਡੀ ਵਿਚ ਲੱਗਣ ਵਾਲੀਅਾਂ ਫਡ਼੍ਹੀਅਾਂ ਠੇਕੇ ਉੱਪਰ ਨਹੀਂ ਹੋਣੀਆਂ ਚਾਹੀਦੀਆਂ। ਸਾਡੇ ਤੋਂ ਆਪਣਾ ਠੇਕਾ ਪੂਰਾ ਕਰਨ ਲਈ ਠੇਕੇਦਾਰ ਮਨਮਰਜ਼ੀ ਨਾਲ ਪਰਚੀਆਂ ਦੇ ਪੈਸੇ ਮੰਗਣਗੇ। ਇਸ ਪ੍ਰੇਸ਼ਾਨੀ ਤੋਂ ਨਿਜਾਤ ਪਾਉਣ ਲਈ ਉਹ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਠੇਕਾ ਸਿਸਟਮ ਬੰਦ ਕੀਤਾ ਜਾਵੇ। ਜੇਕਰ ਇਹ ਬੰਦ ਨਾ ਹੋਇਆ ਤਾਂ ਮੰਡੀ ਮੁਕੰਮਲ ਤੌਰ ’ਤੇ ਬੰਦ ਕਰ ਦਿੱਤੀ ਜਾਵੇਗੀ।
ਫਡ਼੍ਹੀਆਂ ਵਾਲਿਆਂ ਦੀ ਹਡ਼ਤਾਲ ਨਾਲ ਕਿਸਾਨਾਂ ਤੇ ਆਡ਼੍ਹਤੀਆਂ ਦਾ ਬਹੁਤ ਵੱਡਾ ਨੁਕਸਾਨ : ਪ੍ਰਧਾਨ ਭਾਟੀਆ
ਇਸ ਮੌਕੇ ਸਬਜ਼ੀ ਮੰਡੀ ਦੇ ਪ੍ਰਧਾਨ ਤਰਨਜੀਤ ਸਿੰਘ ਭਾਟੀਆ ਨੇ ਕਿਹਾ ਕਿ ਮੰਡੀ ਵਿਚ 80 ਪ੍ਰਤੀਸ਼ਤ ਸਾਮਾਨ ਫਡ਼੍ਹੀਆਂ ਵਾਲੇ ਹੀ ਖਰੀਦਦੇ ਹਨ। ਜੇਕਰ ਉਹ ਖਰੀਦ ਨਹੀਂ ਕਰਨਗੇ ਤਾਂ ਕਿਸਾਨਾਂ ਤੇ ਆਡ਼੍ਹਤੀਆਂ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੀ ਮੰਗ ਨੂੰ ਪਹਿਲ ਦੇ ਅਾਧਾਰ ’ਤੇ ਪੂਰਾ ਕੀਤਾ ਜਾਵੇ।
400 ਨਸ਼ੇ ਵਾਲੇ ਕੈਪਸੂਲਾਂ ਸਮੇਤ 2 ਕਾਬੂ
NEXT STORY