ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ, ਕੁਲਦੀਸ਼) : ਪਿੰਡ ਜਲਾਲਪੁਰ 'ਚ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੀ ਹੌਲਨਾਕ ਘਟਨਾ 'ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹਮਦਰਦੀ ਪ੍ਰਗਟਾਉਣ ਅੱਜ ਮੰਤਰੀ ਅਰੁਣਾ ਚੌਧਰੀ ਪੁੱਜੀ। ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਵਿੱਚ ਹੋ ਰਹੀ ਕਾਰਵਾਈ ਦੀ ਨਿੱਜੀ ਤੌਰ 'ਤੇ ਦੇਖਰੇਖ ਕਰ ਰਹੇ ਹਨ ਤਾਂ ਜੋ ਇਸ ਘਿਨਾਉਣੇ ਜ਼ੁਰਮ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਦਵਾਈ ਜਾ ਸਕੇ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਹਲਕਾ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆ ਅਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਸਮੇਤ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਆਫ਼ਤ ਅਤੇ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ ਅਤੇ ਦੋਸ਼ੀ ਕਿਸੇ ਵੀ ਕੀਮਤ 'ਤੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਵਿੱਚ ਜਲਦ ਹੀ ਚਲਾਨ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਉਪਰੰਤ ਕੇਸ ਦੀ ਸੁਣਵਾਈ ਫਾਸਟ ਟਰੈਕ 'ਤੇ ਕਰਵਾ ਕੇ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿਵਾਈ ਜਾਵੇਗੀ।
ਇਹ ਵੀ ਪੜ੍ਹੋ :ਕੇਂਦਰ ਨੇ ਰੋਕੀਆਂ ਪੰਜਾਬ ਦੀਆਂ 'ਮਾਲ ਗੱਡੀਆਂ', ਕਿਸਾਨਾਂ ਵੱਲੋਂ ਸਖ਼ਤ ਨਿਖੇਧੀ
ਪਰਿਵਾਰ ਵੱਲੋਂ ਮੰਤਰੀ ਨੂੰ ਦੱਸਿਆ ਗਿਆ ਕਿ ਪਰਿਵਾਰ ਦੀ ਇੱਕੋ-ਇੱਕ ਮੰਗ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਸਜ਼ਾ ਦਿਵਾਉਣਾ ਹੈ, ਜਿਸ 'ਤੇ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦਿਵਾਉਣ ਲਈ ਵਚਨਬੱਧ ਹੈ ਤਾਂ ਜੋ ਅੱਗੇ ਤੋਂ ਅਜਿਹੀਆਂ ਘਿਨੌਣੀਆਂ ਅਤੇ ਸਮਾਜ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਰੋਕੀਆਂ ਜਾ ਸਕਣ। ਪੱਤਰਕਾਰਾਂ ਵੱਲੋਂ ਇਸ ਮੌਕੇ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਅਰੁਣਾ ਚੌਧਰੀ ਨੇ ਇਸ ਸੰਵੇਦਨਸ਼ੀਲ ਮੁੱਦੇ 'ਤੇ ਸੌੜੀ ਸਿਆਸਤ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਅੰਦਰ ਝਾਤ ਮਾਰਨ ਲਈ ਕਿਹਾ। ਭਾਜਪਾ ਵੱਲੋਂ ਇਸ ਮੁੱਦੇ ਨੂੰ ਹਾਥਰਸ ਦੀ ਘਟਨਾ ਨਾਲ ਜੋੜਨ ਨੂੰ ਬਹੁਤ ਹੀ ਮੰਦਭਾਗਾ ਕਰਾਰ ਦਿੰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਦੋਵਾਂ ਮਾਮਲਿਆਂ 'ਚ ਸਾਰੇ ਤੱਥ ਅਤੇ ਸੱਚ ਲੋਕਾਂ ਦੇ ਸਾਹਮਣੇ ਹਨ ਪਰ ਫਿਰ ਵੀ ਭਾਜਪਾ ਵੱਲੋਂ ਇਸ ਸੰਵੇਦਨਸ਼ੀਲ ਮੁੱਦੇ 'ਤੇ ਸਿਆਸੀ ਦੂਸ਼ਣਬਾਜੀ ਘਟੀਆ ਰਾਜਨੀਤੀ ਤੋਂ ਇਲਾਵਾ ਕੁੱਝ ਵੀ ਨਹੀਂ। ਉਨ੍ਹਾਂ ਕਿਹਾ ਕਿ ਸਾਰਾ ਮੁਲਕ ਜਾਣਦਾ ਹੈ ਕਿ ਹਾਥਰਸ ਵਿੱਚ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਅਤੇ ਪੀੜਤ ਪਰਿਵਾਰ ਦੀਆਂ ਭਾਵਨਾਵਾਂ ਨੂੰ ਛਿੱਕੇ ਟੰਗਦਿਆਂ ਦੇਰ ਰਾਤ ਬਲਾਤਕਾਰ ਦੀ ਸ਼ਿਕਾਰ ਲੜਕੀ ਦਾ ਸਸਕਾਰ ਮਾਪਿਆਂ ਦੀ ਗੈਰ-ਹਾਜ਼ਰੀ 'ਚ ਕਰ ਦਿੱਤਾ ਗਿਆ।
ਰਾਜਨੀਤੀ ਤੋਂ ਪ੍ਰੇਰਿਤ ਬਿਆਨਾਂ ਲਈ ਭਾਜਪਾ ਲੀਡਰਸ਼ਿਪ ਨੂੰ ਘੇਰਦਿਆਂ ਅਰੁਣਾ ਚੌਧਰੀ ਨੇ ਕਿਹਾ ਕਿ ਹਾਥਰਸ ਦੀ ਘਟਨਾ ਦੇ ਉਲਟ ਪੰਜਾਬ ਵਿੱਚ ਇਸ ਸ਼ਰਮਨਾਕ ਘਟਨਾ ਵਾਪਰਨ ਤੋਂ ਤੁਰੰਤ ਬਾਅਦ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਹਾਥਰਸ ਦੀ ਘਟਨਾ ਵਿੱਚ ਜਿੱਥੇ ਭਾਜਪਾ ਦੀ ਸਰਕਾਰ ਅਤੇ ਪ੍ਰਸ਼ਾਸਨ ਦਾ ਸਾਰਾ ਜ਼ੋਰ ਘਟਨਾ 'ਤੇ ਪਰਦਾ ਪਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਲਈ ਲੱਗਾ ਹੋਇਆ ਸੀ, ਉੱਥੇ ਹੀ ਪੰਜਾਬ ਸਰਕਾਰ ਨੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਦੋਵਾਂ ਘਟਨਾਵਾਂ ਦੇ ਤੱਥਾਂ ਤੋਂ ਸਾਰਾ ਮੁਲਕ ਭਲੀ ਭਾਂਤ ਜਾਣੂ ਹੈ ਅਤੇ ਫਿਰ ਭਾਜਪਾ ਕਿਸ ਮੂੰਹ ਨਾਲ ਇਸ ਮੁੱਦੇ 'ਤੇ ਸਿਆਸਤ ਕਰ ਰਹੀ ਹੈ।
ਇਹ ਵੀ ਪੜ੍ਹੋ :ਧਰਮਸੌਤ ਵਲੋਂ ਕੈਪਟਨ ਦੀ ਤੁਲਨਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕਰਨ ਦਾ ਅਕਾਲੀ ਦਲ ਵਲੋਂ ਗੰਭੀਰ ਨੋਟਿਸ
ਪੰਜਾਬ ਸਰਕਾਰ ਨੇ ਔਰਤਾਂ ਦੀ ਬੇਹਤਰੀ ਲਈ ਚੁੱਕੇ ਅਹਿਮ ਕਦਮ
ਇਕ ਹੋਰ ਸਵਾਲ ਦੇ ਜਵਾਬ ਵਿੱਚ ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਸਰਕਾਰਾ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਔਰਤਾਂ ਖ਼ਿਲਾਫ਼ ਹੁੰਦੇ ਅਤਿਆਚਾਰਾਂ, ਸੋਸ਼ਣ ਅਤੇ ਹੋਰਨਾਂ ਘਟਨਾਵਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹੋਣ ਦੇ ਨਾਲ-ਨਾਲ ਔਰਤਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਸਮਾਜ ਵਿਚ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਇਸ ਸਬੰਧੀ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ, ਜਿਸ ਅਧੀਨ ਕੰਮਕਾਜ ਵਾਲੀਆਂ ਕੁੜੀਆਂ ਅਤੇ ਔਰਤਾਂ ਲਈ ਹੋਸਟਲਾਂ ਦੀ ਉਸਾਰੀ ਦੇ ਨਾਲ-ਨਾਲ ਸਖੀ-'ਵਨ ਸਟਾਪ ਸੈਂਟਰ' ਸਥਾਪਿਤ ਕੀਤੇ ਗਏ ਹਨ ਤਾਂ ਜੋ ਔਰਤਾਂ ਖ਼ਿਲਾਫ਼ ਹੁੰਦੀਆਂ ਘਟਨਾਵਾਂ ਦੀ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇੱਕਲੇ ਤਾਲਾਬੰਦੀ ਦੌਰਾਨ ਔਰਤਾਂ ਨਾਲ ਹੁੰਦੀਆਂ ਘਰੇਲੂ ਹਿੰਸਾਵਾਂ ਦੇ 706 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਤੇ ਪੰਜਾਬ ਸਰਕਾਰ ਵੱਲੋਂ ਲੋੜੀਂਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਹਿਲਾ ਸਸ਼ਕਤੀਕਰਨ ਅਧੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ 'ਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਆਉਂਦੇ ਸਮੇਂ 'ਚ ਸਰਕਾਰੀ ਭਰਤੀ ਦੌਰਾਨ ਔਰਤਾਂ ਲਈ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ।
ਹੁਣ 'ਪਰਾਲੀ' ਤੋਂ ਬਣੇਗਾ ਘਰੇਲੂ ਸਾਮਾਨ, ਘਰ ਬੈਠੇ ਕਮਾਈ ਕਰ ਸਕਣਗੀਆਂ ਸੁਆਣੀਆਂ (ਤਸਵੀਰਾਂ)
NEXT STORY