ਜਲੰਧਰ (ਨਰਿੰਦਰ ਮੋਹਨ)-ਪੰਜਾਬ ਦੀਆਂ ਜੇਲ੍ਹਾਂ ’ਚ ਬੈਠੇ ਜੁਰਮ ਦੀ ਦੁਨੀਆ ਚਲਾਉਣ ਵਾਲੇ ਗੈਂਗਸਟਰਾਂ ’ਤੇ ਮੁਕੰਮਲ ਸ਼ਿਕੰਜਾ ਕੱਸਣ ਲਈ ਪੰਜਾਬ ਸਰਕਾਰ ਨੇ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸੂਬਾ ਸਰਕਾਰ ਨੇ ਜੇਲ੍ਹਾਂ ਵਿਚ ਅਤਿ-ਆਧੁਨਿਕ ਮੋਬਾਇਲ ਸਿਸਟਮ ਵਾਲੇ ਜੈਮਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜਿਨ੍ਹਾਂ ਕੈਦੀਆਂ ਕੋਲੋਂ ਮੋਬਾਇਲ ਫੋਨ ਮਿਲ ਰਹੇ ਹਨ, ਉਨ੍ਹਾਂ ਦੀਆਂ ਸਿਮਾਂ ਦੇ ਮਾਲਕਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਲੰਬੇ ਸਮੇਂ ਬਾਅਦ ਇਹ ਪਹਿਲੀ ਵਾਰ ਹੋਵੇਗਾ, ਜਦੋਂ ਪੰਜਾਬ ਦਾ ਜੇਲ੍ਹ ਮਹਿਕਮਾ ਪੰਜਾਬ ਪੁਲਸ ਦੀ ਮਦਦ ਨਾਲ ਜੇਲ੍ਹਾਂ ਦੇ ਅੰਦਰ ਅਤੇ ਬਾਹਰ ਇਕੋ ਸਮੇਂ ਕਾਰਵਾਈ ਕਰੇਗਾ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਬੈਠੇ ਗੈਂਗਸਟਰ ਬੜੀ ਆਸਾਨੀ ਨਾਲ ਅਪਰਾਧ ਦੀ ਦੁਨੀਆ ਚਲਾ ਰਹੇ ਹਨ। ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਦਾ ਸਭ ਤੋਂ ਵੱਡਾ ਹਥਿਆਰ ਉਨ੍ਹਾਂ ਦੀ ਸੰਚਾਰ ਪ੍ਰਣਾਲੀ ਹੈ, ਜਿਸ ਵਿਚ ਮੋਬਾਇਲ ਫੋਨ ਸਭ ਤੋਂ ਵੱਡਾ ਹਥਿਆਰ ਹੈ। ਇਸ ਤੋਂ ਪਹਿਲਾਂ ਵੀ ਜੇਲ੍ਹਾਂ ਵਿਚ ਮੋਬਾਇਲ ਜੈਮਰ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਮੋਬਾਇਲ ਜੈਮਰ ਪੰਜਾਬ ਦੀਆਂ 4 ਜੇਲ੍ਹਾਂ ਕਪੂਰਥਲਾ, ਗੁਰਦਾਸਪੁਰ, ਸਕਿਓਰਿਟੀ ਜੇਲ੍ਹ ਨਾਭਾ ਅਤੇ ਸੰਗਰੂਰ ਵਿਚ ਲਗਾਏ ਗਏ ਸਨ ਪਰ ਜਦੋਂ ਇਹ ਮੋਬਾਇਲ ਜੈਮਰ ਲਗਾਏ ਗਏ ਸਨ ਤਾਂ ਮੋਬਾਇਲ ਵਿਚ ਇੰਟਰਨੈੱਟ ਦਾ 3G ਸਿਸਟਮ ਸੀ। ਉਸ ਤੋਂ ਬਾਅਦ ਜਦੋਂ 4G ਸਿਸਟਮ ਆਇਆ ਤਾਂ ਉਹ ਸਿਸਟਮ ਬੇਕਾਰ ਹੋ ਗਏ ਜਦਕਿ ਉਨ੍ਹਾਂ ’ਤੇ ਖ਼ਰਚਾ ਵੀ ਬਹੁਤ ਜ਼ਿਆਦਾ ਆਇਆ ਸੀ।
ਇਹ ਵੀ ਪੜ੍ਹੋ: ਅਫਗਾਨੀ ਸਿੱਖਾਂ ਨੂੰ ਸ਼ਰਣ ਦੇਣ ਲਈ ਵਚਨਬੱਧ ਭਾਰਤ ਸਰਕਾਰ: ਇਕਬਾਲ ਸਿੰਘ ਲਾਲਪੁਰਾ
ਪਹਿਲਾ ਤਜਰਬਾ ਅਸਫ਼ਲ ਰਹਿਣ ’ਤੇ ਸਰਕਾਰ ਨੇ 4 ਜੇਲ੍ਹਾਂ ਤੋਂ ਬਾਅਦ ਕਿਸੇ ਹੋਰ ਜੇਲ੍ਹ ਵਿਚ ਮੋਬਾਇਲ ਜੈਮਰ ਨਹੀਂ ਲਗਾਏ ਪਰ ਹੁਣ ਸਰਕਾਰ ਨੇ ਜੇਲ੍ਹਾਂ ਵਿਚ ਮੁੜ ਮੋਬਾਇਲ ਜੈਮਰ ਲਗਾਉਣ ਦੀ ਤਿਆਰੀ ਕਰ ਲਈ ਹੈ। ਇਸ ਮੁਤਾਬਕ ਹੁਣ ਸਰਕਾਰ ਮੋਬਾਇਲ ਕੰਪਨੀਆਂ ਤੋਂ ਆਊਟਸੋਰਸ ਦੇ ਆਧਾਰ ’ਤੇ ਮੋਬਾਇਲ ਜੈਮਰ ਲਗਵਾਉਣ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਜਿਵੇਂ ਹੀ ਇੰਟਰਨੈੱਟ ਦੀ 4G ਤਕਨੀਕ ਨੂੰ 5G ਵਿਚ ਬਦਲਿਆ ਜਾਵੇਗਾ, ਜੇਲ੍ਹ ਪ੍ਰਸ਼ਾਸਨ ਨੂੰ ਬਿਨਾਂ ਕੋਈ ਵਾਧੂ ਰਕਮ ਖਰਚ ਕੀਤੇ ਨਵਾਂ ਸਿਸਟਮ ਮਿਲ ਜਾਵੇਗਾ। ਬਦਲੇ ’ਚ ਜੇਲ੍ਹ ਪ੍ਰਸ਼ਾਸਨ ਨੂੰ ਉਹੀ ਕਿਰਾਇਆ ਅਦਾ ਕਰਨਾ ਪਵੇਗਾ। ਇਸ ਦੇ ਲਈ ਪੰਜਾਬ ਸਰਕਾਰ ਵੱਖ-ਵੱਖ ਨੈੱਟਵਰਕ ਕੰਪਨੀਆਂ ਨਾਲ ਤਾਲਮੇਲ ਕਰ ਰਹੀ ਹੈ। ਜੇਲ੍ਹ ਮਹਿਕਮੇ ਨੇ ਉਨ੍ਹਾਂ ਲੋਕਾਂ ਦੇ ਰਿਕਾਰਡ ਫਰੋਲਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਦੇ ਨੰਬਰਾਂ ’ਤੇ ਸਿਮ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਦਿੱਤੇ ਗਏ ਸਨ। ਸਰਕਾਰ ਅਜਿਹੇ ਲੋਕਾਂ ’ਤੇ ਵੀ ਸ਼ਿਕੰਜਾ ਕੱਸਣ ਦੀ ਪੂਰੀ ਤਿਆਰੀ ’ਚ ਹੈ। ਅਜਿਹੇ ਲੋਕਾਂ ਦੀਆਂ ਸੂਚੀਆਂ ਲਗਭਗ ਤਿਆਰ ਹਨ ਅਤੇ ਸਿਮ ਦੇਣ ਵਾਲੇ ਲੋਕਾਂ ਖ਼ਿਲਾਫ਼ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਜੇਲ੍ਹਾਂ ਵਿਚ ਨਾਨ-ਲੀਨੀਅਰ ਜੰਕਸ਼ਨ ਡਿਟੈਕਟਰ ਵੀ ਲਗਾਏ ਹਨ, ਜੋ ਜੇਲ੍ਹਾਂ ਵਿਚ ਮੋਬਾਇਲ ਮੌਜੂਦ ਹੋਣ ’ਤੇ ਬੀਪ ਕਰਕੇ ਵੱਜਣ ਲੱਗਦੇ ਹਨ। ਅਜਿਹੇ ਯੰਤਰ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿਚ ਮੁਹੱਈਆ ਕਰਵਾਏ ਗਏ ਹਨ।
ਇਹ ਵੀ ਪੜ੍ਹੋ: ਗੈਂਗਸਟਰ ਗੋਲਡੀ ਬਰਾੜ ਦੇ ਨਜ਼ਦੀਕੀ ਸਾਥੀ ਸਣੇ 2 ਮੁਲਜ਼ਮ ਗ੍ਰਿਫ਼ਤਾਰ, ਹੋ ਸਕਦੇ ਵੱਡੇ ਖ਼ੁਲਾਸੇ
ਪਿਛਲੇ ਕੁਝ ਦਿਨਾਂ ਤੋਂ ਜੇਲ੍ਹ ਮਹਿਕਮੇ ਦੀ ਇਸੇ ਸੁਰੱਖਿਆ ਨੀਤੀ ਕਾਰਨ ਜੇਲ੍ਹਾਂ ਵਿਚੋਂ 1800 ਤੋਂ ਵੱਧ ਮੋਬਾਇਲ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿਚੋਂ ਕੁਝ ਮੋਬਾਇਲ ਫ਼ੋਨ ਟੱਚ ਸਕਰੀਨ ਵਾਲੇ ਸਨ, ਜਦਕਿ ਹੋਰ ਕੀਪੈਡ ਵਾਲੇ ਮੋਬਾਇਲ ਫ਼ੋਨ ਸਨ। ਇਸ ਦੇ ਨਾਲ ਹੀ ਬਰਾਮਦ ਕੀਤੇ ਗਏ ਮੋਬਾਇਲਾਂ ਸਬੰਧੀ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਦੇ ਨਾਂ ’ਤੇ ਮੋਬਾਇਲ ਬਰਾਮਦ ਕੀਤੇ ਗਏ ਅਤੇ ਜਿਨ੍ਹਾਂ ਲੋਕਾਂ ਦੇ ਨਾਂ ’ਤੇ ਸਿਮ ਜਾਰੀ ਕੀਤੇ ਗਏ ਸਨ, ਉਨ੍ਹਾਂ ਨੂੰ ਵੀ ਥਾਣਿਆਂ ’ਚ ਬੁਲਾ ਕੇ ਪੁੱਛਗਿੱਛ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਵਿਚ 300 ਦੇ ਲਗਭਗ ਛੋਟੇ-ਵੱਡੇ ਗੈਂਗਸਟਰ ਸਜ਼ਾਵਾਂ ਭੁਗਤ ਰਹੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਗੈਂਗਸਟਰਾਂ ਨੂੰ ਹਾਈ ਸਕਿਓਰਿਟੀ ਜੇਲ੍ਹਾਂ ਵਿਚ ਸਪੈਸ਼ਲ ਜ਼ੋਨ ਬਣਾ ਕੇ ਰੱਖਿਆ ਗਿਆ ਹੈ ਅਤੇ ਜਿੱਥੇ ਗੈਂਗਸਟਰਾਂ ਨੂੰ ਰੱਖਿਆ ਗਿਆ ਹੈ, ਸਰਕਾਰ ਦੀ ਯੋਜਨਾ ਅਨੁਸਾਰ ਜ਼ਿਆਦਾਤਰ ਜੈਮਰ ਉੱਥੇ ਹੀ ਲਗਾਏ ਜਾਣੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਸਭ ਤੋਂ ਵੱਡਾ ਖ਼ਤਰਾ ਆਬਾਦੀ ਵਾਲੇ ਇਲਾਕਿਆਂ ਵਿਚ ਪੈਂਦੀਆਂ ਜੇਲ੍ਹਾਂ ਨੂੰ ਹੈ, ਜਿੱਥੋਂ ਮੁਲਜ਼ਮਾਂ ਦੇ ਸਾਥੀ ਬਾਹਰੋਂ ਕੰਧਾਂ ਉੱਪਰੋਂ ਹੀ ਅੰਦਰ ਸਾਮਾਨ ਸੁੱਟ ਦਿੰਦੇ ਹਨ, ਇਸ ਦੇ ਲਈ ਜੇਲ੍ਹ ਮਹਿਕਮੇ ਵੱਲੋਂ ਵੱਖਰੇ ਤੌਰ ’ਤੇ ਸੁਰੱਖਿਆ ਦੀ ਤਿਆਰੀ ਕੀਤੀ ਜਾ ਰਹੀ ਹੈ। ਕੰਧਾਂ ਰਾਹੀਂ ਜ਼ਿਲ੍ਹਿਆਂ ਵਿਚ ਫੈਕਟਰੀਆਂ ’ਚ ਜਾਣ ਵਾਲੀਆਂ ਜ਼ਿਆਦਾਤਰ ਚੀਜ਼ਾਂ ਵਿਚ ਮੋਬਾਇਲ, ਜ਼ਰਦਾ, ਬੀੜੀਆਂ ਜਾਂ ਨਸ਼ੇ ਵਾਲੀਆਂ ਦਵਾਈਆਂ ਹੁੰਦੀਆਂ ਹਨ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਧੀ ਬੁਲੇਟ ਪਰੂਫ਼ ਗੱਡੀਆਂ ਦੀ ਮੰਗ, ਜਾਣੋ ਕਿੰਨਾ ਆਉਂਦਾ ਹੈ ਖ਼ਰਚਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਦਲਵੀਰ ਗੋਲਡੀ, CM ਮਾਨ ਬਾਰੇ ਕਹੀ ਵੱਡੀ ਗੱਲ
NEXT STORY