ਜਲੰਧਰ (ਖੁਰਾਣਾ)— ਅਕਾਲੀ-ਭਾਜਪਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਪਿਛਲੇ ਸਾਲ ਸ਼ਹਿਰੀ ਵਿਕਾਸ ਲਈ ਹਜ਼ਾਰਾਂ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ, ਜਿਨ੍ਹਾਂ 'ਚੋਂ ਨਗਰ ਨਿਗਮ ਲਈ 272 ਕਰੋੜ ਰੁਪਏ ਦੀ ਗ੍ਰਾਂਟ ਪੀ. ਆਈ. ਡੀ. ਬੀ. ਦੇ ਰਾਹੀਂ ਭੇਜੀ ਗਈ ਸੀ। ਕੁਝ ਕਾਰਨਾਂ ਕਾਰਨ ਇਹ ਗ੍ਰਾਂਟ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਖਰਚ ਨਹੀਂ ਹੋ ਸਕੀ ਤੇ ਬਾਅਦ ਵਿਚ ਕਾਂਗਰਸ ਸਰਕਾਰ ਆਉਣ ਨਾਲ ਇਹ ਆਸ ਜ਼ਰੂਰ ਜਾਗੀ ਕਿ ਹੁਣ ਪਿਛਲੇ ਪੈਸਿਆਂ ਨਾਲ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਤੇਜ਼ ਹੋਵੇਗੀ ਪਰ ਹੋਇਆ ਇਸਦੇ ਬਿਲਕੁਲ ਉਲਟ।
ਕਾਂਗਰਸ ਸਰਕਾਰ ਨੇ ਪੰਜਾਬ ਦੀ ਸੱਤਾ 'ਤੇ ਕਾਬਜ਼ ਹੁੰਦਿਆਂ ਹੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵਲੋਂ ਇਸ ਗ੍ਰਾਂਟ ਅਧੀਨ ਕਰਵਾਏ ਜਾ ਰਹੇ ਸਭ ਕੰਮਾਂ ਦਾ ਵੇਰਵਾ ਮੰਗਵਾ ਲਿਆ ਹੈ ਅਤੇ ਉਹ ਸਭ ਕੰਮ ਰੁਕਵਾ ਦਿੱਤੇ ਜੋ ਅਜੇ ਸ਼ੁਰੂ ਨਹੀਂ ਹੋਏ ਸਨ।
ਸਰਕਾਰ ਨੇ ਉਨ੍ਹਾਂ ਕੰਮਾਂ ਦਾ ਵੀ ਵੇਰਵਾ ਵੱਖਰੇ ਤੌਰ 'ਤੇ ਮੰਗਵਾਇਆ, ਜੋ ਚੱਲ ਰਹੇ ਸਨ ਅਤੇ ਉਨ੍ਹਾਂ ਨੂੰ ਜਾਰੀ ਰੱਖਣ ਦੇ ਹੁਕਮ ਦਿੱਤੇ ਗਏ ਪਰ ਹੁਣ ਉਨ੍ਹਾਂ ਦੇ ਪੈਸੇ ਵੀ ਰਿਲੀਜ਼ ਨਾ ਹੋਣ ਕਾਰਨ ਸ਼ਹਿਰ ਦੇ ਵਧੇਰੇ ਵਿਕਾਸ ਕਾਰਜਾਂ 'ਤੇ ਸੰਕਟ ਆ ਖੜ੍ਹਾ ਹੋਇਆ ਹੈ। ਜਿਹੜੇ ਕੰਮ ਚੱਲ ਰਹੇ ਸਨ, ਉਹ ਵੀ ਠੇਕੇਦਾਰਾਂ ਵਲੋਂ ਫੰਡ ਦੀ ਕਮੀ ਕਾਰਨ ਰੁਕਵਾ ਦਿੱਤੇ ਗਏ ਹਨ।
200 ਸੜਕਾਂ ਦਾ ਕੰਮ ਹੋਵੇਗਾ ਪ੍ਰਭਾਵਿਤ
ਪੰਜਾਬ ਸਰਕਾਰ ਵਲੋਂ ਪੀ. ਆਈ. ਡੀ. ਬੀ. ਅਧੀਨ ਅਲਾਟ ਕੀਤੇ ਕੰਮਾਂ ਨੂੰ ਰੋਕ ਦੇਣ ਅਤੇ ਚੱਲ ਰਹੇ ਕੰਮਾਂ ਦੇ ਫੰਡ ਨਾ ਭੇਜਣ ਕਾਰਨ ਸ਼ਹਿਰ ਦੀਆਂ ਲਗਭਗ 200 ਸੜਕਾਂ ਦਾ ਕੰਮ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਬਰਸਾਤਾਂ ਹੋਣ ਵਿਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਕੰਮ ਬਰਸਾਤਾਂ ਦਾ ਮੌਸਮ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਣਗੇ। ਪੰਜਾਬ ਸਰਕਾਰ ਨੇ ਪਹਿਲੇ ਝਟਕੇ ਵਿਚ ਹੀ ਉਹ 50 ਕੰਮ ਰੁਕਵਾ ਦਿੱਤੇ ਸਨ, ਜੋ ਸ਼ੁਰੂ ਨਹੀਂ ਹੋ ਸਕੇ ਸਨ ਅਤੇ 30 ਕਰੋੜ ਰੁਪਏ ਦੀ ਲਾਗਤ ਦੇ ਸਨ। ਉਸ ਤੋਂ ਬਾਅਦ ਸ਼ਹਿਰ ਵਿਚ 122 ਕੰਮ ਚੱਲ ਰਹੇ ਸਨ, ਜੋ 65 ਕਰੋੜ ਰੁਪਏ ਦੀ ਲਾਗਤ ਦੇ ਸਨ ਪਰ ਪੰਜਾਬ ਸਰਕਾਰ ਨੇ 65 ਕਰੋੜ ਵਿਚੋਂ ਸਿਰਫ 15 ਕਰੋੜ ਰੁਪਏ ਹੀ ਰਿਲੀਜ਼ ਕੀਤੇ ਹਨ ਤੇ 50 ਕਰੋੜ ਨਾ ਆਉਣ ਨਾਲ ਨਿਗਮ ਦਾ ਸਾਰਾ ਹਿਸਾਬ-ਕਿਤਾਬ ਵਿਗੜ ਗਿਆ ਹੈ ਤੇ ਠੇਕੇਦਾਰਾਂ ਨੇ ਕੰਮ ਰੋਕ ਦਿੱਤੇ ਹਨ।
ਅਮਰਿੰਦਰ ਸਰਕਾਰ ਭ੍ਰਿਸ਼ਟ, ਕਨਫਿਊਜ਼ ਤੇ ਲੋਕ ਵਿਰੋਧੀ : ਮੇਅਰ
ਇਸ ਦੌਰਾਨ ਨਗਰ ਨਿਗਮ ਦੇ ਮੇਅਰ ਸੁਨੀਲ ਜੋਤੀ ਨੇ ਪੰਜਾਬ ਸਰਕਾਰ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਨੇ ਕਿਹਾ ਕਿ ਤਿੰਨ ਮਹੀਨਿਆਂ ਵਿਚ ਹੀ ਅਮਰਿੰਦਰ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਉਨ੍ਹਾਂ ਇਸ ਸਰਕਾਰ ਨੂੰ ਭ੍ਰਿਸ਼ਟ, ਕਨਫਿਊਜ਼ ਤੇ ਲੋਕ ਵਿਰੋਧੀ ਵੀ ਕਰਾਰ ਦਿੱਤਾ। ਮੇਅਰ ਨੇ ਕਿਹਾ ਕਿ ਰਾਣਾ ਗੁਰਜੀਤ 'ਤੇ ਸੈਂਡ ਤੇ ਲੈਂਡ ਸਕੇਪ ਦੇ ਕਾਫੀ ਗੰਭੀਰ ਦੋਸ਼ ਹਨ ਪਰ ਅਮਰਿੰਦਰ ਸਰਕਾਰ ਉਨ੍ਹਾਂ ਦੀ ਜਾਂਚ ਤੋਂ ਭੱਜ ਰਹੀ ਹੈ। ਸਰਕਾਰ ਇੰਨੀ ਕਨਫਿਊਜ਼ ਹੈ ਕਿ ਇਕ-ਇਕ ਕਰਮਚਾਰੀ ਦੇ ਕਈ-ਕਈ ਤਬਾਦਲੇ ਕਰ ਚੁੱਕੀ ਹੈ ਤੇ ਜ਼ਿਆਦਾਤਰ ਤਬਾਦਲਿਆਂ ਨੂੰ ਵਾਪਸ ਵੀ ਲਿਆ ਗਿਆ ਹੈ। ਇਸ ਸਰਕਾਰ ਦੇ ਕਈ ਅਜਿਹੇ ਫੈਸਲੇ ਹਨ, ਜੋ ਲੋਕ ਵਿਰੋਧੀ ਹਨ। ਅਕਾਲੀ-ਭਾਜਪਾ ਨੇ ਭਰਪੂਰ ਵਿਕਾਸ ਕਰਵਾਇਆ ਪਰ ਕਾਂਗਰਸ ਨੇ ਸਾਰੇ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਹੈ। ਇਸ ਸਰਕਾਰ ਨੇ ਬਜ਼ੁਰਗਾਂ ਨੂੰ 2000 ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਤੇ ਹਰ ਘਰ ਵਿਚ ਨੌਕਰੀ ਤੇ ਸਮਾਰਟ ਫੋਨ ਦੇ ਲਾਲਚ ਦਿੱਤੇ ਗਏ ਪਰ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਵਿਚ ਹੀ ਲੋਕ ਸਰਕਾਰ ਤੋਂ ਤੰਗ ਆ ਗਏ ਹਨ।
ਸਾਡੀ ਸਰਕਾਰ ਹੁੰਦੀ ਤਾਂ ਨੱਕ ਰਗੜਵਾ ਕੇ ਲੈਂਦੀ ਪੰਜਾਬ ਤੋਂ ਪਾਣੀ : ਚੌਟਾਲਾ
NEXT STORY