ਨਾਭਾ (ਜਗਨਾਰ, ਪੁਰੀ) : ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਨੂੰ ਅਜਿਹੇ ਵਾਅਦੇ ਨਹੀਂ ਕਰਨੇ ਚਾਹੀਦੇ ਜੋ ਉਹ ਪੂਰੇ ਨਾ ਕਰ ਸਕਣ ਕਿਉਂਕਿ ਇਸ ਕਰਕੇ ਲੋਕਾਂ ਦਾ ਸਿਆਸੀ ਪਾਰਟੀਆਂ ਤੋਂ ਵਿਸ਼ਵਾਸ ਉੱਠ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਾਜਿੰਦਰ ਕੌਰ ਭੱਠਲ ਨੇ ਨਾਭਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਲੋਕ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਐਫੀਡੇਵਿਟ ਲੈਣੇ ਸ਼ੁਰੂ ਕਰ ਦੇਣਗੇ ਕਿ ਅਸੀਂ ਚੋਣਾਂ ਜਿੱਤਣ ਤੋਂ ਬਾਅਦ ਆਹ ਕੰਮ ਜ਼ਰੂਰ ਕਰਾਵਾਂਗੇ। ਪੰਜਾਬ ਦੀ ਮੌਜੂਦਾ ਸਰਕਾਰ ਤੇ ਤੰਜ ਕੱਸਦਿਆਂ ਬੀਬੀ ਭੱਠਲ ਨੇ ਕਿਹਾ ਕਿ ਛੇ ਮਹੀਨੇ ਬੀਤਣ ਦੇ ਬਾਅਦ ਵੀ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ ਕਿਉਂਕਿ ਜਿਸ ਬਦਲਾਅ ਤਹਿਤ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਸੀ ਉਸ ’ਤੇ ਉਹ ਖਰਾ ਨਹੀਂ ਉਤਰੀ।
ਕੈਪਟਨ ਅਮਰਿੰਦਰ ਸਿੰਘ ਦੇ ਭਾਜਪਾ ’ਚ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ’ਤੇ ਬੀਬੀ ਭੱਠਲ ਨੇ ਕਿਹਾ ਕਿ ਹਾਲੇ ਹੋਰ ਪਤਾ ਨਹੀਂ ਕਿਹੜੀ ਕਿਹੜੀ ਪਾਰਟੀ ਜਾਣਗੇ ਕਿਉਂਕਿ ਪਹਿਲਾਂ ਉਹ ਅਕਾਲੀ ਸੀ ਫਿਰ ਕਾਂਗਰਸੀ ਤੇ ਹੁਣ ਭਾਜਪਾ ’ਚ । ਬੀਬੀ ਭੱਠਲ ਨੇ ਸਮੁੱਚੀਆਂ ਸਿਆਸੀ ਪਾਰਟੀਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਚੋਣਾਂ ਵਿਚ ਉਹੀ ਵਾਅਦਾ ਕੀਤਾ ਜਾਵੇ ਜੋ ਉਹ ਪੂਰਾ ਕਰ ਸਕਣ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਕਾਕਾ ਰਾਹੁਲ ਇੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਗੌਰਵ ਗਾਬਾ, ਇੰਦਰਜੀਤ ਸਿੰਘ ਚੀਕੂ, ਚਰਨਜੀਤ ਬਾਤਿਸ਼, ਵਿਵੇਕ ਸਿੰਗਲਾ ਸ਼ਹਿਰੀ ਪ੍ਰਧਾਨ ਕਾਂਗਰਸ ਆਦਿ ਮੌਜੂਦ ਸਨ।
ਬੈਂਕ ਨਾਲ 25 ਲੱਖ ਰੁਪਏ ਦਾ ਘਪਲਾ ਕਰਨ ਵਾਲਾ ਭਗੌੜਾ ਵਿਜੀਲੈਂਸ ਵੱਲੋਂ ਕਾਬੂ
NEXT STORY