ਫਾਜ਼ਿਲਕਾ (ਨਾਗਪਾਲ)– ਪੰਜਾਬ ਸਰਕਾਰ ’ਚ ਪ੍ਰਸ਼ਾਸਨਿਕ ਕੰਮਾਂ ’ਚ ਕਿਸ ਤਰ੍ਹਾਂ ਸਿਰਫ ਪੋਚਾ-ਪਾਚੀ ਕੀਤੀ ਜਾ ਰਹੀ ਹੈ, ਇਸ ਦੀ ਇਕ ਉਦਹਾਰਣ ਸੇਵਾਮੁਕਤ ਪੋਸਟ ਮਾਸਟਰ ਫਾਜ਼ਿਲਕਾ ਵਾਸੀ ਰਮੇਸ਼ ਕੁਮਾਰ ਦੇ ਪੁੱਤਰ ਦੀ ਬਦਲੀ ਲਈ ਬੇਨਤੀ ਦੇ ਮਾਮਲੇ ’ਚ ਦੇਖਣ ਨੂੰ ਮਿਲਦੀ ਹੈ, ਜੋ ਪਿਛਲੇ ਕਰੀਬ 5 ਮਹੀਨਿਆਂ ਤੋਂ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ।
ਇਸ ਪ੍ਰਤੀਨਿਧੀ ਨੂੰ ਸਾਰੇ ਦਸਤਾਵੇਜ਼ ਮੁਹੱਈਆ ਕਰਵਾਉਂਦੇ ਹੋਏ ਰਮੇਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਲੜਕਾ ਅੰਕਿਤ ਕੁਮਾਰ ਕਰੀਬ 2 ਸਾਲ ਪਹਿਲਾਂ ਪੰਜਾਬ ਸਰਕਾਰ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ’ਚ ਕਲਰਕ ਦੇ ਅਹੁਦੇ ’ਤੇ ਨਿਯੁਕਤ ਹੋਇਆ ਸੀ। ਅਗਸਤ 2024 ’ਚ ਉਸ ਦੀ ਬਦਲੀ ਮੁੱਖ ਨਗਰ ਯੋਜਨਾਕਾਰ ਪੰਜਾਬ ਮੁੱਖ ਦਫਤਰ ਚੰਡੀਗੜ੍ਹ ਤੋਂ ਦਫਤਰ ਜ਼ਿਲਾ ਨਗਰ ਯੋਜਨਾਕਾਰ ਫਾਜ਼ਿਲਕਾ ਵਿਖੇ ਹੋਈ ਸੀ। ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਬਤੌਰ ਪੋਸਟ ਮਾਸਟਰ ਸੇਵਾਮੁਕਤ ਹੋ ਚੁੱਕਿਆ ਹੈ ਅਤੇ ਫਾਜ਼ਿਲਕਾ ਵਿਖੇ ਸਥਾਈ ਤੌਰ ’ਤੇ ਸੈਟਲ ਹੈ। ਉਸ ਦੀ ਪਤਨੀ ਕੋਰੋਨਾ ਕਾਲ ਤੋਂ ਮਗਰੋਂ ਬੀਮਾਰ ਰਹਿੰਦੀ ਹੈ। ਅੰਕਿਤ ਕੁਮਾਰ ਕੁਆਰਾ ਹੈ ਅਤੇ ਉਸ ਦਾ ਇਕਲੌਤਾ ਲੜਕਾ ਹੈ, ਜੋ ਮੈਡੀਕਲ ਜ਼ਰੂਰਤ ਮੁਤਾਬਕ ਉਸ ਦੀ ਪਤਨੀ ਦੀ ਦੇਖਭਾਲ ਵੀ ਕਰਦਾ ਹੈ। ਰਮੇਸ਼ ਕੁਮਾਰ ਨੇ ਦੱਸਿਆ ਕਿ ਅਗਸਤ 2024 ’ਚ ਅੰਕਿਤ ਕੁਮਾਰ ਦੀ ਬਦਲੀ ਵੀ ਅਖੌਤੀ ਤੌਰ ’ਤੇ ਇਸ ਕਾਰਨ ਫਾਜ਼ਿਲਕਾ ਵਿਖੇ ਹੋਈ ਸੀ।
ਅੰਕਿਤ ਕੁਮਾਰ ਜ਼ਿਲ੍ਹਾ ਨਗਰ ਯੋਜਨਾਕਾਰ ਦਫਤਰ ਫਾਜ਼ਿਲਕਾ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਸੀ ਕਿ ਇਕ ਸਾਲ ਦੇ ਅੰਦਰ 15 ਸਤੰਬਰ 2025 ਨੂੰ ਉਸ ਦੀ ਬਦਲੀ ਫਾਜ਼ਿਲਕਾ ਤੋਂ ਸੀਨੀਅਰ ਨਗਰ ਯੋਜਨਾਕਾਰ ਦਫਤਰ ਅੰਮ੍ਰਿਤਸਰ ਵਿਖੇ ਕਰ ਦਿੱਤੀ ਗਈ। ਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਤਬਾਦਲਾ ਵਿਭਾਗ ਦੀਆਂ ਮਿਥੀਆਂ ਗਾਈਡਲਾਈਨਜ਼ ਨੂੰ ਧਿਆਨ ’ਚ ਰੱਖੇ ਬਿਨਾਂ ਕੀਤਾ ਗਿਆ ਜਾਪਦਾ ਹੈ। ਸਤੰਬਰ ’ਚ ਬਦਲੀ ਮਗਰੋਂ ਉਸ ਨੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਦੀ ਰਿਕਮੈਂਡਸ਼ੇਸਨ ਵਾਲਾ ਪੱਤਰ ਡਾਇਰੈਕਟਰ ਨਗਰ ਅਤੇ ਗ੍ਰਾਮ ਯੋਜਨਾਬੰਦੀ ਵਿਭਾਗ ਪੰਜਾਬ ਨੂੰ ਭੇਜਿਆ ਸੀ, ਜਿਸ ’ਚ ਮੰਗ ਕੀਤੀ ਗਈ ਸੀ ਉਸ ਦੀ ਬਦਲੀ ਰੱਦ ਕੀਤੀ ਜਾਵੇ।
ਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਤਿੰਨ ਵਾਰ ਚੰਡੀਗੜ੍ਹ ’ਚ ਸਬੰਧਤ ਉੱਚ ਅਧਿਕਾਰੀਆਂ ਨੂੰ ਵੀ ਮਿਲ ਚੁੱਕਾ ਹੈ ਅਤੇ ਇਸ ਸਬੰਧੀ ਰਾਜਪਾਲ ਪੰਜਾਬ ਅਤੇ ਭਾਰਤ ਦੇ ਰਾਸ਼ਟਰਪਤੀ ਤੱਕ ਨੂੰ ਅਪੀਲ ਕਰ ਚੁੱਕਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਨੂੰ ਅਜੇ ਤੱਕ ਇਹ ਹੀ ਨਹੀਂ ਪਤਾ ਲੱਗ ਪਾਇਆ ਹੈ ਕਿ ਉਸ ਦੇ ਲੜਕੇ ਦੀ ਬਦਲੀ ਸਬੰਧੀ ਕੀ ਪ੍ਰਕਿਰਿਆ ਅਪਣਾਈ ਜਾ ਰਹੀ ਹੈ ਅਤੇ ਉਸ ਦੇ ਪੁੱਤਰ ਦੀ ਬਦਲੀ ਕਿਸ ਆਧਾਰ ’ਤੇ ਰੱਦ ਨਹੀਂ ਕੀਤੀ ਜਾ ਰਹੀ।
ਕੀ ਬਚੀ ਹੈ ਕੋਈ ਥਾਂ ਜਿੱਥੇ ਸੁਰੱਖਿਅਤ ਮਹਿਸੂਸ ਕਰ ਸਕਣ ਲੋਕ: ਰਾਜਾ ਵੜਿੰਗ
NEXT STORY