ਚੰਡੀਗੜ੍ਹ (ਟੱਕਰ) - ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਵਲੋਂ ਨਵੇਂ ਜਾਰੀ ਫੁਰਮਾਨ ਅਨੁਸਾਰ ਹੁਣ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੇ ਖਣਿਜ ਪਦਾਰਥਾਂ ’ਤੇ 7 ਰੁਪਏ ਪ੍ਰਤੀ ਫੁੱਟ ਰਿਆਲਿਟੀ/ਜੁਰਮਾਨਾ ਵਸੂਲਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਸਬੰਧੀ ਨਾਕਾਬੰਦੀ ਕਰ ਵਸੂਲੀ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਵਿਚ ਮਾਈਨਿੰਗ ਘੱਟ ਹੋਣ ਕਾਰਨ ਇੱਥੋਂ ਦੇ ਕਰੈਸ਼ਰ 70 ਫੀਸਦੀ ਤੋਂ ਵੱਧ ਬੰਦ ਪਏ ਹਨ, ਜਿਸ ਕਾਰਨ ਖਣਿਜ ਪਦਾਰਥਾਂ ਦੀ ਪੂਰਤੀ ਲਈ ਟਿੱਪਰ ਤੇ ਟਰੱਕ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਤੋਂ ਰੇਤਾ ਤੇ ਬਜਰੀ ਲਿਆ ਕੇ ਸਪਲਾਈ ਕਰ ਰਹੇ ਹਨ। ਪੰਜਾਬ ਵਿਚ ਮਾਈਨਿੰਗ ਘੱਟ ਹੋਣ ਕਾਰਨ ਹਿਮਾਚਲ ਪ੍ਰਦੇਸ਼ ਵਲੋਂ ਖਣਿਜ ਪਦਾਰਥਾਂ ਦੇ ਭਾਅ ਵਿਚ ਪਹਿਲਾਂ ਹੀ ਵਾਧਾ ਕੀਤਾ ਹੋਇਆ ਸੀ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 7 ਰੁਪਏ ਪ੍ਰਤੀ ਫੁੱਟ ਰੇਤਾ, ਬਜਰੀ ਲੈ ਕੇ ਆਉਣ ਵਾਲੇ ਟਰੱਕਾਂ ਤੋਂ ਰਿਆਲਟੀ/ਜ਼ੁਰਮਾਨਾ ਵਸੂਲਣ ਦੇ ਉਦੇਸ਼ ਨਾਲ ਰੇਤ ਤੇ ਬਜਰੀ ਦੇ ਭਾਅ ਵਿਚ ਬੇਤਹਾਸ਼ਾ ਵਾਧਾ ਹੋਵੇਗਾ।
ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)
ਅਜਿਹਾ ਕਰਨ ਨਾਲ ਮਹਿੰਗਾਈ ਵਧੇਗੀ ਅਤੇ ਲੋਕਾਂ ਨੂੰ ਆਪਣੇ ਸੁਫ਼ਨਿਆਂ ਦੇ ਘਰ ਬਣਾਉਣੇ ਅਤੇ ਠੇਕੇਦਾਰਾਂ ਵਲੋਂ ਕਰਵਾਏ ਜਾਣ ਵਾਲੇ ਵਿਕਾਸ ਕਾਰਜ ਪ੍ਰਭਾਵਿਤ ਹੋਣਗੇ। ਪੰਜਾਬ ਸਰਕਾਰ ਦੇ ਮਾਈਨਿੰਗ ਵਿਭਾਗ ਵਲੋਂ 24-8-2022 ਨੂੰ ਜਾਰੀ ਨੋਟੀਫਿਕੇਸ਼ਨ ਅਤੇ ਪੰਜਾਬ ਸਟੇਟ ਮਾਈਨਿੰਗ ਪਾਲਿਸੀ-2022 ਤਹਿਤ ਹੁਣ ਜੇਕਰ ਕੋਈ ਵੀ ਵਾਹਨ ਹਿਮਾਚਲ ਪ੍ਰਦੇਸ਼ ਤੋਂ ਖਣਿਜ ਪਦਾਰਥ ਲੈ ਕੇ ਆਵੇਗਾ ਤਾਂ ਉਸ ਨੂੰ ਆਪਣੇ ਦਸਤਾਵੇਜ਼ ਦਿਖਾਉਣੇ ਪੈਣਗੇ। ਜੇਕਰ ਉਸ ਟਰੱਕ ਵਿਚ ਭਰੇ ਖਣਿਜ ਪਦਾਰਥ ਹਿਮਾਚਲ ਪ੍ਰਦੇਸ਼ ਵਲੋਂ ਜਾਰੀ ਕੀਤੇ ਗਏ ਮਾਈਨਿੰਗ ਫਾਰਮ ਤੋਂ ਵੱਧ ਮਾਤਰਾ ਵਿਚ ਪਾਏ ਗਏ ਤਾਂ ਪੰਜਾਬ ਦਾ ਮਾਈਨਿੰਗ ਵਿਭਾਗ ਉਸ ਕੋਲੋਂ 7 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਰਿਆਲਿਟੀ ਤੇ ਜੁਰਮਾਨਾ ਵਸੂਲ ਕਰੇਗਾ। ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਦੀਆਂ ਪ੍ਰਮੁੱਖ ਸੜਕਾਂ ਜਿੱਥੋਂ ਕਿ ਖਣਿਜ ਪਦਾਰਥਾਂ ਵਾਲੇ ਟਰੱਕ ਲੰਘਦੇ ਹਨ, ਉੱਥੇ ਨਾਕਾਬੰਦੀ ਕਰ ਫਰਸ਼ੀ ਕੰਡੇ ਲਗਾ ਦਿੱਤੇ ਗਏ ਹਨ ਅਤੇ 7 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਵਸੂਲੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼
ਖਣਿਜ ਪਦਾਰਥਾਂ ਵਿਚ ਇੱਕਦਮ 7 ਰੁਪਏ ਪ੍ਰਤੀ ਫੁੱਟ ਹਿਸਾਬ ਦੇ ਵਾਧੇ ਨਾਲ ਪੰਜਾਬ ਵਿਚ ਵੀ ਰੇਤ, ਬਜਰੀ ਦੇ ਭਾਅ ਵਿਚ ਬੇਤਹਾਸ਼ਾ ਵਾਧਾ ਦੇਖਣ ਨੂੰ ਮਿਲੇਗਾ, ਜਿਸ ਕਾਰਨ ਲੋਕਾਂ ਦੀ ਜੇਬਾਂ ’ਤੇ ਵੱਡਾ ਆਰਥਿਕ ਬੋਝ ਪਵੇਗਾ। ਬੇਸ਼ੱਕ ਆਮ ਆਦਮੀ ਪਾਰਟੀ ਸਰਕਾਰ ਇਹ 7 ਰੁਪਏ ਰਿਆਲਿਟੀ ਵਸੂਲ ਕੇ ਆਪਣਾ ਖ਼ਜ਼ਾਨਾ ਭਰੇਗੀ ਪਰ ਇਸ ਦਾ ਸਿੱਧਾ ਬੋਝ ਪੰਜਾਬ ਦੇ ਲੋਕਾਂ ’ਤੇ ਹੀ ਪਵੇਗਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਵਲੋਂ ਰੇਤ ਤੇ ਬਜਰੀ ਦੇ ਨਾਜਾਇਜ਼ ਮਾਈਨਿੰਗ ਅਤੇ ਅਸਮਾਨ ਛੂੰਹਦੇ ਭਾਅ ’ਤੇ ਉਸ ਸਮੇਂ ਦੀਆਂ ਸਰਕਾਰਾਂ ਨੂੰ ਰੱਜ ਕੇ ਕੋਸਿਆ ਜਾਂਦਾ ਸੀ ਪਰ ਹੁਣ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਹਾਲਾਤ ਇਹ ਹੋ ਗਏ ਹਨ ਕਿ ਸੂਬੇ ’ਚ ਖਣਿਜ ਪਦਾਰਥਾਂ ਦੇ ਭਾਅ ਅਕਾਲੀ ਅਤੇ ਕਾਂਗਰਸ ਸਰਕਾਰ ਨੂੰ ਮਾਤ ਪਾਉਂਦੇ ਹੋਏ ਰਿਕਾਰਡਤੋੜ ਸਿਖ਼ਰਾਂ ’ਤੇ ਪਹੁੰਚ ਗਏ ਹਨ। ਲੋਕ ਹੁਣ ਇਸ ਸਰਕਾਰ ਨੂੰ ਕੋਸਦੇ ਨਹੀਂ ਥੱਕਦੇ।
ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ: 6 ਮਹੀਨੇ ਦੀ ਗਰਭਵਤੀ ਦਾ ਪਤੀ ਨੇ ਕੀਤਾ ਕਤਲ, ਕਾਰਨ ਜਾਣ ਹੋ ਜਾਵੋਗੇ ਹੈਰਾਨ
ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਚੀਫ਼ ਇੰਜਨੀਅਰ ਦਵਿੰਦਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਨਾ ਚੁੱਕਿਆ। ਇਸ ਸਬੰਧ ’ਚ ਇੱਕ ਹੋਰ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਪੱਤਰ ਤੋਂ ਬਾਅਦ ਹਿਮਾਚਲ ਤੋਂ ਪੰਜਾਬ ’ਚ ਦਾਖਲ ਹੋਣ ਵਾਲੀਆਂ ਸੜਕਾਂ ’ਤੇ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ, ਜੋ ਖਣਿਜ ਪਦਾਰਥਾਂ ’ਤੇ 7 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਵਸੂਲੀ ਕਰ ਰਸੀਦ ਅਦਾ ਕਰ ਰਹੇ ਹਨ।
ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਟਰਾਂਸਪੋਰਟ ਵਿਭਾਗ ਦੀ ਲਾਪ੍ਰਵਾਹੀ, ਡਰਾਈਵਿੰਗ ਲਾਇਸੈਂਸ ਬਣਨ ਤੋਂ ਪਹਿਲਾਂ ਹੀ ਹੋਇਆ Expire
NEXT STORY