ਪਟਿਆਲਾ (ਜੋਸਨ) - ਪੰਜਾਬ ਸਰਕਾਰ ਵੱਲੋਂ ਇਸ ਸਾਲ ਕੋਈ ਮਦਦ ਨਾ ਕੀਤੇ ਜਾਣ ਕਾਰਨ ਪੀ. ਆਰ. ਟੀ. ਸੀ. ਇਕ ਵਾਰ ਫਿਰ ਵਿੱਤੀ ਸੰਕਟ ਵਿਚ ਫਸਦੀ ਨਜ਼ਰ ਆ ਰਹੀ ਹੈ। ਸਰਕਾਰ ਨੇ ਪੀ. ਆਰ. ਟੀ. ਸੀ. ਤੋਂ ਵੱਖ-ਵੱਖ ਵਰਗਾਂ ਨੂੰ ਦਿਵਾਈਆਂ ਜਾ ਰਹੀਆਂ ਸਬਸਿਡੀਆਂ ਦੇ 100 ਕਰੋੜ ਰੁਪਏ ਦੇ ਕਰੀਬ ਰੋਕ ਲਏ ਹਨ। ਇਸ ਨੂੰ ਸੰਕਟ 'ਚੋਂ ਨਿਕਲਣ ਲਈ ਪੰਜਾਬ ਸਰਕਾਰ ਦੇ ਸਹਾਰੇ ਦੀ ਹੀ ਲੋੜ ਹੈ। ਪੀ. ਆਰ. ਟੀ. ਸੀ. ਸਕੂਲਾਂ ਦੇ ਵਿਦਿਆਰਥੀਆਂ, ਟੈਕਨੀਕਲ ਐਜੂਕੇਸ਼ਨ ਅਦਾਰਿਆਂ, ਪੌਲੀਟੈਕਨਿਕ, ਆਈ. ਟੀ. ਆਈ., ਪੰਜਾਬ ਪੁਲਸ ਅਤੇ ਕਈ ਹੋਰ ਵਰਗਾਂ ਨੂੰ ਆਪਣੀਆਂ ਬੱਸਾਂ ਵਿਚ ਮੁਫ਼ਤ ਸਫ਼ਰ ਕਰਵਾ ਰਹੀ ਹੈ। ਮਹਿਕਮਾ ਹਰ ਮਹੀਨੇ ਬੱਸਾਂ ਵਿਚ ਇਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਅਤੇ ਲੋਕਾਂ ਨੂੰ ਸਫ਼ਰ ਕਰਵਾਉਣ ਤੋਂ ਬਾਅਦ ਸਰਕਾਰ ਨੂੰ ਬਿੱਲ ਭੇਜਦੀ ਹੈ। ਪਿਛਲੇ ਸਮੇਂ ਤੋਂ ਸੂਬਾ ਸਰਕਾਰ ਵੱਲੋਂ ਪੈਸੇ ਰਿਲੀਜ਼ ਨਾ ਕੀਤੇ ਜਾਣ ਕਾਰਨ ਪੀ. ਆਰ. ਟੀ. ਸੀ. ਦੇ ਵਿੱਤੀ ਸੰਕਟ ਵਿਚ ਵਾਧਾ ਹੋ ਗਿਆ ਹੈ।
ਕਾਰਪੋਰੇਸ਼ਨ ਨੇ ਨਵੰਬਰ 2017 ਤੋਂ ਫਰਵਰੀ 2018 ਤੱਕ ਸਕੂਲ ਐਜੂਕੇਸ਼ਨ ਤੋਂ 3 ਕਰੋੜ, ਟੈਕਨੀਕਲ ਐਜੂਕੇਸ਼ਨ ਆਈ. ਟੀ. ਵਿੰਗ ਤੋਂ 3.25 ਕਰੋੜ, ਟੈਕਨੀਕਲ ਐਜੂਕੇਸ਼ਨ ਪੌਲੀਟੈਕਨਿਕ ਤੋਂ 11 ਕਰੋੜ, ਪੰਜਾਬ ਪੁਲਸ ਤੋਂ 12 ਕਰੋੜ ਰੁਪਏ ਲੈਣੇ ਹਨ। ਨਵੰਬਰ 2017 ਤੋਂ ਪਹਿਲਾਂ ਵੀ ਪੀ. ਆਰ. ਟੀ. ਸੀ. ਦੇ 70 ਕਰੋੜ ਰੁਪਏ ਇਨ੍ਹਾਂ ਵਿਭਾਗਾਂ ਵੱਲ ਫਸੇ ਹੋਏ ਹਨ। ਇਹ ਪੈਸੇ ਨਾ ਮਿਲਣ ਕਾਰਨ ਪੀ. ਆਰ. ਟੀ. ਸੀ. ਇਕ ਵਾਰ ਫਿਰ ਮੰਝਧਾਰ ਵਿਚ ਫਸ ਗਈ ਹੈ।
ਰੋਜ਼ਾਨਾ ਦਾ 1 ਕਰੋੜ 15 ਲੱਖ ਰੁਪਏ ਖਰਚਾ
ਪੀ. ਆਰ. ਟੀ. ਸੀ. ਦਾ ਹਰ ਰੋਜ਼ ਦਾ ਖਰਚਾ 1.15 ਕਰੋੜ ਰੁਪਏ ਹੈ। ਇਹ ਡੀਜ਼ਲ ਅਤੇ ਹੋਰ ਵੱਖ-ਵੱਖ ਕੰਮਾਂ 'ਤੇ ਖਰਚ ਹੁੰਦਾ ਹੈ। ਪੀ. ਆਰ. ਟੀ. ਸੀ. ਨੂੰ ਹਰ ਰੋਜ਼ ਨਕਦ 1.15 ਕਰੋੜ ਰੁਪਏ ਬਿਨਾਂ ਤਨਖਾਹਾਂ ਤੋਂ ਚਾਹੀਦੇ ਹਨ। ਜੇਕਰ ਪੀ. ਆਰ. ਟੀ. ਸੀ. ਕੋਲ ਇਹ ਪੈਸਾ ਨਹੀਂ ਹੋਵੇਗਾ ਤਾਂ ਇਹ ਖੜ੍ਹਨ ਕਿਨਾਰੇ ਪਹੁੰਚ ਜਾਵੇਗੀ। ਰੋਜ਼ਾਨਾ ਦੀ ਕਮਾਈ 1.30 ਕਰੋੜ ਨਾਲ ਖਰਚੇ ਤਾਂ ਚੱਲ ਰਹੇ ਹਨ ਪਰ ਤਨਖਾਹਾਂ ਤੇ ਪੈਨਸ਼ਨਾਂ ਦੇਣ ਲਈ ਉਸ ਕੋਲ ਪੈਸੇ ਨਹੀਂ।
ਸਾਲ 'ਚ ਰੋਜ਼ਾਨਾ 7 ਲੱਖ ਰੁਪਏ ਦਾ ਡੀਜ਼ਲ ਖਰਚਾ ਵਧਿਆ
ਅਪ੍ਰੈਲ 2017 ਵਿਚ ਹਰ ਰੋਜ਼ ਆਪਣੀਆਂ ਬੱਸਾਂ ਲਈ 45 ਲੱਖ ਰੁਪਏ ਦਾ ਡੀਜ਼ਲ ਖ਼ਰੀਦਦੀ ਸੀ। ਹੁਣ 52 ਲੱਖ ਰੁਪਏ ਹਰ ਰੋਜ਼ ਪੀ. ਆਰ. ਟੀ. ਸੀ. ਨੂੰ ਡੀਜ਼ਲ ਦੇ ਦੇਣੇ ਪੈ ਰਹੇ ਹਨ। ਪੂਰੇ ਇਕ ਸਾਲ ਵਿਚ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋਇਆ ਹੈ, ਜਿਸ ਕਾਰਨ ਇਕ ਸਾਲ ਵਿਚ 7 ਲੱਖ ਰੁਪਏ ਵੱਧ ਦੇਣੇ ਪੈ ਰਹੇ ਹਨ। ਪੰਜਾਬ ਸਰਕਾਰ ਨੇ ਬੱਸਾਂ ਦੇ ਕਿਰਾਇਆਂ ਵਿਚ ਵਾਧਾ ਨਹੀਂ ਕੀਤਾ, ਜਿਸ ਕਾਰਨ ਪੀ. ਆਰ. ਟੀ. ਸੀ. 'ਤੇ ਬੋਝ ਵਧਦਾ ਹੀ ਜਾ ਰਿਹਾ ਹੈ।
ਹਰ ਮਹੀਨੇ ਪੇਮੈਂਟ ਕਰੋ : ਹਾਈ ਕੋਰਟ
ਪਿਛਲੇ ਸਮੇਂ ਜਦੋਂ ਕੁੱਲ ਮੁਲਾਜ਼ਮ ਆਪਣੇ ਮੈਡੀਕਲ ਬਿੱਲਾਂ ਤੇ ਹੋਰ ਪੈਂਡਿੰਗ ਪੈਸਿਆਂ ਨੂੰ ਮਿਲਾ ਕੇ ਹਾਈ ਕੋਰਟ ਵਿਚ ਪਹੁੰਚ ਗਏ ਸਨ ਤਾਂ ਉਸ ਸਮੇਂ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਸਨ ਕਿ ਪੀ. ਆਰ. ਟੀ. ਸੀ. ਵੱਲੋਂ ਦਿਵਾਈਆਂ ਜਾਂਦੀਆਂ ਸਬਸਿਡੀਆਂ ਦੇ ਪੈਸੇ ਪੰਜਾਬ ਸਰਕਾਰ ਹਰ ਮਹੀਨੇ ਅਦਾ ਕਰੇ। ਹੁਣ ਪਿਛਲੇ 10 ਮਹੀਨਿਆਂ ਦੇ ਪੈਸੇ ਪੰਜਾਬ ਸਰਕਾਰ ਕੋਲ ਪੈਂਡਿੰਗ ਹਨ।
17 ਕਰੋੜ ਰੁਪਏ ਹਨ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ
ਪੀ. ਆਰ. ਟੀ. ਸੀ. ਹਰ ਮਹੀਨੇ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 17 ਕਰੋੜ ਰੁਪਏ ਅਦਾ ਕਰਦੀ ਹੈ। ਇਸ ਮਹੀਨੇ ਪੈਸੇ ਦਾ ਸੰਕਟ ਆਉਣ ਕਾਰਨ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਸਕੀਆਂ। ਹੁਣ ਉਹ ਸਰਕਾਰ ਤੋਂ ਮਦਦ ਦੀ ਉਡੀਕ ਵਿਚ ਹੈ।
ਅਗਲੇ ਹਫ਼ਤੇ ਰਿਲੀਜ਼ ਕਰਾਂਗੇ ਤਨਖਾਹਾਂ : ਨਾਰੰਗ
ਪਟਿਆਲਾ, (ਜੋਸਨ)-ਪੀ. ਆਰ. ਟੀ. ਸੀ. ਦੇ ਮੈਨੇਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨਾਲ ਜਦੋਂ ਰਾਬਤਾ ਬਣਾਇਆ ਗਿਆ ਤਾਂ ਉਨ੍ਹਾਂ ਆਖਿਆ ਕਿ ਚੇਅਰਮੈਨ ਕੇ. ਕੇ. ਸ਼ਰਮਾ ਦੀ ਅਗਵਾਈ ਵਿਚ ਉਹ, ਉਨ੍ਹਾਂ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਪੂਰੀ ਮਿਹਨਤ ਕਰ ਰਹੀ ਹੈ। ਅਗਲੇ ਹਫ਼ਤੇ ਤੱਕ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਆਖਿਆ ਕਿ ਇਕ ਸਾਲ ਵਿਚ ਜਦੋਂ ਤੋਂ ਉਨ੍ਹਾਂ ਨੇ ਪੀ. ਆਰ. ਟੀ. ਸੀ. ਦਾ ਚਾਰਜ ਲਿਆ ਹੈ, ਰੋਜ਼ਾਨਾ ਆਮਦਨ 95 ਲੱਖ ਤੋਂ 1.30 ਕਰੋੜ ਰੁਪਏ ਤੱਕ ਲੈ ਆਂਦੀ ਹੈ। ਇਸ ਨਾਲ ਸਾਨੂੰ ਰਾਹਤ ਮਿਲੀ ਹੈ। ਉਨ੍ਹਾਂ ਆਖਿਆ ਕਿ ਉਹ ਆਪ ਅਤੇ ਚੇਅਰਮੈਨ ਸ਼ਰਮਾ ਪੈਂਡਿੰਗ ਪੈਸਿਆਂ ਨੂੰ ਲੈਣ ਲਈ ਪੰਜਾਬ ਸਰਕਾਰ ਤੱਕ ਪਹੁੰਚ ਕਰ ਰਹੇ ਹਨ।
ਪੁਲਸ ਨੇ ਨਸ਼ੇ ਵਾਲੇ ਪਦਾਰਥਾਂ ਸਣੇ 5 ਨੂੰ ਕੀਤਾ ਕਾਬੂ
NEXT STORY