ਜਲੰਧਰ (ਵੈੱਬ ਡੈਸਕ)- ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਵਿਚ ਬੱਚਿਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਕਈ ਕਦਮ ਚੁੱਕ ਰਹੀ ਹੈ ਤਾਂਕਿ ਬੱਚੇ ਪੜ੍ਹ-ਲਿਖ ਕੇ ਵੱਡੇ ਅਫ਼ਸਰ ਲੱਗ ਸਕਣ। ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਨੂੰ ਬਦਲ ਕੇ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਵਿੱਚ ਨਵਾਂ ਅਧਿਆਏ ਲਿਖਿਆ ਹੈ। ਇਹ ਪੰਜਾਬ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਵੱਕਾਰੀ ਜੇ. ਈ. ਈ. ਦੀ ਪ੍ਰੀਖਿਆ ਪਾਸ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਥਾਵਾਂ 'ਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਟਰੇਨਿੰਗ ਦੇਣ ਲਈ ਜੇ. ਈ. ਈ., ਨੀਟ ਦੀ ਕੋਚਿੰਗ ਲਈ ਕੈਂਪ ਵੀ ਲਗਾਏ ਗਏ ਹਨ। ਸਕੂਲ ਆਫ਼ ਐਮੀਨੈਂਸ (School of Eminence) ਵਿਚ NEET (ਨੈਸ਼ਨਲ ਐਲਿਜਬਿਲਟੀ ਕਮ ਐਂਟ੍ਰੈਂਸ ਟੈਸਟ) ਅਤੇ JEE (ਜਵਾਹਰਲਾਲ ਨੇਹਰੂ ਯੂਨੀਵਰਸਿਟੀ ਐਂਟ੍ਰੈਂਸ ਐਗਜ਼ਾਮ), ਕਲੈਟ ਦੇ ਕੋਰਸਾਂ ਲਈ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਜਾਂਦਾ ਹੈ। ਇਹ ਕੋਚਿੰਗ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਾਰਤੀ ਮੈਡੀਕਲ ਅਤੇ ਇੰਜੀਨੀਅਰਿੰਗ ਇਮਤਿਹਾਨਾਂ ਲਈ ਤਿਆਰ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਉੱਚ ਪੱਧਰੀ ਸਿੱਖਿਆ ਦੇ ਆਧਾਰ ਮੁਹੱਈਆ ਕਰਦਾ ਹੈ।
ਕੈਪਾਂ ਵਿਚ ਕੋਚਿੰਗ ਲੈਣ ਪਹੁੰਚੇ ਅਤੇ ਸਕੂਲ ਵਿਚ ਮਿਲ ਰਹੀਆਂ ਸਹੂਲਤਾਂ ਬਾਰੇ ਵੱਖ-ਵੱਖ ਬੱਚਿਆਂ ਨੇ ਜਾਣਕਾਰੀ ਦਿੱਤੀ ਹੈ। ਨਵਾਂਸ਼ਹਿਰ ਦੀ ਰਹਿਣ ਵਾਲੀ ਗੁਰਲੀਨ ਕੌਰ ਨੇ ਕਿਹਾ ਕਿ ਉਹ ਲੁਧਿਆਣਾ ਵਿਚ ਪੰਜਾਬ ਸਰਕਾਰ ਵੱਲੋਂ ਲਾਏ ਕੈਂਪਾਂ ਵਿਚ ਜੇ. ਈ. ਈ., ਨੀਟ ਅਤੇ ਕਲੈਟ ਦੀ ਕੋਚਿੰਗ ਲੈਣ ਆਈ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਹੀ ਵਧੀਆ ਤਰੀਕੇ ਨਾਲ ਪੜ੍ਹਾਉਂਦੇ ਹਨ ਅਤੇ ਬੇਹੱਦ ਕੁਆਲੀਫਾਈ ਹਨ। ਪ੍ਰਿੰਸੀਪਲ ਸਮੇਤ ਅਧਿਆਪਕਾਂ ਵੱਲੋਂ ਬੱਚਿਆਂ ਦਾ ਬਹੁਤ ਵਧੀਆ ਧਿਆਨ ਰੱਖਿਆ ਜਾਂਦਾ ਹੈ ਅਤੇ ਖਾਣਾ ਵੀ ਵਧੀਆ ਮੁਹੱਈਆ ਹੋ ਰਿਹਾ ਹੈ।
ਇਸੇ ਤਰ੍ਹਾਂ ਜਲੰਧਰ ਤੋਂ ਨੀਟ ਦੀ ਕੋਚਿੰਗ ਹਾਸਲ ਕਰਨ ਗਏ ਜਗਜੀਤ ਸਿੰਘ ਨੇ ਵੀ ਮਾਨ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਮੁਫ਼ਤ ਵਿਚ ਨੀਟ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਕੋਚਿੰਗ ਲਈ ਪਹੁੰਚੀ ਅਮਨਦੀਪ ਕੌਰ ਨੇ ਕਿਹਾ ਕਿ ਅਸੀਂ ਉਨ੍ਹਾਂ ਪਰਿਵਾਰਾਂ ਨਾਲ ਸਬੰਧਤ ਹਾਂ, ਜੋ ਸਾਨੂੰ ਇੰਨੀ ਮਹਿੰਗੀ ਕੋਚਿੰਗ ਨਹੀਂ ਦਿਵਾ ਸਕਦੇ ਹਨ।
ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਲਈ ਉਨ੍ਹਾਂ ਵੱਲੋਂ ਧੰਨਵਾਦ ਵੀ ਕੀਤਾ ਗਿਆ। ਉਥੇ ਹੀ ਅਨਮੋਲਦੀਪ ਸਿੰਘ ਨੇ ਕਿਹਾ ਕਿ ਕੋਚਿੰਗ ਦੌਰਾਨ ਸਾਨੂੰ ਬੇਹੱਦ ਕੁਝ ਸਿੱਖਣ ਨੂੰ ਮਿਲਿਆ ਹੈ। ਲੱਖਾਂ ਰੁਪਏ ਖ਼ਰਚ ਕਰਕੇ ਵਿਦਿਆਰਥੀ ਨੀਟ, ਜੇ. ਈ. ਈ. ਦੀ ਕੋਚਿੰਗ ਲੈਂਦੇ ਹਨ ਜਦਕਿ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਮੁਫ਼ਤ ਵਿਚ ਕੋਚਿੰਗ ਕੈਂਪ ਲਾਏ ਹਨ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਉਪਰਾਲੇ ਲਈ ਵਿਦਿਆਰਥੀਆਂ ਵੱਲੋਂ ਖ਼ਾਸ ਤੌਰ 'ਤੇ ਧੰਨਵਾਦ ਕੀਤਾ ਗਿਆ। ਦੱਸ ਦੇਈਏ ਕਿ ਸਕੂਲ ਆਫ਼ ਐਮੀਨੈਂਸ ਵਿੱਚ ਦਿੱਤੀ ਜਾ ਰਹੀ ਨੀਟ ਅਤੇ ਜੇ. ਈ. ਈ. ਦੀ ਕੋਚਿੰਗ ਵਿਦਿਆਰਥੀਆਂ ਨੂੰ ਨਿਰਧਾਰਿਤ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਕਰਦੀ ਹੈ।
ਰਵਨੀਤ ਬਿੱਟੂ ਖ਼ਿਲਾਫ਼ ਦਰਜ ਹੋਈ FIR
NEXT STORY