ਚੰਡੀਗੜ੍ਹ, (ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪੰਜਾਬ ਤੋਂ ਲੱਖਾਂ ਮਜ਼ਦੂਰ ਆਪਣੇ ਘਰਾਂ ਨੂੰ ਵਾਪਸ ਜਾਣ ਲਈ ਕਾਹਲੇ ਹਨ, ਜੇਕਰ ਸਮਾਂ ਰਹਿੰਦੇ ਇਨ੍ਹਾਂ ਮਜ਼ਦੂਰਾਂ ਨੂੰ ਨਾ ਰੋਕਿਆ ਗਿਆ ਤਾਂ ਪੰਜਾਬ ਦੀ ਖੇਤੀ-ਬਾੜੀ, ਹਰ ਪ੍ਰਕਾਰ ਦੇ ਉਦਯੋਗ ਅਤੇ ਸਮੁੱਚੇ ਅਰਥਚਾਰੇ ਨੂੰ ਭਾਰੀ ਸੱਟ ਵੱਜੇਗੀ। ਅਮਨ ਅਰੋੜਾ ਨੇ ਮੁੱਖ ਮੰਤਰੀ ਕੈ. ਅਮਰਿੰਦਰ ਨੂੰ ਪੱਤਰ ਲਿਖ ਕੇ ਸੁਝਾਅ ਦਿੱਤਾ ਹੈ ਤਾਂ ਕਿ ਇਨ੍ਹਾਂ ਮਜ਼ਦੂਰਾਂ ਨੂੰ ਪੰਜਾਬ ’ਚ ਹੀ ਰੋਕਿਆ ਜਾ ਸਕੇ। ਪੱਤਰ ਜਾਰੀ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਕਰੀਬ 10 ਲੱਖ ਪ੍ਰਵਾਸੀ ਮਜ਼ਦੂਰ ਹੁਣ ਤੱਕ ਆਪਣੇ ਰਾਜਾਂ ਨੂੰ ਵਾਪਸ ਜਾਣ ਲਈ ਪੰਜਾਬ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ, ਇਸ ਨਾਲ ਜਿੱਥੇ ਇੰਡਸਟਰੀ ਲੰਮਾ ਸਮਾਂ ਚੱਲਣ ਲਾਈਕ ਨਹੀਂ ਰਹੇਗੀ, ਉਥੇ ਹੀ ਕਿਸਾਨਾਂ ਨੂੰ ਵੀ ਝੋਨੇ ਦੀ ਬਿਜਾਈ ਲਈ ਨਵੇਂ ਪ੍ਰਵਾਸੀ ਮਜ਼ਦੂਰਾਂ ਦੇ ਪੰਜਾਬ ਨਾ ਆਉਣ ਕਾਰਨ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸਦਾ ਸਿੱਧਾ ਅਸਰ ਸੂਬੇ ਦੀ ਆਰਥਿਕਤਾ ’ਤੇ ਪਵੇਗਾ।
ਅਰੋੜਾ ਨੇ ਸੁਝਾਅ ਦਿੱਤਾ ਕਿ ਜਿੱਥੇ ਇੰਡਸਟਰੀ ਨੇ ਮਾਰਚ-ਅਪ੍ਰੈਲ ਦੇ ਕਰੀਬ 5 ਹਫ਼ਤੇ ਇਨ੍ਹਾਂ ਮਜ਼ਦੂਰਾਂ ਨੂੰ ਸੰਭਾਲ ਲਿਆ, ਉਥੇ ਹੀ ਜੇਕਰ ਪੰਜਾਬ ਸਰਕਾਰ ਇਨ੍ਹਾਂ ਨੂੰ ਮਈ ਮਹੀਨੇ ਦੇ ਬਾਕੀ ਰਹਿੰਦੇ ਦਿਨਾਂ ਦੌਰਾਨ ਰਾਸ਼ਨ ਅਤੇ ਕੁੱਝ ਮਾਲੀ ਮਦਦ ਦੇ ਕੇ ਜਾਣ ਤੋਂ ਰੋਕ ਲਵੇ ਅਤੇ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਇਸ ਵਾਰ ਝੋਨੇ ਦੀ ਬਿਜਾਈ ਦੀ ਇਜਾਜ਼ਤ 1 ਜੂਨ ਤੋਂ ਦੇ ਦੇਵੇ ਤਾਂ ਜੂਨ ਦੇ ਮਹੀਨੇ ਇਸੇ ਪ੍ਰਵਾਸੀ ਲੇਬਰ ਤੋਂ ਕਿਸਾਨ ਝੋਨੇ ਦੀ ਬਿਜਾਈ ਦਾ ਕੰਮ ਲੈ ਸਕਣਗੇ ਅਤੇ ਉਸ ਤੋਂ ਬਾਅਦ ਜੁਲਾਈ ’ਚ ਇਹ ਵਾਪਸ ਇੰਡਸਟਰੀ ’ਚ ਆਪਣੇ ਕੰਮ ਸੰਭਾਲ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਬਿਨਾ ਸੋਚੇ-ਸਮਝੇ ਅੱਖਾਂ ਬੰਦ ਕਰ ਕੇ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਣ ਦੀ ਬਜਾਏ ਰਾਜ ’ਚ ਹੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਰੋਕ ਕੇ ਖੇਤੀ ਅਤੇ ਇੰਡਸਟਰੀ ਖੇਤਰ ’ਚ ਰੁਜ਼ਗਾਰ ਮੁਹੱਈਆ ਕਰਾਉਣ ਦੇ ਮਕਸਦ ਮੁਤਾਬਿਕ ਨੀਤੀ ਅਪਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ ਕਿਰਾਏ ਅਦਾ ਕਰਨ ਪਿਛੇ ਸੋਨੀਆ ਗਾਂਧੀ ਦਾ ਮਕਸਦ ਸਿਆਸਤ ਤੋਂ ਪ੍ਰੇਰਿਤ ਲੱਗ ਰਿਹਾ ਹੈ, ਜਿਸ ਤਹਿਤ ਕਾਂਗਰਸ ਅਜਿਹਾ ਕਰਕੇ ਯੂ. ਪੀ. ਅਤੇ ਬਿਹਾਰ ’ਚ ਆਪਣੀ ਗੁਆਚੀ ਸਿਆਸੀ ਜ਼ਮੀਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਲੰਧਰ ਤੋਂ 1200 ਪ੍ਰਵਾਸੀਆਂ ਨੂੰ ਲੈ ਕੇ 8ਵੀਂ 'ਸ਼੍ਰਮਿਕ ਐਕਸਪ੍ਰੈਸ' ਰਵਾਨਾ
NEXT STORY