ਜਲੰਧਰ (ਜ. ਬ.)— ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਨਿਯੁਕਤ ਕੀਤੇ ਗਏ ਆਫਿਸਰ ਆਨ ਸਪੈਸ਼ਲ ਡਿਊਟੀ (ਓ. ਐੱਸ. ਡੀ.) ਅਭੀਜੀਤ ਕੁਮਾਰ ਦੀ ਨਿਯੁਕਤੀ ਵਿਵਾਦਾਂ 'ਚ ਘਿਰ ਗਈ ਹੈ। ਅਭੀਜੀਤ ਮੂਲ ਰੁਪ 'ਚ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਦੇ ਸੀਨੀਅਰ ਲਾਅ ਅਫਸਰ ਹਨ। ਜਦੋਂ ਬ੍ਰਹਮ ਮਹਿੰਦਰਾ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਬਣੇ ਸਨ ਤਾਂ ਉਨ੍ਹਾਂ ਨੇ ਅਭੀਜੀਤ ਨੂੰ ਆਪਣੇ ਨਾਲ ਓ. ਐੱਸ. ਡੀ. ਨਿਯੁਕਤ ਕਰ ਦਿੱਤਾ ਸੀ।
ਨਹੀਂ ਮਿਲੀ ਪਿਛਲੇ 10 ਮਹੀਨਿਆਂ ਤੋਂ ਤਨਖਾਹ
ਦਿਲਚਸਪ ਗੱਲ ਤਾਂ ਇਹ ਹੈ ਕਿ ਪਿਛਲੇ 10 ਮਹੀਨਿਆਂ ਤੋਂ ਉਕਤ ਅਧਿਕਾਰੀ ਨੂੰ ਤਨਖਾਹ ਨਹੀਂ ਮਿਲੀ ਜਦੋਂ ਕਿ ਸਥਾਨਕ ਸਰਕਾਰਾਂ ਵਿਭਾਗ ਨੇ ਇਸ ਸਬੰਧੀ ਪੁੱਡਾ ਅਥਾਰਿਟੀ ਨੂੰ ਪੱਤਰ ਭੇਜ ਕੇ ਤਨਖਾਹ ਦੇਣ ਦੀ ਮੰਗ ਕੀਤੀ ਤਾਂ ਪੁੱਡਾ ਨੇ ਸਪੱਸ਼ਟ ਕੀਤਾ ਕਿ ਅਭੀਜੀਤ ਪੁੱਡਾ 'ਚ ਕੰਮ ਹੀ ਨਹੀਂ ਕਰਦੇ ਤਾਂ ਅਜਿਹੇ 'ਚ ਪੁੱਡਾ ਉਨ੍ਹਾਂ ਨੂੰ ਤਨਖਾਹ ਜਾਰੀ ਨਹੀਂ ਕਰ ਸਕਦਾ। ਇਸ ਤੋਂ ਬਾਅਦ ਪੁੱਡਾ ਨੇ ਅਭੀਜੀਤ ਦਾ ਸਥਾਨਕ ਸਰਕਾਰਾਂ ਮੰਤਰੀ ਕੋਲ ਕੀਤਾ ਗਿਆ ਡੈਪੂਟੇਸ਼ਨ ਰੱਦ ਕਰ ਦਿੱਤਾ ਸੀ ਅਤੇ ਅਭੀਜੀਤ ਨੂੰ ਪੁੱਡਾ 'ਚ ਜੁਆਇਨ ਕਰਨ ਦੇ ਹੁਕਮ ਦਿੱਤੇ ਸਨ ਪਰ ਅਭੀਜੀਤ ਨੇ ਪੁੱਡਾ 'ਚ ਜੁਆਇਨ ਨਹੀਂ ਕੀਤਾ, ਜਿਸ ਤੋਂ ਬਾਅਦ ਬ੍ਰਹਮ ਮਹਿੰਦਰਾ ਨੇ ਇਹ ਮਾਮਲਾ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਮੰਤਰੀ ਕੋਲ ਉਠਾਇਆ ਅਤੇ ਫਿਰ ਉਸ ਨੂੰ ਪੁੱਡਾ 'ਚ ਡੈਪੂਟੇਸ਼ਨ 'ਤੇ ਭੇਜ ਦਿੱਤਾ ਗਿਆ ਪਰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੇ ਮੰਤਰੀ ਨੇ ਅਭੀਜੀਤ ਦੀ ਪੁਰਾਣੀ 10 ਮਹੀਨਿਆਂ ਦੀ ਤਨਖਾਹ ਜਾਰੀ ਕਰਨ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤੇ।
ਪੁੱਡਾ ਦਾ ਕਹਿਣਾ ਹੈ ਕਿ ਅਭੀਜੀਤ ਨੂੰ ਸਥਾਨਕ ਸਰਕਾਰਾਂ ਵਿਭਾਗ ਤਨਖਾਹ ਦੇਵੇ ਕਿਉਂਕਿ ਉਹ ਸਥਾਨਕ ਸਰਕਾਰਾਂ ਵਿਭਾਗ 'ਚ ਕੰਮ ਕਰਦੇ ਹਨ। ਦੂਜੇ ਪਾਸੇ ਸਥਾਨਕ ਸਰਕਾਰਾਂ ਵਿਭਾਗ ਦਾ ਕਹਿਣਾ ਹੈ ਕਿ ਅਭੀਜੀਤ ਸਥਾਨਕ ਸਰਕਾਰਾਂ ਵਿਭਾਗ 'ਚ ਨਹੀਂ ਸਗੋਂ ਮੰਤਰੀ ਨਾਲ ਕੰਮ ਕਰਦਾ ਹਨ, ਇਸ ਲਈ ਵਿਭਾਗ ਉਨ੍ਹਾਂ ਨੂੰ ਤਨਖਾਹ ਜਾਰੀ ਨਹੀਂ ਕਰ ਸਕਦਾ। ਲੰਬੇ ਸਮੇਂ ਤੋਂ ਇਹੀ ਰੇੜਕਾ ਚੱਲ ਰਿਹਾ ਹੈ।
ਕੀ ਹੁਣ ਮਿਲੇਗੀ ਪਿਛਲੇ 10 ਮਹੀਨਿਆਂ ਤੋਂ ਰੁਕੀ ਤਨਖਾਹ
ਸੂਤਰਾਂ ਅਨੁਸਾਰ ਹੁਣ ਅਭੀਜੀਤ ਨੂੰ ਐਡਜ਼ਸਟ ਕਰਨ ਲਈ ਸਥਾਨਕ ਸਰਕਾਰ ਵਿਭਾਗ ਅਧੀਨ ਆਉਂਦੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਵਿਚ ਡੈਪੂਟੇਸ਼ਨ 'ਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ ਪਰ ਬੋਰਡ ਉਸ ਨੂੰ 10 ਮਹੀਨੇ ਪੁਰਾਣੀ ਤਨਖਾਹ ਕਿਵੇਂ ਦੇਵੇਗਾ ਇਹ ਆਪਣੇ-ਆਪ 'ਚ ਵੱਡਾ ਸਵਾਲ ਹੈ ਕਿਉਂਕਿ ਅਭੀਜੀਤ ਨੇ ਜਦੋਂ ਸੀਵਰੇਜ ਬੋਰਡ ਕੋਲ ਕੰਮ ਹੀ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਤਨਖਾਹ ਕਿਵੇਂ ਦਿੱਤੀ ਜਾ ਸਕਦੀ ਹੈ?
ਸੂਤਰਾਂ ਅਨੁਸਾਰ ਕਿਸੇ ਵਿਭਾਗ ਦੇ ਇੰਪਲਾਈਜ਼ ਵੱਲੋਂ ਦੂਜੇ ਵਿਭਾਗ 'ਚ ਡੈਪੂਟੇਸ਼ਨ 'ਤੇ ਜਾਣ ਸਬੰਧੀ ਪੂਰੀ ਵਿਭਾਗੀ ਪ੍ਰਕਿਰਿਆ ਹੈ, ਜਿਸ ਸਬੰਧੀ ਡੈਪੂਟੇਸ਼ਨ 'ਤੇ ਲੈਣ ਵਾਲਾ ਵਿਭਾਗ ਬਕਾਇਦਾ ਇਸ਼ਤਿਹਾਰ ਜਾਰੀ ਕਰਦਾ ਹੈ, ਜਿਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਆਪਣੀਆਂ ਅਰਜੀਆਂ ਦਿੰਦੇ ਹਨ ਅਤੇ ਸਬੰਧਤ ਵਿਭਾਗ ਇੰਟਰਵਿਊ ਲੈਣ ਤੋਂ ਬਾਅਦ ਕਿਸੇ ਇਕ ਨੂੰ ਡੈਪੂਟੇਸ਼ਨ 'ਤੇ ਰੱਖਦਾ ਹੈ ਪਰ ਬ੍ਰਹਮ ਮਹਿੰਦਰਾ ਦੇ ਓ. ਐੱਸ. ਡੀ. ਦੀ ਨਿਯੁਕਤੀ ਦੇ ਮਾਮਲੇ ਵਿਚ ਸਮੁੱਚੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਿਆ ਗਿਆ ਹੈ। ਸੂਤਰਾਂ ਅਨੁਸਾਰ ਹੁਣ ਸੀਵਰੇਜ ਬੋਰਡ ਵਿਚ ਇਸ ਸਬੰਧੀ ਏਜੰਡਾ ਪਾਸ ਕਰਵਾਇਆ ਜਾਵੇਗਾ ਅਤੇ ਪਿਛਲੇ ਦਰਵਾਜੇ ਰਾਹੀਂ ਅਭੀਜੀਤ ਨੂੰ ਬੋਰਡ 'ਚ ਨਿਯੁਕਤ ਕਰਵਾਇਆ ਜਾਵੇਗਾ।
ਸੰਗਰੂਰ 'ਚ ਕੋਰੋਨਾ ਦਾ ਕਹਿਰ, 4 ਨਵੇਂ ਮਰੀਜ਼ ਆਏ ਪਾਜ਼ੇਟਿਵ
NEXT STORY