ਚੰਡੀਗੜ੍ਹ— ਇਸ ਮਹੀਨੇ ਪੰਜਾਬ ਕੈਬਨਿਟ ਵਿਸਥਾਰ ਵਿਚ ਵਧੀਆ ਪੋਰਟਫੋਲੀਓ ਦੀ ਆਸ ਲਗਾ ਕੇ ਬੈਠੇ ਨੇਤਾ ਹਰ ਹਥਕੰਡਾ ਅਪਣਾਅ ਰਹੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਜੋਤਸ਼ੀ ਦੇ ਕਹਿਣ 'ਤੇ ਪੰਜਾਬ ਦੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਘਰ ਦਾ ਰਾਹ ਬਦਲ ਲਿਆ ਅਤੇ ਰਾਤੋਂ-ਰਾਤ ਆਪਣੇ ਘਰ ਤੱਕ ਨਜਾਇਜ਼ ਸੜਕ ਬਣਾ ਦਿੱਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕ ਜੋਤਸ਼ੀ ਨੇ ਉਨ੍ਹਾਂ ਨੂੰ ਆਪਣੇ ਘਰ ਦਾ ਦਰਵਾਜਾ ਪੂਰਬ ਦਿਸ਼ਾ ਵਿਚ ਰੱਖਣ ਦੀ ਸਲਾਹ ਦਿੱਤੀ ਸੀ, ਜਿਸ ਤੋਂ ਬਾਅਦ ਅਜਿਹਾ ਕੀਤਾ ਗਿਆ।
ਇੱਥੇ ਦੱਸ ਦੇਈਏ ਕਿ ਚੀਫ ਆਰਕੀਟੈਕਟ ਦੀ ਪ੍ਰਵਾਨਗੀ ਤੋਂ ਬਗੈਰ ਜਿੱਥੇ ਚੰਡੀਗੜ੍ਹ ਵਿਚ ਇਕ ਇੱਟ ਤੱਕ ਨਹੀਂ ਲੱਗ ਸਕਦੀ, ਉੱਥੇ ਚੰਨੀ ਨੇ ਸੈਕਟਰ-2 ਦੀ ਸਰਕਾਰੀ ਕੋਠੀ ਨੰਬਰ 46 ਦੇ ਬਾਹਰ ਸੜਕ ਬਣਾਉਣ ਲਈ ਬਿਨਾਂ ਕਿਸੇ ਆਗਿਆ ਦੇ ਗ੍ਰੀਨ ਬੈਲਟ ਵਿਚ 15 ਫੁੱਟ ਚੌੜ੍ਹੀ ਸੜਕ ਬਣਾ ਦਿੱਤੀ। ਮੇਅਰ ਆਸ਼ਾ ਜਸਵਾਲ ਦਾ ਕਹਿਣਾ ਹੈ ਕਿ ਗ੍ਰੀਨ ਬੈਲਟ ਨੂੰ ਕੱਟ ਕੇ ਬਣਾਈ ਗਈ ਇਸ ਸੜਕ ਦੀ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਇਸ ਮਾਮਲੇ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ਥੋੜ੍ਹਾ ਜਿਹੀ ਸੜਕ ਹੀ ਆਪਣੇ ਘਰ ਵੱਲ ਨੂੰ ਮੋੜੀ ਹੈ, ਇਸ ਵਿਚ ਕੁਝ ਵੀ ਗਲਤ ਨਹੀਂ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ ਸੜਕ ਬਣਾਉਣ ਵਾਲੇ ਲੋਕਾਂ ਨੂੰ ਰੋਕਿਆ ਤਾਂ ਚੰਨੀ ਦੇ ਸਟਾਫ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਲਈ ਆਗਿਆ ਦੇ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਹ ਕੋਠੀ ਬਾਦਲ ਸਰਕਾਰ ਦੇ ਸਮੇਂ ਦੌਰਾਨ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਚੰਨੀ ਨੂੰ ਮਿਲੀ ਸੀ ਪਰ ਜਦੋਂ ਸਰਕਾਰ ਬਣੀ ਤਾਂ ਚੰਨੀ ਨੇ ਇਹ ਕੋਠੀ ਖਾਲੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਇੱਥੇ ਸੁਨੀਲ ਜਾਖੜ ਅਤੇ ਬੀਬੀ ਰਜਿੰਦਰ ਕੌਰ ਭੱਠਲ ਵੀ ਰਹਿ ਚੁੱਕੇ ਹਨ।
ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ 'ਤੇ ਮਾਮਲਾ ਦਰਜ
NEXT STORY