ਕਪੂਰਥਲਾ,(ਮਹਾਜਨ)-ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਤਹਿਤ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਗੁਰਪਤਵੰਤ ਸਿੰਘ ਪੰਨੂੰ ਨੂੰ ਅੱਤਵਾਦੀ ਐਲਾਨ ਕੀਤੇ ਜਾਣ ਤੋਂ ਇਕ ਦਿਨ ਬਾਅਦ ਪੰਜਾਬ ਪੁਲਸ ਨੇ ਵੀਰਵਾਰ ਨੂੰ ਉਸ ਅਤੇ ਉਸ ਦੇ ਸਹਿਯੋਗੀ ਐੱਸ. ਐੱਫ. ਜੇ. ਦੇ ਐਕਟਿਵ ਮੈਂਬਰ ਜੋਗਿੰਦਰ ਸਿੰਘ ਗੁੱਜਰ ਖਿਲਾਫ ਅੰਮ੍ਰਿਤਸਰ ਅਤੇ ਕਪੂਰਥਲਾ 'ਚ 2 ਵੱਖ-ਵੱਖ ਐੱਫ. ਆਈ. ਆਰਜ਼ ਦਰਜ ਕੀਤੀਆਂ ਹਨ, ਜੋ ਇਸ ਸਾਲ ਫਰਵਰੀ 'ਚ ਇਟਲੀ ਤੋਂ ਭਾਰਤ ਆਇਆ ਸੀ।
ਖਾਲਿਸਤਾਨ ਦਾ ਸਮਰਥਨ ਕਰਨ ਵਾਲਾ ਪੰਨੂੰ, ਜਿਸ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ 'ਚ ਕਿਹਾ ਸੀ ਕਿ ਉਹ ਪੰਜਾਬ 'ਚ ਅੱਤਵਾਦ ਨੂੰ ਉਤਸ਼ਾਹਿਤ ਕਰਨ 'ਚ ਸਰਗਰਮ ਤੌਰ 'ਤੇ ਸ਼ਾਮਲ ਸੀ, ਨੂੰ ਗ੍ਰਹਿ ਮੰਤਰਾਲੇ ਨੇ ਯੂ. ਏ. ਪੀ. ਏ. ਅਧੀਨ ਅੱਤਵਾਦੀ ਵਜੋਂ ਨਾਮਜ਼ਦ 9 ਵਿਅਕਤੀਆਂ 'ਚ ਸ਼ਾਮਲ ਕੀਤਾ ਹੈ, ਜੋ ਪੰਜਾਬ 'ਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਅਤੇ ਵਿਦੇਸ਼ੀ ਧਰਤੀ ਤੋਂ ਅੱਤਵਾਦ ਦੀਆਂ ਵੱਖ-ਵੱਖ ਕਾਰਵਾਈਆਂ 'ਚ ਸ਼ਾਮਲ ਸਨ। ਐੱਮ. ਐੱਚ. ਏ. ਨੇ ਪੰਨੂੰ ਨੂੰ ਭਾਰਤ ਵਿਰੁੱਧ ਵੱਖਵਾਦੀ ਮੁਹਿੰਮ ਨੂੰ ਸਰਗਰਮੀ ਨਾਲ ਚਲਾਉਣ ਅਤੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਅੱਤਵਾਦੀ ਕਤਾਰਾਂ 'ਚ ਸ਼ਾਮਲ ਹੋਣ ਲਈ ਉਤਸਾਹਤ ਕਰਨ ਲਈ ਅੱਤਵਾਦੀ ਐਲਾਨਿਆ ਗਿਆ ਹੈ।
ਦਲਿਤ ਸੁਰੱਖਿਆ ਸੈਨਾ (ਡੀ. ਐੱਸ. ਐੱਸ.) ਨੇ ਗੁਰਪਤਵੰਤ ਪੰਨੂੰ ਅਤੇ ਉਸ ਦੇ ਸਾਥੀਆਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਉਸ ਖਿਲਾਫ ਥਾਣਾ ਬੀ/ਡਵੀਜ਼ਨ, ਪੁਲਸ ਕਮਿਸ਼ਨਰੇਟ ਅੰਮ੍ਰਿਤਸਰ ਵਿਖੇ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸਟਰੀ ਝੰਡਾ ਸਾੜਨ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਵਾਸਤੇ ਉਕਸਾਉਣ ਲਈ ਕੇਸ ਦਰਜ ਕੀਤਾ ਗਿਆ ਸੀ, ਜਿਸ ਨਾਲ ਦੇਸ ਦੇ ਸਮੁੱਚੇ ਐੱਸ. ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਦਲਿਤ ਸੁਰੱਖਿਆ ਸੈਨਾ ਨੇ ਆਪਣੀ ਸ਼ਿਕਾਇਤ 'ਚ ਕਿਹਾ ਹੈ ਕਿ ਯੂ. ਐੱਸ. ਏ. ਅਧਾਰਤ ਸਿੱਖਸ ਫਾਰ ਜਸਟਿਸ ਸੰਗਠਨ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੇ ਸਾਥੀ ਇਕ ਵੀਡੀਓ ਵਿਚ ਭਾਰਤੀ ਸੰਵਿਧਾਨ ਅਤੇ ਭਾਰਤੀ ਰਾਸਟਰੀ ਝੰਡੇ ਦੀ ਬੇਇੱਜਤੀ ਕਰਦੇ ਵੇਖੇ ਗਏ। ਉਹ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਭਾਰਤੀ ਸੰਵਿਧਾਨ ਅਤੇ ਝੰਡੇ ਨੂੰ ਅੱਗ ਲਾਉਂਦੇ ਵੇਖੇ ਗਏ। ਪੰਨੂੰ ਨੂੰ ਸਾਰੀ ਸਿੱਖ ਕੌਮ ਨੂੰ ਭਾਰਤੀ ਸੰਵਿਧਾਨ ਵਿਰੁੱਧ ਅਤੇ ਰੈਫਰੈਂਡਮ 2020 ਦੇ ਹੱਕ ਵਿਚ ਭੜਕਾਉਂਦੇ ਵੇਖਿਆ ਗਿਆ ਸੀ।
ਪੁਲਸ ਬੁਲਾਰੇ ਅਨੁਸਾਰ ਉਪਰੋਕਤ ਸ਼ਿਕਾਇਤ ਸਬੰਧੀ ਤੁਰੰਤ ਕਾਰਵਾਈ ਜਰੂਰੀ ਸੀ ਕਿਉਂਕਿ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੇ ਸਾਥੀ ਆਪਣੇ ਕੰਮਾਂ ਅਤੇ ਬੋਲੇ ਤੇ ਲਿਖੇ ਸਬਦਾਂ ਕਰ ਕੇ ਦੇਸ਼ ਧ੍ਰੋਹੀਆਂ 'ਚ ਸ਼ਾਮਲ ਪਾਏ ਗਏ ਹਨ। ਇਸ ਤਰ੍ਹਾਂ ਫਿਰਕੂ ਫੁੱਟ ਪੈਦਾ ਕਰਨ ਦੇ ਨਾਲ-ਨਾਲ ਭਾਰਤ 'ਚ ਕਾਨੂੰਨ ਦੁਆਰਾ ਸਥਾਪਤ ਸਰਕਾਰ ਪ੍ਰਤੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਤੋਂ ਇਲਾਵਾ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵੀ ਕੀਤੀਆਂ, ਇਕ ਪਾਬੰਦੀਸ਼ੁਦਾ ਸੰਗਠਨ ਦੇ ਮੈਂਬਰ ਹੋਣ ਕਾਰਨ ਗੁਰਪਤਵੰਤ ਸਿੰਘ ਪੰਨੂੰ ਅਤੇ ਉਸ ਦੇ ਸਹਿਯੋਗੀ ਅਪਰਾਧ ਰੋਕੂ ਐਕਟ, 1971 ਦੀ ਧਾਰਾ 2, ਭਾਰਤੀ ਦੰਡਾਵਲੀ ਨਿਯਮ ਦੇ ਸੈਕਸ਼ਨ 504, 124-ਏ ਅਤੇ 153-ਏ, ਯੂ. ਏ. ਪੀ. ਏ. ਦੀ ਧਾਰਾ 10 (ਏ) ਅਤੇ 13 (1) ਅਤੇ ਐੱਸਸੀ/ਐੱਸਟੀ ਐਕਟ ਦੀ ਧਾਰਾ 3 ਤਹਿਤ ਜ਼ੁਰਮ ਕੀਤੇ ਹਨ। ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੂਜੀ ਐੱਫ. ਆਈ. ਆਰ., ਜੋ ਪੀ. ਐੱਸ. ਭੁਲੱਥ, ਜ਼ਿਲਾ ਕਪੂਰਥਲਾ ਵਿਖੇ ਦਰਜ ਕੀਤੀ ਗਈ ਹੈ। ਜੋਗਿੰਦਰ ਸਿੰਘ ਗੁੱਜਰ ਉਰਫ ਗੋਗਾ ਦੀ ਫਰਵਰੀ 2020 ਨੂੰ ਭਾਰਤ 'ਚ ਦਾਖਲ ਹੋਣ ਦੀ ਭਰੋਸੇਯੋਗ ਜਾਣਕਾਰੀ 'ਤੇ ਅਧਾਰਤ ਹੈ। ਇਸ ਕੇਸ 'ਚ ਪੰਨੂੰ ਅਤੇ ਉਸ ਦੇ ਸਾਥੀਆਂ 'ਤੇ ਦੇਸ਼ ਧ੍ਰੋਹੀ ਅਤੇ ਵੱਖਵਾਦੀ ਗਤੀਵਿਧੀਆਂ ਦਾ ਦੋਸ਼ ਲਾਇਆ ਗਿਆ ਹੈ।
ਪੁਲਸ ਬੁਲਾਰੇ ਨੇ ਦੱਸਿਆ ਕਿ ਜੋਗਿੰਦਰ ਸਿੰਘ ਗੁੱਜਰ ਉਰਫ ਗੋਗਾ ਪੁੱਤਰ ਅਵਤਾਰ ਸਿੰਘ ਨਿਵਾਸੀ ਅਕਾਲ, ਭੁਲੱਥ ਅਤੇ ਯੂ. ਐੱਸ. ਏ. ਅਧਾਰਤ ਪੰਨੂੰ ਅਤੇ ਸਿੱਖਸ ਫਾਰ ਜਸਟਿਸ (ਐੱਸ. ਐੱਫ. ਜੇ.) ਦੇ ਉਨ੍ਹਾਂ ਦੇ ਸਹਿਯੋਗੀ ਮੈਂਬਰਾਂ ਖਿਲਾਫ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਦੀ ਧਾਰਾ 10 (ਏ) ਅਤੇ (ਬੀ), 11, 13 (1) ਅਤੇ 17 ਅਧੀਨ ਐੱਫ. ਆਈ. ਆਰ. (ਨੰਬਰ 49) ਦਰਜ ਕੀਤੀ ਗਈ ਹੈ।
ਕੈਪਟਨ ਸਾਹਿਬ ਫਾਰਮਹਾਊਸਾਂ ’ਚ ਬੈਠ ਕੇ ਸਰਕਾਰਾਂ ਨਹੀਂ ਚਲਦੀਆਂ : ਭਗਵੰਤ ਮਾਨ
NEXT STORY