ਜਲੰਧਰ (ਧਵਨ) : ਪੰਜਾਬ ’ਚ ਸਿਆਸਤਦਾਨਾਂ ਅਤੇ ਗੈਂਗਸਟਰਾਂ ਦੇ ਆਪਸੀ ਸਬੰਧਾਂ ਬਾਰੇ ਪੰਜਾਬ ਪੁਲਸ ਦੀ ਇਕ ਗੁਪਤ ਰਿਪੋਰਟ ਚਰਚਾ ਦਾ ਵਿਸ਼ਾ ਬਣ ਗਈ ਹੈ, ਜੋ ਕਿ 2020 ’ਚ ਤਿਆਰ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਉਸ ਰਿਪੋਰਟ ’ਤੇ ਕਾਰਵਾਈ ਨਹੀਂ ਕੀਤੀ ਗਈ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਕ ਰਿਪੋਰਟ ਤਿਆਰ ਕੀਤੀ ਗਈ ਸੀ, ਜੋ ਕਿ ਤਤਕਾਲੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ, ਡੀ. ਆਈ. ਜੀ. ਸੁਰਜੀਤ ਸਿੰਘ ਅਤੇ ਏ. ਆਈ. ਜੀ. ਬਲਰਾਮ ਵੱਲੋਂ ਤਿਆਰ ਕੀਤੀ ਗਈ ਸੀ। ਪੰਜਾਬ ਪੁਲਸ ਦੇ ਅਧਿਕਾਰੀਆਂ ਵੱਲੋਂ ਤਿਆਰ ਕੀਤੀ ਰਿਪੋਰਟ ’ਚ ਗੈਂਗਸਟਰਾਂ ਅਤੇ ਸਿਆਸਤਦਾਨਾਂ ਦੀ ਆਪਸੀ ਮਿਲੀਭੁਗਤ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਇਸ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਜੱਗੂ ਭਗਵਾਨਪੁਰੀਆ 2010 ’ਚ ਆਮ ਗੈਂਗਸਟਰ ਹੁੰਦਾ ਸੀ ਪਰ ਹੌਲੀ-ਹੌਲੀ ਉਸ ਨੇ ਆਪਣਾ ਰੁਤਬਾ ਉੱਚਾ ਕਰਨਾ ਸ਼ੁਰੂ ਕਰ ਦਿੱਤਾ। ਭਗਵਾਨਪੁਰੀਆ ਖ਼ਿਲਾਫ਼ 2010 ਤੋਂ 2015 ਤੱਕ ਕੁੱਲ 32 ਮਾਮਲੇ ਦਰਜ ਹੋਏ ਸਨ।
ਇਹ ਵੀ ਪੜ੍ਹੋ : ਭਿੱਖੀਵਿੰਡ ਨੇੜੇ ਵਾਪਰਿਆ ਵੱਡਾ ਹਾਦਸਾ, ਬੈਂਕ ਮੈਨੇਜਰ ਸਮੇਤ ਦੋ ਕੁੜੀਆਂ ਦੀ ਮੌਤ
ਪੰਜਾਬ ਪੁਲਸ ਦੀ ਇਸ ਖੁਫੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪਤਨੀ ਹਰਮਨਪ੍ਰਭ ਸ਼ਰਨਪ੍ਰੀਤ ਕੌਰ ਦੀ 10-11 ਅਪ੍ਰੈਲ 2019 ਦੀ ਰਾਤ ਨੂੰ ਪਿੰਡ ਭਗਵਾਨਪੁਰ ’ਚ ਸ਼ੱਕੀ ਹਾਲਤ ’ਚ ਮੌਤ ਹੋ ਗਈ ਸੀ। ਉਸ ਸਮੇਂ ਦੱਸਿਆ ਗਿਆ ਸੀ ਕਿ ਹਰਮਨਪ੍ਰਭ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਪੰਜਾਬ ਪੁਲਸ ਦੀ ਰਿਪੋਰਟ ਅਨੁਸਾਰ ਸਤਨਾਮ ਸਿੰਘ ਉਰਫ ਸੱਤਾ ਵਾਸੀ ਫਤਿਹਗੜ੍ਹ ਚੂੜੀਆਂ ਦੀ 11 ਮਾਰਚ 2019 ਨੂੰ ਮੌਤ ਹੋ ਗਈ ਸੀ। ਇਹ ਮੌਤ ਭਗਵਾਨਪੁਰੀਆ ਦੀ ਪਤਨੀ ਦੀ ਮੌਤ ਤੋਂ ਇਕ ਮਹੀਨਾ ਪਹਿਲਾਂ ਹੋਈ ਸੀ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਤਨਾਮ ਦਾ ਕਤਲ ਸੁਪਾਰੀ ਕਿੱਲਰ ਵੱਲੋਂ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਸਦੀ ਲਾਸ਼ ਨੂੰ ਮਜੀਠਾ ਖੇਤਰ ਦੇ ਪਿੰਡ ਧੀਏਵਾਲ ਦੇ ਨਾਲੇ ’ਚ ਸੁੱਟ ਦਿੱਤਾ ਗਿਆ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਕੰਮ ਵੀ ਜਾਣਬੁੱਝ ਕੇ ਕੀਤਾ ਗਿਆ ਸੀ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜੱਗੂ ਭਗਵਾਨਪੁਰੀ ਨੇ ਹੀ ਸਤਨਾਮ ਸਿੰਘ ਨੂੰ ਕਥਿਤ ਤੌਰ ’ਤੇ ਕਤਲ ਕਰਵਾਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਬੰਬ ਧਮਾਕਾ : ਲਾਲਚ ਨੇ ਹੈੱਡ ਕਾਂਸਟੇਬਲ ਨੂੰ ਬਣਾਇਆ ਨਸ਼ਾ ਸਮੱਗਲਰ, ਜੇਲ ਪੁੱਜਣ ’ਤੇ ਅੱਤਵਾਦੀ
ਪੰਜਾਬ ਪੁਲਸ ਦੀ ਰਿਪੋਰਟ ਅਨੁਸਾਰ ਜੱਗੂ ਭਗਵਾਨਪੁਰੀਆ ਪਹਿਲਾਂ ਗਲੀ-ਮੁਹੱਲੇ ਦਾ ਗੈਂਗਸਟਰ ਸੀ। 2010 ਤੋਂ ਬਾਅਦ ਹੌਲੀ-ਹੌਲੀ ਭਗਵਾਨਪੁਰੀਆ ਦਾ ਰੁਤਬਾ ਵੱਧਦਾ ਗਿਆ। ਉਸ ਸਮੇਂ ਸੂਬੇ ’ਚ ਅਕਾਲੀ ਦਲ ਦੀ ਸਰਕਾਰ ਸੀ। ਭਗਵਾਨਪੁਰੀਏ ਨੇ ਸੀਨੀਅਰ ਅਕਾਲੀ ਆਗੂਆਂ ਨਾਲ ਸਬੰਧ ਕਾਇਮ ਕਰ ਲਏ ਸਨ ਅਤੇ ਹੌਲੀ-ਹੌਲੀ ਉਹ ਪੰਜਾਬ ਦੇ ਉੱਚ ਗੈਂਗਸਟਰਾਂ ’ਚ ਸ਼ਾਮਲ ਹੋ ਗਿਆ ਸੀ। 2010 ਤੋਂ 2015 ਤੱਕ ਉਨ੍ਹਾਂ ਦੇ ਇਲਾਕਿਆਂ ’ਚ ਕਈ ਵੱਡੇ ਕਬੱਡੀ ਟੂਰਨਾਮੈਂਟ ਵੀ ਕਰਵਾਏ ਗਏ, ਜਿਥੇ ਭਗਵਾਨਪੁਰੀਆਂ ਦੀ ਤੂਤੀ ਬੋਲਦੀ ਸੀ। ਇਸ ਦੌਰਾਨ ਵਿਦੇਸ਼ਾਂ ’ਚ ਵੀ ਵੱਡੇ ਪੱਧਰ ’ਤੇ ਉਸ ਦਾ ਮਨੁੱਖੀ ਸਮੱਗਲਿੰਗ ’ਚ ਹੱਥ ਰਿਹਾ। ਪੰਜਾਬ ਪੁਲਸ ਦੀ ਰਿਪੋਰਟ ਅਨੁਸਾਰ ਹਰਜਿੰਦਰ ਸਿੰਘ, ਜਿਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ 12 ਕੇਸ ਦਰਜ ਸਨ, ਨੇ ਪੁੱਛਗਿੱਛ ਦੌਰਾਨ ਗੈਂਗਸਟਰ ਗੁਰਪ੍ਰੀਤ ਸੇਖੋਂ ਦਾ ਨਾਂ ਲਿਆ ਸੀ। ਸੇਖੋਂ ਦਾ ਨਾਂ ਇਕ ਅਕਾਲੀ ਆਗੂ ਨਾਲ ਵੀ ਜੁੜਿਆ ਹੋਇਆ ਸੀ।
ਇਹ ਵੀ ਪੜ੍ਹੋ : ਲੁਧਿਆਣਾ ਕੋਰਟ ਕੰਪਲੈਕਸ ਧਮਾਕੇ ਨਾਲ ਕੰਬਿਆ ਪੰਜਾਬ, ਤਿੰਨ ਵੱਖ-ਵੱਖ ਥਿਊਰੀਆਂ ’ਤੇ ਕੰਮ ਕਰ ਰਹੀ ਪੁਲਸ
ਗੈਂਗਸਟਰਾਂ ਤੇ ਭਗਵਾਨਪੁਰੀਆ ਕੋਲੋਂ ਜੇਲਾਂ ’ਚੋਂ ਬਰਾਮਦ ਹੁੰਦੇ ਰਹੇ ਮੋਬਾਈਲ ਤੇ ਸਿਮ ਕਾਰਡ
ਇਸ ਰਿਪੋਰਟ ’ਚ ਏ. ਡੀ. ਜੀ. ਪੀ. (ਜੇਲਾਂ), ਪੰਜਾਬ ਦੇ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਇਕ ਰਿਪੋਰਟ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੰਜਾਬ ਦੀਆਂ ਜੇਲਾਂ ’ਚ ਬੰਦ ਭਗਵਾਨਪੁਰੀਆ ਅਤੇ ਹੋਰ ਗੈਂਗਸਟਰਾਂ ਕੋਲੋਂ ਮੋਬਾਈਲ ਅਤੇ ਸਿਮ ਕਾਰਡ ਬਰਾਮਦ ਹੁੰਦੇ ਰਹੇ ਹਨ। ਸਾਲ 2014 ’ਚ ਪੰਜਾਬ ਦੀਆਂ ਜੇਲਾਂ ’ਚੋਂ 703 ਮੋਬਾਈਲ ਅਤੇ ਸਿਮ ਕਾਰਡ ਬਰਾਮਦ ਹੋਏ, 2015 ’ਚ 359, 2016 ’ਚ 959, 2017 ’ਚ 1966, 2018 ’ਚ 1538 ਅਤੇ 2019 ’ਚ 1791 ਮੋਬਾਈਲ ਅਤੇ ਸਿਮ ਕਾਰਡ ਬਰਾਮਦ ਕੀਤੇ ਗਏ।
ਇਹ ਵੀ ਪੜ੍ਹੋ : ਕੰਟਰੋਲ ਰੂਮ ’ਤੇ ਫੋਨ ਕਰਕੇ ਦਿੱਤੀ ਧਮਕੀ, ਹੁਣ ਚੰਡੀਗੜ੍ਹ ’ਚ ਹੋਣਗੇ ਸੀਰੀਅਲ ਬੰਬ ਬਲਾਸਟ
ਡਿਪਟੀ ਸੀ. ਐੱਮ. ਰੰਧਾਵਾ ਅਤੇ ਜੱਗੂ ਭਗਵਾਨਪੁਰੀਆ ਦੇ ਆਪਸੀ ਸਬੰਧਾਂ ਨੂੰ ਨਕਾਰਿਆ ਗਿਆ
ਪੰਜਾਬ ਪੁਲਸ ਦੀ ਇਸ ਰਿਪੋਰਟ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ’ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਹੋਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਰਿਪੋਰਟ ’ਚ ਜੱਗੂ ਭਗਵਾਨਪੁਰੀਆ ਖ਼ਿਲਾਫ਼ ਦਰਜ ਕੇਸਾਂ ਬਾਰੇ ਵੀ ਜਾਣਕਾਰੀ ਲਿਖੀ ਹੋਈ ਹੈ। ਸਾਲ 2010 ’ਚ ਭਗਵਾਨਪੁਰੀਆ ਖ਼ਿਲਾਫ਼ ਕੁੱਲ 4 ਕੇਸ ਦਰਜ ਹੋਏ ਸਨ। 2011 ’ਚ 6, 2012 ’ਚ ਵੀ 6, 2013 ’ਚ 5, 2014 ’ਚ 17 ਅਤੇ 2015 ’ਚ 10 ਕੇਸ ਦਰਜ ਕੀਤੇ ਗਏ ਸਨ। ਜਦੋਂ ਰੰਧਾਵਾ ਜੇਲ ਮੰਤਰੀ ਸਨ ਤਾਂ ਅਕਾਲੀ ਦਲ ਨੇ ਉਨ੍ਹਾਂ ’ਤੇ ਗੈਂਗਸਟਰ ਭਗਵਾਨਪੁਰੀਆ ਨਾਲ ਸਬੰਧ ਹੋਣ ਦੇ ਦੋਸ਼ ਲਾਏ ਸਨ ਪਰ ਜਾਂਚ ਰਿਪੋਰਟ ’ਚ ਕਿਹਾ ਗਿਆ ਹੈ ਕਿ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਿਤੇ ਵੀ ਸਾਬਤ ਨਹੀਂ ਹੁੰਦਾ ਕਿ ਰੰਧਾਵਾ ਦਾ ਭਗਵਾਨਪੁਰੀਆ ਨਾਲ ਕੋਈ ਸਬੰਧ ਸੀ ਜਾਂ ਕੋਈ ਸਬੰਧ ਹੈ। ਇਸ ਦੇ ਉਲਟ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਬਾਰੇ ਰਿਪੋਰਟ ’ਚ ਲਿਖਿਆ ਗਿਆ ਹੈ ਕਿ ਉਹ ਕਥਿਤ ਤੌਰ ’ਤੇ ਵੱਖ-ਵੱਖ ਅਪਰਾਧਿਕ ਤੱਤਾਂ ਦੀ ਸਰਪ੍ਰਸਤੀ ਕਰਦਾ ਰਿਹਾ ਹੈ। ਰਿਪੋਰਟ ’ਚ ਇਹ ਵੀ ਲਿਖਿਆ ਗਿਆ ਹੈ ਕਿ ਗ੍ਰਹਿ ਵਿਭਾਗ ਸੁਖਬੀਰ ਕੋਲ ਹੋਣ ਦੇ ਬਾਵਜੂਦ ਮਜੀਠੀਆ ਪੁਲਸ ’ਤੇ ਕੰਟਰੋਲ ਰੱਖਦਾ ਸੀ।
ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, 17 ਸਾਲਾ ਇਕਲੌਤੇ ਪੁੱਤ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਟਰਸਾਈਕਲ ਸਵਾਰ ਨੂੰ ਗੋਲੀ ਮਾਰਨ ਵਾਲੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ
NEXT STORY