ਲੁਧਿਆਣਾ (ਰਾਜ): ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ਲੁਧਿਆਣਾ ਨੇ ਸੋਸ਼ਲ ਮੀਡੀਆ 'ਤੇ ਭਾਈਚਾਰਕ ਸਾਂਝ ਵਿਗਾੜਣ ਵਾਲੀ ਸਮੱਗਰੀ ਪੋਸਟ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹ ਅਕਾਊਂਟ ਸੋਸ਼ਲ ਮੀਡੀਆ ਪਲੇਟਫ਼ਾਰਮ X 'ਤੇ ਚੱਲ ਰਿਹਾ ਸੀ।
ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਸੈਣੀ ਵਜੋਂ ਹੋਈ ਹੈ, ਜੋ @the_lama_singh ਨਾਂ ਦੇ ਅਕਾਊਂਟ ਤੋਂ ਫ਼ਰਵਰੀ 2019 ਤੋਂ ਐਕਟਿਵ ਸੀ। ਉਸ ਦੇ 13 ਹਜ਼ਾਰ ਤੋਂ ਵੀ ਫਾਲੋਅਰਜ਼ ਹਨ। ਸਾਈਬਰ ਕ੍ਰਾਈਮ ਵਿੰਗ ਦੀ ਸ਼ੁਰੂਆਤੀ ਜਾਂਚ ਮੁਤਾਬਕ ਇਹ ਅਕਾਊਂਟ ਲਗਾਤਾਰ ਅਜਿਹੀਆਂ ਪੋਸਟਾਂ ਪਾਉਂਦਾ ਸੀ, ਜਿਨ੍ਹਾਂ ਨੂੰ ਭੜਕਾਊ, ਭਾਈਚਾਰਕ ਸਾਂਝ ਤੋੜਣ ਵਾਲੀ ਤੇ ਮਾਹੌਲ ਖ਼ਰਾਬ ਕਰਨ ਦੀ ਸਮਰੱਥਾ ਰੱਖਣ ਵਾਲੀ ਮੰਨਿਆ ਗਿਆ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੀਆਂ ਪੋਸਟਾਂ ਵਿਚ ਸਿੱਖ, ਹਿੰਦੂ ਤੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਸੂਬੇ ਨਾਲ ਜੁੜੇ ਸੰਵੇਦਨਸ਼ੀਲ ਮੁੱਦਿਆਂ, ਵਿਚਾਰਧਾਰਾਵਾਂ ਤੇ ਅਬਾਦੀ ਵਿਚ ਤਬਦੀਲੀ ਜਿਹੇ ਵਿਸ਼ਿਆਂ 'ਤੇ ਵੀ ਭੜਕਾਊ ਟਿੱਪਣੀਆਂ ਕੀਤੀਆਂ ਜਾਂਦੀਆਂ ਸਨ। ਪੁਲਸ ਮੁਤਾਬਕ, ਅਕਾਊਂਟ ਦਾ ਸੰਚਾਲਨ ਇਕ 'ਸੋਚੀ-ਸਮਝੀ ਰਣਨੀਤੀ' ਤਹਿਤ ਨਫ਼ਰਤ ਫ਼ੈਲਾਉਣ ਦੇ ਉਦੇਸ਼ ਨਾਲ ਕੀਤਾ ਜਾਂਦਾ ਸੀ ਤੇ ਯੂਜ਼ਰ ਖ਼ੁਦ ਨੂੰ ਕੱਟੜਪੰਥੀ ਸੋਚ ਵਾਲਾ ਪੇਸ਼ ਕਰਦਾ ਸੀ। ਅਕਾਊਂਟ ਦੀ ਰੀਚ ਵੇਖਦਿਆਂ ਸਾਈਬਰ ਕ੍ਰਾਈਮ ਸੈੱਲ ਨੇ ਤੁਰੰਤ ਕਾਰਵਾਈ ਕਰਦਿਆਂ 29 ਨਵੰਬਰ 2025 ਨੂੰ FIR ਨੰਬਰ 64 ਦਰਜ ਕੀਤੀ ਹੈ। ਮਾਮਲਾ ਭਾਰਤੀ ਨਿਆਂ ਸੰਹਿਤਾ ਤੇ ਆਈ. ਟੀ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਹੈ।
ਜਾਰੀ ਰਹੇਗੀ ਕਾਰਵਾਈ
ਪੰਜਾਬ ਪੁਲਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਨਫ਼ਰਤ, ਗਲਤ ਸੂਚਨਾ ਤੇ ਸਮਾਜ ਦੀ ਏਕਤਾ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਸਰਗਰਮੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਅਜਿਹੇ ਮਾਮਲਿਆਂ ਵਿਚ ਸਖ਼ਤ ਕਾਰਵਾਈ ਜਾਰੀ ਰਹੇਗੀ।
ਭਾਖੜਾ ਡੈਮ ਨਾਲ ਜੁੜੀ ਵੱਡੀ ਖ਼ਬਰ! BBMB ਨੇ ਲਿਆ ਵੱਡਾ ਫ਼ੈਸਲਾ
NEXT STORY