ਲੁਧਿਆਣਾ (ਗੌਤਮ/ਅਨਿਲ/ਰਾਜ): ਲੁਧਿਆਣਾ ਕਮਿਸ਼ਨਰੇਟ ਪੁਲਸ ਨੇ ਕਾਊਂਟਰ ਇੰਟੈਲੀਜੈਂਸ ਦੇ ਨਾਲ ਮਿਲ ਕੇ ਇਕ ਵੱਡੀ ਸਫਲਤਾ ਹਾਸਲ ਕਰਦਿਆਂ ਅੰਤਰਰਾਸ਼ਟਰੀ ਅੱਤਵਾਦੀ-ਗੈਂਗਸਟਰ ਗਠਜੋੜ ਨੂੰ ਨਾਕਾਮ ਕਰ ਦਿੱਤਾ ਹੈ। ਪੁਲਸ ਨੇ ਇਸ ਮਾਡਿਊਲ ਦੇ ਦੋ ਹੋਰ ਖ਼ਤਰਨਾਕ ਗੁਰਗਿਆਂ ਨੂੰ ਮਿਲਟਰੀ-ਗ੍ਰੇਡ ਦੇ ਵਿਸਫੋਟਕਾਂ (ਹੈਂਡ ਗ੍ਰਨੇਡਾਂ) ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਨਾਲ ਪੰਜਾਬ ਵਿਚ ਕਿਸੇ ਵੱਡੀ ਅੱਤਵਾਦੀ ਘਟਨਾ ਦੀ ਸਾਜ਼ਿਸ਼ ਫੇਲ੍ਹ ਹੋ ਗਈ ਹੈ।
ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦਿੱਤੀ ਕਿ ਇਹ ਕਾਰਵਾਈ 17 ਮਈ ਨੂੰ ਬੇਪਰਦੇ ਕੀਤੇ ਗਏ ਮਾਡਿਊਲ ਦੀ ਅਗਲੇਰੀ ਜਾਂਚ ਦਾ ਹਿੱਸਾ ਹੈ। 17 ਮਈ ਨੂੰ ਪੁਲਸ ਨੇ ਲਾਡੋਵਾਲ ਨੇੜੇ ਅਨੁਰਾਜ ਉਰਫ਼ ਗੌਰਵ ਮਸੀਹ ਅਤੇ ਅੰਕੁਸ਼ ਨਾਮੀ ਦੋ ਮੁਲਜ਼ਮਾਂ ਨੂੰ 3 ਪਿਸਤੌਲਾਂ ਅਤੇ 11 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਸੀ ਕਿ ਉਹ ਜਰਮਨੀ ਬੈਠੇ ਜ਼ੋਰਾਵਰ ਸਿੰਘ ਅਤੇ ਲੱਖਾ, ਅਤੇ ਦੁਬਈ ਬੈਠੇ ਸਾਹਿਲ ਸੋਂਧੀ ਦੇ ਇਸ਼ਾਰੇ 'ਤੇ ਟਾਰਗੇਟਿਡ ਹੱਤਿਆਵਾਂ ਕਰਨ ਦੀ ਯੋਜਨਾ ਬਣਾ ਰਹੇ ਸਨ।

ਤਾਜ਼ਾ ਜਾਂਚ ਦੌਰਾਨ ਪੁਲਸ ਨੇ ਮਾਝਾ ਖੇਤਰ ਤੋਂ ਦੋ ਹੋਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਕਰਨਦੀਪ ਸਿੰਘ ਉਰਫ਼ ਕਰਨ ਵਾਸੀ ਤਰਨਤਾਰਨ ਅਤੇ ਬਲਜੀਤ ਸਿੰਘ ਉਰਫ਼ ਸੰਜੂ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਕਰਨਦੀਪ ਸਿੰਘ ਇਕ ਪੇਸ਼ੇਵਰ ਅਪਰਾਧੀ ਹੈ ਅਤੇ ਉਸ 'ਤੇ ਪਹਿਲਾਂ ਵੀ ਇਰਾਦਾ-ਏ-ਕਤਲ ਅਤੇ ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਇਹ ਦੋਵੇਂ ਮੁਲਜ਼ਮ ਮਲੇਸ਼ੀਆ ਵਿਚ ਬੈਠੇ ਹੈਂਡਲਰ ਅਕਾਸ਼ਦੀਪ ਉਰਫ਼ ਗੋਲਡਨ ਰਾਹੀਂ ਇਸ ਨੈੱਟਵਰਕ ਨਾਲ ਜੁੜੇ ਹੋਏ ਸਨ। ਪੁਲਸ ਨੇ ਇਨ੍ਹਾਂ ਪਾਸੋਂ 2 ਜ਼ਿੰਦਾ ਹੈਂਡ ਗ੍ਰਨੇਡ ਬਰਾਮਦ ਕੀਤੇ ਹਨ। ਇਸ ਬਰਾਮਦਗੀ ਤੋਂ ਬਾਅਦ ਪੁਲਸ ਨੇ ਮਾਮਲੇ ਵਿਚ ਵਿਸਫੋਟਕ ਪਦਾਰਥ ਐਕਟ ਦੀਆਂ ਸਖ਼ਤ ਧਾਰਾਵਾਂ ਵੀ ਜੋੜ ਦਿੱਤੀਆਂ ਹਨ।
ਲੁਧਿਆਣਾ ਪੁਲਸ ਅਨੁਸਾਰ, ਪਹਿਲਾਂ ਹਥਿਆਰਾਂ ਅਤੇ ਹੁਣ ਗ੍ਰਨੇਡਾਂ ਦੀ ਬਰਾਮਦਗੀ ਨਾਲ ਇਸ ਵਿਦੇਸ਼ੀ ਸਿੰਡੀਕੇਟ ਦੇ ਸ਼ੂਟਿੰਗ ਮਾਡਿਊਲ ਅਤੇ ਵਿਸਫੋਟਕ ਸਪਲਾਈ ਚੇਨ ਦੋਵਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਹੈ। ਪੁਲਸ ਹੁਣ ਇਸ ਨੈੱਟਵਰਕ ਦੇ ਬਾਕੀ ਰਹਿੰਦੇ ਸਥਾਨਕ ਸੰਪਰਕਾਂ ਦੀ ਪਛਾਣ ਕਰਨ ਲਈ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਪੰਜਾਬੀ Singer ਕਤਲਕਾਂਡ 'ਚ ਵੱਡਾ ਐਕਸ਼ਨ! Boyfriend ਨੂੰ ਕੈਨੇਡਾ ਤੋਂ Deport ਕਰਵਾਉਣ ਦੀ ਤਿਆਰੀ
NEXT STORY