ਲੁਧਿਆਣਾ (ਰਾਜ): ਪੰਜਾਬੀ ਗਾਇਕਾ ਇੰਦਰ ਕੌਰ ਉਰਫ਼ ਯਸ਼ਇੰਦਰ ਕੌਰ ਕਤਲਕਾਂਡ ਵਿਚ ਪੁਲਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਆਹ ਤੋਂ ਇਨਕਾਰ ਕਰਨ 'ਤੇ ਆਪਣੀ ਗਾਇਕਾ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਕੇ ਵਿਦੇਸ਼ ਭੱਜੇ ਮੁੱਖ ਮੁਲਜ਼ਮ ਅਤੇ ਐੱਨ.ਆਰ.ਆਈ. (NRI) ਬੁਆਏਫ੍ਰੈਂਡ ਸੁਖਵਿੰਦਰ ਸਿੰਘ ਉਰਫ਼ ਸੁੱਖੀ ਬਰਾੜ ਵਿਰੁੱਧ ਪੁਲਸ ਨੇ ਲੁੱਕਆਊਟ ਸਰਕੂਲਰ (LOC) ਜਾਰੀ ਕਰਨ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪੁਲਸ ਦੇ ਹੱਥ ਇਸ ਹਾਈ-ਪ੍ਰੋਫਾਈਲ ਕਤਲ ਕੇਸ ਵਿਚ ਕਈ ਅਜਿਹੇ ਪੁਖਤਾ ਅਤੇ ਅਹਿਮ ਸਬੂਤ ਲੱਗੇ ਹਨ, ਜਿਨ੍ਹਾਂ ਦੇ ਦਮ 'ਤੇ ਮੁਲਜ਼ਮ ਸੁੱਖਾ ਨੂੰ ਕੈਨੇਡਾ ਤੋਂ ਡਿਪੋਰਟ ਕਰਵਾ ਕੇ ਵਾਪਸ ਲੁਧਿਆਣਾ ਲਿਆਂਦਾ ਜਾਵੇਗਾ।
ਇਸ ਸਨਸਨੀਖੇਜ਼ ਕਤਲ ਦੇ ਤਾਰ ਹੁਣ ਅੰਤਰਰਾਸ਼ਟਰੀ ਪੱਧਰ 'ਤੇ ਜੁੜਦੇ ਨਜ਼ਰ ਆ ਰਹੇ ਹਨ। ਪੁਲਸ ਦੀਆਂ ਕਈ ਟੀਮਾਂ ਇਸ ਕੇਸ ਵਿਚ ਨੇਪਾਲ ਦੇ ਰਸਤਿਆਂ ਨਾਲ ਜੁੜੇ ਲਿੰਕ ਖੰਗਾਲ ਰਹੀਆਂ ਹਨ, ਕਿਉਂਕਿ ਖ਼ਦਸ਼ਾ ਹੈ ਕਿ ਮੁਲਜ਼ਮ ਨੇ ਭੱਜਣ ਲਈ ਨੇਪਾਲ ਰੂਟ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੇ ਨਾਲ ਹੀ ਇਸ ਖੂਨੀ ਸਾਜ਼ਿਸ਼ ਵਿਚ ਹੋਰ ਕੌਣ-ਕੌਣ ਸ਼ਾਮਲ ਸੀ, ਇਸ ਨੂੰ ਲੈ ਕੇ ਵੀ ਪੁਲਸ ਦੀ ਤਫ਼ਤੀਸ਼ ਤੇਜ਼ ਹੋ ਗਈ ਹੈ।
ਦੂਜੇ ਪਾਸੇ, ਪੋਸਟਮਾਰਟਮ ਰਿਪੋਰਟ ਨੇ ਇਸ ਕਤਲ ਦੀ ਬੇਰਹਿਮੀ ਨੂੰ ਬਿਆਨ ਕਰ ਦਿੱਤਾ ਹੈ। ਰਿਪੋਰਟ ਮੁਤਾਬਕ, ਕਾਤਲਾਂ ਨੇ ਗਾਇਕਾ ਨੂੰ ਬਹੁਤ ਕਰੀਬ ਤੋਂ ਦੋ ਗੋਲੀਆਂ ਮਾਰੀਆਂ ਸਨ। ਪਹਿਲੀ ਗੋਲੀ ਇੰਦਰ ਕੌਰ ਦੀ ਛਾਤੀ ਦੇ ਸੱਜੇ ਪਾਸੇ ਲੱਗੀ ਜੋ ਸਰੀਰ ਨੂੰ ਚੀਰਦੀ ਹੋਈ ਆਰ-ਪਾਰ ਨਿਕਲ ਗਈ, ਜਦਕਿ ਦੂਜੀ ਗੋਲੀ ਸਿੱਧੀ ਉਨ੍ਹਾਂ ਦੇ ਮੱਥੇ ਵਿਚ ਦਾਗੀ ਗਈ ਸੀ, ਜੋ ਸਿਰ ਦੇ ਅੰਦਰ ਹੀ ਫਸੀ ਰਹਿ ਗਈ।
ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਨੇ ਬੀਤੀ 13 ਮਈ ਦੀ ਰਾਤ ਨੂੰ ਆਪਣੇ ਪਿਤਾ ਪ੍ਰੀਤਮ ਸਿੰਘ ਅਤੇ ਦੋ ਦੋਸਤਾਂ ਕਰਮਜੀਤ ਸਿੰਘ ਤੇ ਰਵਿੰਦਰ ਸਿੰਘ ਰਵੀ ਨਾਲ ਮਿਲ ਕੇ ਇੰਦਰ ਨੂੰ ਅਗਵਾ ਕੀਤਾ ਅਤੇ ਫਿਰ ਗੱਡੀ ਦੇ ਅੰਦਰ ਹੀ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸਬੂਤਾਂ ਨੂੰ ਮਿਟਾਉਣ ਲਈ ਮੁਲਜ਼ਮਾਂ ਨੇ ਰਾਤ ਦੇ ਹਨੇਰੇ ਵਿਚ ਇੰਦਰ ਦੀ ਲਾਸ਼ ਨੂੰ ਨੀਲੋ ਨਹਿਰ ਵਿਚ ਸੁੱਟ ਦਿੱਤਾ ਅਤੇ ਉਸ ਦੀ ਕਾਰ ਨੂੰ ਉੱਥੋਂ 7 ਕਿਲੋਮੀਟਰ ਦੂਰ ਰਾਮਪੁਰ ਪਿੰਡ ਦੇ ਕੋਲ ਨਹਿਰ ਵਿਚ ਧੱਕ ਦਿੱਤਾ। ਘਟਨਾ ਦੇ 6 ਦਿਨਾਂ ਬਾਅਦ 19 ਮਈ ਨੂੰ ਇੰਦਰ ਕੌਰ ਦੀ ਲਾਸ਼, ਜੋ ਪਾਣੀ ਵਿਚ ਰਹਿਣ ਕਾਰਨ ਪੂਰੀ ਤਰ੍ਹਾਂ ਫੁੱਲ ਚੁੱਕੀ ਸੀ, ਪੁਲਸ ਨੇ ਇੱਕ ਬੰਦ ਪਏ ਟੋਲ ਪਲਾਜ਼ਾ ਕੋਲ ਇਕ ਸੁੱਕੇ ਦਰੱਖਤ ਵਿਚ ਫਸੀ ਹੋਈ ਬਰਾਮਦ ਕੀਤੀ। ਫਿਲਹਾਲ, ਲੁਧਿਆਣਾ ਪੁਲਸ ਮੁੱਖ ਮੁਲਜ਼ਮ ਸੁਖਵਿੰਦਰ ਸਿੰਘ ਸੁੱਖਾ ਨੂੰ ਦਬੋਚਣ ਲਈ ਹਰ ਮੁਮਕਿਨ ਕਾਨੂੰਨੀ ਅਤੇ ਕੂਟਨੀਤਕ ਰਸਤਾ ਅਪਣਾ ਰਹੀ ਹੈ।
800 ਪਿੱਛੇ ਵਿਅਕਤੀ ਦਾ ਕਤਲ, ਦੋ ਮੁਲਜ਼ਮਾਂ ਨੇ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY