ਤਰਨਤਾਰਨ (ਰਮਨ)- ਜ਼ਿਲ੍ਹੇ ਦੀ ਥਾਣਾ ਕੱਚਾ ਪੱਕਾ ਪੁਲਸ ਨੇ ਇਕ ਮੌਜੂਦਾ ਫ਼ੌਜੀ ਅਤੇ ਉਸ ਦੇ ਸਾਥੀ ਨੂੰ 2900 ਨਸ਼ੇ ਵਾਲੀਆਂ ਟਰਾਮਾਡੋਲ ਗੋਲ਼ੀਆਂ, ਇਕ ਪਿਸਤੌਲ, 5 ਰੌਂਦ ਅਤੇ ਸਕਾਰਪੀਓ ਗੱਡੀ ਸਮੇਤ ਗ੍ਰਿਫ਼ਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਹਾਸਲ ਕਰਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫ਼ੌਜੀ ਆਪਣੀ ਸਕਾਰਪੀਓ ਉੱਪਰ ਪੰਜਾਬ ਪੁਲਸ ਦਾ ਸਟਿੱਕਰ ਲਗਾ ਕੇ ਨਸ਼ੇ ਵਾਲੀਆਂ ਗੋਲ਼ੀਆਂ ਦੀ ਸਪਲਾਈ ਕਰਦਾ ਸੀ।
ਜਾਣਕਾਰੀ ਅਨੁਸਾਰ ਥਾਣਾ ਕੱਚਾ ਪੱਕਾ ਦੀ ਪੁਲਸ ਵੱਲੋਂ ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਦੇ ਹੁਕਮਾਂ ’ਤੇ ਜੀ. ਟੀ. ਰੋਡ ਉੱਪਰ ਟੀ-ਪੁਆਇੰਟ ਮਾਣਕਪੁਰ ਵਿਖੇ ਨਾਕਾਬੰਦੀ ਕਰਦੇ ਹੋਏ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਥਾਣਾ ਮੁਖੀ ਸਬ ਇੰਸਪੈਕਟਰ ਮੈਡਮ ਸੋਨੇ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਇਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਨੰਬਰ ਪੀ. ਬੀ. 46-ਵਾਈ-5224 ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਚਾਲਕ ਨੇ ਆਪਣਾ ਨਾਮ ਜ਼ੋਰਾਵਰ ਸਿੰਘ ਪੁੱਤਰ ਹਰਵਿੰਦਰਪਾਲ ਸਿੰਘ ਵਾਸੀ ਪਿੰਡ ਬੋਪਾਰਾਏ ਦੱਸਿਆ। ਪੁਲਸ ਨੇ ਇਸ ਕਾਰ ਦੀ ਤਲਾਸ਼ੀ ਲੈਣ ਉਪਰੰਤ ਕਾਰ ਦੀ ਅਗਲੀ ਨਾਲ ਵਾਲੀ ਸੀਟ ਉੱਪਰ ਪਏ ਲਿਫ਼ਾਫ਼ੇ ਵਿਚੋਂ 15 ਡੱਬੇ ਟ੍ਰਾਈਕੇਅਰ ਐੱਸ. ਆਰ. ਬਰਾਮਦ ਕੀਤੇ, ਜਿਸ ਦੀ ਗਿਣਤੀ ਕਰਨ ਉਪਰੰਤ 2900 ਨਸ਼ੇ ਵਾਲੀਆਂ ਗੋਲੀਆਂ ਕਬਜ਼ੇ ਵਿਚ ਲੈ ਲਈਆਂ।
ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲ੍ਹਾਂ (ਵੀਡੀਓ)
ਇਸ ਮੌਕੇ ਤਲਾਸ਼ੀ ਲੈਣ ਦੌਰਾਨ ਮੁਲਜ਼ਮ ਫ਼ੌਜੀ ਪਾਸੋਂ ਇਕ 32 ਬੋਰ ਪਿਸਤੌਲ ਅਤੇ 5 ਜਿੰਦਾ ਰੌਂਦ ਵੀ ਬਰਾਮਦ ਕੀਤੇ ਹਨ। ਇਸ ਦੌਰਾਨ ਸ਼ੁਰੂਆਤੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ 15 ਪੰਜਾਬ 7 ਆਰ-ਆਰ ਬਟਾਲੀਅਨ ਸ਼੍ਰੀਨਗਰ ਵਿਖੇ ਬਤੌਰ ਕਾਂਸਟੇਬਲ ਤਾਇਨਾਤ ਹੈ, ਜੋ 15 ਅਗਸਤ ਤੱਕ ਆਪਣੇ ਪਿੰਡ ਛੁੱਟੀ ਲਈ ਆਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਦਾ ਪਿਤਾ ਫ਼ੌਜ ਤੋਂ ਸੇਵਾ ਮੁਕਤ ਹੋਣ ਉਪਰੰਤ ਇਸ ਵੇਲੇ ਕਪੂਰਥਲਾ ਜ਼ਿਲ੍ਹੇ ਅੰਦਰ ਪੰਜਾਬ ਪੁਲਸ ’ਚ ਤਾਇਨਾਤ ਹੈ। ਪੁਲਸ ਵੱਲੋਂ ਕੀਤੀ ਤਫ਼ਤੀਸ਼ ’ਚ ਇਹ ਸਾਹਮਣੇ ਆਇਆ ਕਿ ਇਹ ਨਸ਼ੇ ਵਾਲੀਆਂ ਗੋਲ਼ੀਆਂ ਮੁਲਜ਼ਮ ਨੇ ਪੂਰਨ ਸਿੰਘ ਪੁੱਤਰ ਪਿਸ਼ੌਰਾ ਸਿੰਘ ਪਾਸੋਂ ਖ਼ਰੀਦੀਆਂ ਸਨ, ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਪੂਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕਰ ਲਈ ਹੈ।
ਪੰਜਾਬ ਪੁਲਸ ਦੀ ਆੜ ’ਚ ਹੋ ਰਹੀ ਸਪਲਾਈ
ਇਸ ਮਾਮਲੇ ’ਚ ਸਾਫ਼ ਜ਼ਾਹਰ ਹੋ ਗਿਆ ਹੈ ਕਿ ਗ੍ਰਿਫ਼ਤਾਰ ਫ਼ੌਜੀ ਨੇ ਆਪਣੀ ਸਕਾਰਪੀਓ ਉੱਪਰ ਪੰਜਾਬ ਪੁਲਸ ਦਾ ਸਟਿੱਕਰ ਲਗਾਇਆ ਹੋਇਆ ਸੀ, ਜਿਸ ਦੀ ਆੜ ’ਚ ਉਹ ਨਸ਼ੇ ਦੀ ਸਪਲਾਈ ਆਸਾਨੀ ਨਾਲ ਕਰ ਲੈਂਦਾ ਸੀ। ਇਸ ਮਾਮਲੇ ਤੋਂ ਬਾਅਦ ਪੁਲਸ ਨੇ ਮੁਲਜ਼ਮ ਦੇ ਪਿਤਾ ਜੋ ਪੰਜਾਬ ਪੁਲਸ ’ਚ ਡਿਊਟੀ ਕਰ ਰਿਹਾ ਹੈ, ਨੂੰ ਵੀ ਤਿੱਖੀ ਨਜ਼ਰ ਨਾਲ ਵੇਖਣਾ ਸ਼ੁਰੂ ਕਰ ਦਿੱਤਾ ਹੈ। ਪਤਾ ਲੱਗਾ ਹੈ ਕਿ ਪੁਲਸ ਇਸ ਮਾਮਲੇ ਤਹਿਤ ਮੁਲਜ਼ਮ ਦੀ ਪ੍ਰਾਪਰਟੀ ਆਦਿ ਦੀ ਜਾਂਚ ਕਰਵਾਉਂਦੇ ਹੋਏ ਭਵਿੱਖ ’ਚ ਫ੍ਰੀਜ਼ ਕਰ ਸਕਦੀ ਹੈ। ਸਰੱਹਦੀ ਜ਼ਿਲ੍ਹੇ ਅੰਦਰ ਤਾਇਨਾਤ ਕਈ ਪੁਲਸ ਕਰਮਚਾਰੀਆਂ ਵਲੋਂ ਨਸ਼ੇ ਦੀ ਸਪਲਾਈ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਇਕ ਵੱਡਾ ਸਵਾਲ ਪੈਦਾ ਕਰਦਾ ਹੈ।
ਇਹ ਵੀ ਪੜ੍ਹੋ: ਕਪੂਰਥਲਾ ’ਚ ਦੇਹ ਵਪਾਰ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਇਤਰਾਜ਼ਯੋਗ ਸਮੱਗਰੀ ਸਣੇ ਮਿਲੇ ਮੁੰਡੇ-ਕੁੜੀਆਂ
ਪੁਲਸ ਮੁਲਾਜ਼ਮਾਂ ਦੇ ਵਾਹਨਾਂ ਦੀ ਹੋਵੇਗੀ ਜਾਂਚ
ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਫ਼ੌਜੀ ਅਤੇ ਉਸ ਦੇ ਸਾਥੀ ਨੂੰ ਥਾਣਾ ਮੁਖੀ ਸੋਨੇ ਦੀਪ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਇਨ੍ਹਾਂ ਨੂੰ ਸਪਲਾਈ ਦੇਣ ਵਾਲਾ ਇਕ ਹੋਰ ਤੀਜਾ ਵਿਅਕਤੀ ਜੋ ਬੱਸ ਡਰਾਈਵਰ ਹੈ, ਨੂੰ ਕਾਬੂ ਕਰਨਾ ਬਾਕੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੀ ਆੜ ’ਚ ਨਸ਼ਾ ਸਮੱਗਲਰ ਕਰਨ ਦੇ ਮਾਮਲੇ ਤਹਿਤ ਉਹ ਸ਼ੱਕੀ ਪੁਲਸ ਕਰਮਚਾਰੀਆਂ ਦੀਆਂ ਗੱਡੀਆਂ ਚੈੱਕ ਕਰਵਾਉਣ ਦੇ ਹੁਕਮ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਪੁਲਸ ਮੁਲਾਜ਼ਮ ਹੀ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਫੌਜੀ ਦੀ ਸ਼੍ਰੀ ਨਗਰ ਸਥਿਤ ਬਟਾਲੀਅਨ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਤਰਨ ਤਾਰਨ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੀ ਲੱਖਾਂ ਦੀ ਨਕਦੀ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਮਾਂ ਦੀ ਡਾਂਟ ਤੋਂ ਨਾਰਾਜ਼ ਬੱਚੇ ਨੇ ਬਾਥਰੂਮ 'ਚ ਲਾਇਆ ਫ਼ਾਹਾ, ਦਰਦਨਾਕ ਮੰਜ਼ਰ ਨੇ ਉਡਾ ਦਿੱਤੇ ਹੋਸ਼
NEXT STORY