ਜ਼ੀਰਕਪੁਰ (ਧੀਮਾਨ): ਜ਼ੀਰਕਪੁਰ–ਅੰਬਾਲਾ ਹਾਈਵੇ ’ਤੇ ਬੀਤੇ ਦਿਨੀਂ ਪੰਜਾਬ ਪੁਲਸ ਦੇ ਐਸਕੋਰਟ ਵਾਹਨ ਵਲੋਂ ਸੇਵਾਮੁਕਤ ਲੈਫਟੀਨੈਂਟ ਜਨਰਲ ਡੀ. ਐੱਸ. ਹੁੱਡਾ ਦੀ ਕਾਰ ਨਾਲ ਹੋਈ ਟੱਕਰ ਨਾਲ ਜੁੜੇ ਮਾਮਲੇ ਤੋਂ ਬਾਅਦ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ. (ਟ੍ਰੈਫਿਕ) ਮੋਹਾਲੀ ਅਤੇ ਏ.ਐੱਸ.ਪੀ. ਜ਼ੀਰਕਪੁਰ ਨੇ ਉਨ੍ਹਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੂਰੀ ਘਟਨਾ ਤੋਂ ਜਾਣੂ ਕਰਵਾਇਆ ਤੇ ਹਰ ਸੰਭਵ ਕਾਰਵਾਈ ਦਾ ਭਰੋਸਾ ਦਿੱਤਾ। ਇਸ ਸਬੰਧੀ ਏ.ਡੀ. ਜੀ. ਪੀ. ਟ੍ਰੈਫਿਕ ਅਮਰਦੀਪ ਸਿੰਘ ਰਾਏ ਨੇ ਆਪਣੇ ਐਕਸ ਅਕਾਊਂਟ ’ਤੇ ਜਾਣਕਾਰੀ ਦਿੱਤੀ ਕਿ ਇਸ ਮਾਮਲੇ ’ਚ ਸ਼ਾਮਲ ਐਸਕੋਰਟ ਵਾਹਨ ਤੇ ਇਸ ’ਚ ਤਾਇਨਾਤ ਪੁਲਸ ਮੁਲਾਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਘਟਨਾ ਸਮੇਂ ਹਾਈਵੇ ’ਤੇ ਭਾਰੀ ਟ੍ਰੈਫਿਕ ਕਾਰਨ ਪ੍ਰੋਟੈਕਟੀ ਅਤੇ ਐਸਕੋਰਟ ਵਾਹਨ ਵਿਚਾਲੇ ਕਾਫ਼ੀ ਦੂਰੀ ਬਣ ਗਈ ਸੀ। ਇਹ ਦੂਰੀ ਘਟਾਉਣ ਦੀ ਕੋਸ਼ਿਸ਼ ਦੌਰਾਨ ਐਸਕੋਰਟ ਵਾਹਨ ਨੇ ਤੇਜ਼ ਓਵਰਟੇਕ ਕੀਤਾ, ਜਿਸ ਕਰਕੇ ਲੈਫਟੀਨੈਂਟ ਜਨਰਲ ਹੁੱਡਾ ਦੀ ਕਾਰ ਨਾਲ ਹਲਕਾ ਸੰਪਰਕ ਹੋ ਗਿਆ।
ਇਹ ਖ਼ਬਰ ਵੀ ਪੜ੍ਹੋ - England 'ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਸੀ ਲਖਵਿੰਦਰ ਸਿੰਘ
ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਵੀ ਇਸ ਗੱਲ ਦੀ ਪੁਸ਼ਟੀ ਕਰਦੀ ਹੈ। ਵਿਵਹਾਰਕ ਗ਼ਲਤੀ ਤੇ ਟ੍ਰੈਫਿਕ ਅਨੁਸ਼ਾਸਨ ’ਚ ਕੋਤਾਹੀ ਦੇ ਮੱਦੇਨਜ਼ਰ ਸਬੰਧਤ ਪੁਲਸ ਮੁਲਾਜ਼ਮਾਂ ਨੂੰ ਸ਼ੋ–ਕਾਜ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਜਾਰੀ ਕੀਤੀ ਗਈ ਐੱਸ.ਓ.ਪੀ. ਨੂੰ ਹੋਰ ਸਖ਼ਤੀ ਨਾਲ ਲਾਗੂ ਕਰਨ ਲਈ ਸਾਰੇ ਐਸਕੋਰਟ ਅਤੇ ਪਾਇਲਟ ਡਰਾਈਵਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।
ਇਹ ਖ਼ਬਰ ਵੀ ਪੜ੍ਹੋ - ਹੈਂ... 8 ਰੁਪਏ ਦੀ ਸ਼ੈਅ ਚੋਰੀ ਕਰਨ 8 ਲੱਖ ਦੀ ਗੱਡੀ 'ਚ ਆਇਆ 'ਚੋਰ'! ਵਾਇਰਲ ਹੋ ਗਈ ਵੀਡੀਓ
ਪੰਜਾਬ ਪੁਲਸ ਨੇ ਸਾਫ਼ ਕੀਤਾ ਹੈ ਕਿ ਪੇਸ਼ੇਵਰਤਾ, ਜਵਾਬਦੇਹੀ ਅਤੇ ਲੋਕਾਂ ਦੇ ਭਰੋਸੇ ਨੂੰ ਸਭ ਤੋਂ ਉੱਚੀ ਤਰਜੀਹ ਦਿੱਤੀ ਜਾਂਦੀ ਹੈ ਤੇ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਘਟਨਾ ਤੋਂ ਬਾਅਦ ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਨੇ ਪੁਲਸ ਐਸਕਾਰਟ ਦੇ ਚਾਲਕ ਤੇ ਜਾਣ-ਬੁੱਝ ਕੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰਨ ਦਾ ਦੋਸ਼ ਲਾਇਆ ਸੀ। ਡੀ.ਐੱਸ.ਪੀ. ਜ਼ੀਰਕਪੁਰ ਗ਼ਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਲੈਫਟੀਨੈਂਟ ਜਨਰਲ ਡੀ.ਐੱਸ. ਹੁੱਡਾ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਉਨ੍ਹਾਂ ਨੂੰ ਇਸ ਸਬੰਧੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐਸਕੋਰਟ ਗੱਡੀ ਦੇ ਮੁਲਾਜ਼ਮ ਜ਼ਿਲ੍ਹਾ ਮੋਹਾਲੀ ਨਾਲ ਹੀ ਸਬੰਧਤ ਹਨ ਅਤੇ ਪੁਲਸ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
England 'ਚ ਪੰਜਾਬੀ ਨੌਜਵਾਨ ਦੀ ਮੌਤ! ਮਾਪਿਆਂ ਦਾ ਇਕਲੌਤਾ ਪੁੱਤ ਸੀ ਲਖਵਿੰਦਰ ਸਿੰਘ
NEXT STORY