ਜਲੰਧਰ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਇਸ ਦਾ ਸ਼ਾਨਦਾਰ ਰਿਹਾ ਹੈ। ਇਨ੍ਹਾਂ ਨਤੀਜਿਆਂ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ, ਉਥੇ ਹੀ ਵੱਡਾ ਸਵਾਲ ਇਹ ਹੈ ਕਿ ਆਖਿਰ ਅਚਾਨਕ ਵਿਦਿਆਰਥੀਆਂ ਦੀ ਪਾਸ ਦਰ ਵਿਚ ਚੋਖਾ ਵਾਧਾ ਕਿਵੇਂ ਹੋਇਆ। ਦਰਅਸਲ ਇਸ ਵਾਰ ਸਰੱਹਦੀ ਇਲਾਕਿਆਂ ਦੇ ਵਿਦਿਆਰਥੀਆਂ ਦੇ ਬਿਹਤਰੀਨ ਨਤੀਜੇ ਦੇਖਣ ਨੂੰ ਮਿਲੇ ਹਨ। ਇਨ੍ਹਾਂ ਨਤੀਜਿਆਂ ਦਾ ਕਾਰਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਸਿਰ ਤੋੜ ਮਿਹਨਤ ਹੈ।
ਵਿਭਾਗ ਵਲੋਂ ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਬਿਹਤਰ ਨਤੀਜਿਆਂ ਲਈ ਅਧਿਆਪਕਾਂ ਨੂੰ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਅਤੇ ਇਹ ਸਪੱਸ਼ਟ ਕਿਹਾ ਗਿਆ ਸੀ ਮਾੜੇ ਨਤੀਜਿਆਂ ਲਈ ਸੰਬੰਧਤ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਹੀ ਜ਼ਿੰਮੇਵਾਰ ਤੇ ਜਵਾਬਦੇਹ ਹੋਣਗੇ। ਇਸੇ ਦੇ ਨਤੀਜਾ ਸੀ ਕਿ ਅਧਿਆਪਕਾਂ ਨੇ ਗਜ਼ਟਿਡ ਛੁੱਟੀਆਂ ਦੌਰਾਨ ਵੀ ਆਪਣੀਆਂ ਕਲਾਸਾਂ ਨੂੰ ਸਖ਼ਤ ਮਿਹਨਤ ਕਰਵਾਈ। ਕਈਆਂ ਸਕੂਲਾਂ ਵਿਚ ਤਾਂ ਅਧਿਆਪਕਾਂ ਵਲੋਂ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਬੱਚਿਆਂ ਦੀਆਂ ਕਲਾਸਾਂ ਲਗਵਾਈਆਂ ਗਈਆਂ ਅਤੇ ਵਿਭਾਗ ਵੱਲੋਂ ਦਿੱਤੇ ਮਾਡਲ ਪੇਪਰਾਂ ਨਾਲ ਖੂਬ ਤਿਆਰੀ ਕਰਵਾਈ।
ਉਧਰ ਸਰਕਾਰੀ ਸਕੂਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਨ੍ਹਾਂ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਦੇ ਸਿਰ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਆਪਕਾਂ ਨੇ ਇਸ ਸੈਸ਼ਨ ਦੌਰਾਨ ਜਿਹੜੀ ਸਖਤ ਮਿਹਨਤ ਕੀਤੀ ਹੈ ਅਤੇ ਜਿਸ ਤਰ੍ਹਾਂ ਪੇਪਰਾਂ ਦੀ ਤਿਆਰੀ ਕਰਵਾਈ ਹੈ ਉਹ ਕਾਬਲੇ ਤਾਰੀਫ ਹੈ। ਉਨ੍ਹਾਂ ਸਕੂਲ ਮੁਖੀਆਂ, ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ।
ਹੁਣ ਜਦੋਂ 10ਵੀਂ ਦੇ ਸ਼ਾਨਦਾਰ ਨਤੀਜਿਆਂ ਨੇ ਸਾਰਿਆਂ ਨੂੰ ਖੁਸ਼ ਕਰ ਦਿੱਤਾ ਹੈ ਤਾਂ ਲੋੜ ਹੈ ਕਿ ਬੱਚਿਆਂ ਨੂੰ ਸਿਰ ਤੋੜ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਨਮਾਨ ਦੇਣ ਦੀ ਤਾਂ ਜੋ ਉਨ੍ਹਾਂ ਦਾ ਮਨੋਬਲ ਇਸੇ ਤਰ੍ਹਾਂ ਬਰਕਰਾਰ ਰਹੇ ਅਤੇ ਅਗਾਊਂ ਵੀ ਬਿਹਤਰ ਨਤੀਜੇ ਵੇਖਣ ਨੂੰ ਮਿਲਦੇ ਰਹਿਣ।
ਪੰਜਾਬ 'ਚੋਂ ਨਵਾਂਸ਼ਹਿਰ ਦੀ ਧੀ ਨੇ ਮਾਰੀ ਬਾਜ਼ੀ, ਹਾਸਲ ਕੀਤਾ ਤੀਜਾ ਸਥਾਨ (ਤਸਵੀਰਾਂ)
NEXT STORY