ਚੰਡੀਗੜ੍ਹ/ਪਟਿਆਲਾ (ਪਰਮੀਤ) - ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੇ ਥਰਮਲ ਬਿਜਲੀ ਉਤਪਾਦਨ ਵਿਚ ਵਾਧੇ ਮਗਰੋਂ ਹੁਣ ਪਣ-ਬਿਜਲੀ ਉਤਪਾਦਨ 'ਤੇ ਵੀ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਦਾ ਨਤੀਜਾ ਇਹ ਹੈ ਕਿ ਚਾਲੂ ਵਿੱਤ ਵਰ੍ਹੇ ਦੇ ਪਹਿਲੇ 4 ਮਹੀਨਿਆਂ ਦੌਰਾਨ ਹੀ ਇਸ ਦਾ ਉਤਪਾਦਨ ਪਿਛਲੇ ਸਾਲ ਦੇ ਮੁਕਾਬਲੇ 30 ਫੀਸਦੀ ਵਧ ਗਿਆ ਹੈ। 1 ਅਪ੍ਰੈਲ ਤੋਂ 31 ਜੁਲਾਈ ਤੱਕ ਦੇ ਇਸ ਅਰਸੇ ਵਿਚ ਜਿੱਥੇ ਪਿਛਲੇ ਸਾਲ 13247 ਲੱਖ ਯੂਨਿਟ ਬਿਜਲੀ ਪੈਦਾਵਾਰ ਹੋਈ ਸੀ, ਉਥੇ ਹੀ ਐਤਕੀਂ 17196 ਲੱਖ ਯੂਨਿਟ ਰਹੀ ਹੈ। ਪਾਵਰਕਾਮ ਦੇ 5 ਪਣ-ਬਿਜਲੀ ਪ੍ਰਾਜੈਕਟ ਹਨ ਜਿਨ੍ਹਾਂ ਵਿਚ ਸ਼ਾਨਨ ਹਾਈਡਲ ਪ੍ਰਾਜੈਕਟ ਜੋਗਿੰਦਰ ਨਗਰ, ਯੂ. ਬੀ. ਡੀ. ਸੀ. ਪਠਾਨਕੋਟ, ਰਣਜੀਤ ਸਾਗਰ ਡੈਮ ਪ੍ਰਾਜੈਕਟ, ਆਨੰਦਪੁਰ ਸਾਹਿਬ ਹਾਈਡਲ ਪ੍ਰਾਜੈਕਟ ਤੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਤਲਵਾੜਾ ਸ਼ਾਮਲ ਹਨ।
ਇਨ੍ਹਾਂ ਪਲਾਂਟਾਂ ਵਿਚੋਂ ਸ਼ਾਨਨ, ਯੂ. ਬੀ. ਡੀ. ਸੀ. ਤੇ ਰਣਜੀਤ ਸਾਗਰ ਡੈਮ ਪ੍ਰਾਜੈਕਟ ਵਿਚ ਬਿਜਲੀ ਉਤਪਾਦਨ ਪਿਛਲੇ ਵਰ੍ਹੇ ਨਾਲੋਂ ਜ਼ਿਆਦਾ ਰਿਹਾ ਹੈ। ਇਨ੍ਹਾਂ ਪ੍ਰਾਜੈਕਟਾਂ ਦੇ ਕੁੱਲ 32 ਯੂਨਿਟ ਹਨ। ਇਸ ਵੇਲੇ ਇਹ ਆਪਣੀ ਪੂਰੀ ਸਮਰੱਥਾ 'ਤੇ ਬਿਜਲੀ ਪੈਦਾ ਕਰ ਰਹੇ ਹਨ। ਇਨ੍ਹਾਂ ਪਣ-ਬਿਜਲੀ ਪ੍ਰਾਜੈਕਟਾਂ ਰਾਹੀਂ ਸਾਲਾਨਾ 45000 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਜਾਂਦੀ ਹੈ। ਤਿੰਨਾਂ ਡੈਮਾਂ 'ਚ ਪਿਛਲੇ ਸਾਲ ਨਾਲੋਂ ਵੱਧ ਪਾਣੀ-ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤਿੰਨਾਂ ਡੈਮਾਂ ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮ ਵਿਚ ਪਾਣੀ ਪਿਛਲੀ ਵਾਰ ਦੇ ਮੁਕਾਬਲੇ ਜ਼ਿਆਦਾ ਹੈ। ਇਸੇ ਬਦੌਲਤ ਇਸ ਵਿੱਤ ਵਰ੍ਹੇ ਭਾਵ 2017-18 ਦੌਰਾਨ ਪਣ-ਬਿਜਲੀ ਉਤਪਾਦਨ ਵਾਧੂ ਰਹੇਗਾ ਜਿਸ ਦੀ ਬਦੌਲਤ ਬਿਜਲੀ ਨਿਗਮ ਨੂੰ ਕਰੋੜਾਂ ਰੁਪਏ ਦੀ ਬੱਚਤ ਹੋ ਸਕੇਗੀ। ਇਸ ਨੂੰ ਹੋਰ ਰਾਜਾਂ ਤੋਂ ਘੱਟ ਬਿਜਲੀ ਖਰੀਦਣੀ ਪਵੇਗੀ। ਇਸ ਵੇਲੇ ਰਣਜੀਤ ਸਾਗਰ ਡੈਮ ਵਿਚ 522.75 ਮੀਟਰ, ਭਾਖੜਾ ਡੈਮ ਵਿਚ 1656 ਫੁੱਟ ਜਦ ਕਿ ਪੌਂਗ ਡੈਮ ਵਿਚ 1376 ਫੁੱਟ ਪਾਣੀ ਹੈ ਜਦ ਕਿ ਪਿਛਲੇ ਸਾਲ ਰਣਜੀਤ ਸਾਗਰ ਡੈਮ ਵਿਚ ਅੱਜ ਦੇ ਦਿਨ ਪਾਣੀ 516.47 ਮੀਟਰ, ਭਾਖੜਾ ਡੈਮ ਵਿਚ 1623 ਫੁੱਟ ਅਤੇ ਪੌਂਗ ਡੈਮ ਵਿਚ 1356 ਫੁੱਟ ਸੀ।
ਮੁੱਖ ਮੰਤਰੀ ਅਮਰਿੰਦਰ ਨੇ ਉਮਰਕੈਦ ਦੀ ਸਜ਼ਾ ਕੱਟ ਰਹੇ ਕੈਦੀਆਂ ਦੀ ਇਕ ਸਾਲ ਦੀ ਸਜ਼ਾ ਕੀਤੀ ਮੁਆਫ
NEXT STORY