ਲੁਧਿਆਣਾ (ਰਾਮ)- ਪਿਛਲੇ ਕਰੀਬ 10 ਦਿਨਾਂ ਤੋਂ ਸਰਕਾਰੀ ਵਾਹਨ ਪੋਰਟਲ ’ਤੇ ਲਗਾਤਾਰ ਗੰਭੀਰ ਤਕਨੀਕੀ ਦਿੱਕਤਾਂ ਆਉਣ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈੱਬਸਾਈਟ ਖੋਲ੍ਹਦੇ ਹੀ ਵਾਰ-ਵਾਰ ‘ਐਰਰ 503’ ਦਿਖਾਈ ਦੇ ਰਿਹਾ ਹੈ, ਜਿਸ ਕਾਰਨ ਵਾਹਨਾਂ ਦੀ ਆਰ. ਸੀ. ਟ੍ਰਾਂਸਫਰ ਸਮੇਤ ਕਈ ਹੋਰ ਜ਼ਰੂਰੀ ਕੰਮ ਪੂਰੀ ਤਰ੍ਹਾਂ ਲਟਕ ਗਏ ਹਨ। ਸਭ ਤੋਂ ਜ਼ਿਆਦਾ ਮੁਸ਼ਕਲ ਉਨ੍ਹਾਂ ਲੋਕਾਂ ਨੂੰ ਪੇਸ਼ ਆ ਰਹੀ ਹੈ, ਜਿਨ੍ਹਾਂ ਨੇ ਪੁਰਾਣੇ ਵਾਹਨ ਦੀ ਆਰ. ਸੀ. ਆਪਣੇ ਨਾਂ ਟ੍ਰਾਂਸਫਰ ਕਰਵਾਉਣੀ ਹੈ, ਕਿਉਂਕਿ ਸਰਕਾਰ ਵੱਲੋਂ ਇਸ ਪ੍ਰਕਿਰਿਆ ਲਈ ਹੁਣ ਐੱਨ. ਸੀ. ਆਰ. ਬੀ. ਰਿਪੋਰਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ।
ਆਰ. ਟੀ. ਏ. ਦਫਤਰਾਂ ’ਚ ਰੋਜ਼ਾਨਾ ਵੱਡੀ ਗਿਣਤੀ ’ਚ ਲੋਕ ਆਪਣੇ ਕੰਮ ਕਰਵਾਉਣ ਲਈ ਪਹੁੰਚ ਰਹੇ ਹਨ ਪਰ ਪੋਰਟਲ ਬੰਦ ਹੋਣ ਕਾਰਨ ਮੁਲਾਜ਼ਮਾਂ ਨੂੰ ਉਨ੍ਹਾਂ ਨੂੰ ਖਾਲੀ ਹੱਥ ਮੋੜਨਾ ਪੈ ਰਿਹਾ ਹੈ। ਕਈ ਵਾਰ ਮੁਲਾਜ਼ਮ ਬਿਨੈਕਾਰਾਂ ਨੂੰ ਵੈੱਬਸਾਈਟ ਬੰਦ ਹੋਣ ਦਾ ਸਕਰੀਨਸ਼ਾਟ ਤੱਕ ਦਿਖਾਉਂਦੇ ਹਨ, ਤਾਂ ਜੋ ਉਨ੍ਹਾਂ ਨੂੰ ਇਹ ਸਮਝਾਇਆ ਜਾ ਸਕੇ ਕਿ ਇਹ ਤਕਨੀਕੀ ਸਮੱਸਿਆ ਸਥਾਨਕ ਪੱਧਰ ਦੀ ਨਹੀਂ ਹੈ। ਇਸ ਦੇ ਬਾਵਜੂਦ ਪ੍ਰੇਸ਼ਾਨ ਲੋਕ ਆਪਣਾ ਗੁੱਸਾ ਦਫਤਰੀ ਮੁਲਾਜ਼ਮਾਂ ’ਤੇ ਹੀ ਕੱਢ ਰਹੇ ਹਨ ਅਤੇ ਉਨ੍ਹਾਂ ਨੂੰ ਕੰਮ ’ਚ ਟਾਲ-ਮਟੋਲ ਕਰਨ ਵਾਲਾ ਸਮਝ ਰਹੇ ਹਨ।

ਅਸਲ ’ਚ ਵਾਹਨ ਪੋਰਟਲ ਆਊਟਸੋਰਸਿੰਗ ਕੰਪਨੀ ਜ਼ਰੀਏ ਚਲਾਇਆ ਜਾ ਰਿਹਾ ਹੈ। ਅਜਿਹੇ ’ਚ ਸਥਾਨਕ ਦਫਤਰਾਂ ਦੇ ਮੁਲਾਜ਼ਮਾਂ ਕੋਲ ਇਸ ਮੁੱਖ ਤਕਨੀਕੀ ਖਾਮੀ ਨੂੰ ਆਪਣੇ ਪੱਧਰ ’ਤੇ ਠੀਕ ਕਰਵਾਉਣ ਦਾ ਕੋਈ ਸਿੱਧਾ ਅਧਿਕਾਰ ਜਾਂ ਬਦਲ ਮੌਜੂਦ ਨਹੀਂ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਨ ਕਿ ਜਿਵੇਂ ਹੀ ਵੈੱਬਸਾਈਟ ਕੁਝ ਸਮੇਂ ਲਈ ਚੱਲੇ, ਤੁਰੰਤ ਸਬੰਧਤ ਬਿਨੈਕਾਰਾਂ ਦੀ ਐੱਨ. ਸੀ. ਆਰ. ਬੀ. ਰਿਪੋਰਟ ਕੱਢ ਕੇ ਕੰਮ ਅੱਗੇ ਵਧਾਇਆ ਜਾਵੇ ਪਰ ਸਰਵਰ ਲਗਾਤਾਰ ਡਾਊਨ ਰਹਿਣ ਕਾਰਨ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੈ।
ਇਸ ਦੌਰਾਨ ਕੁਝ ਦਲਾਲ ਕਿਸਮ ਦੇ ਅਨਸਰ ਵੀ ਸਰਗਰਮ ਹੋ ਗਏ ਹਨ, ਜੋ ਲੋਕਾਂ ਨੂੰ ਬਿਨਾਂ ਐੱਨ. ਸੀ. ਆਰ. ਬੀ. ਰਿਪੋਰਟ ਦੇ ਵੀ ਆਰ. ਸੀ. ਟ੍ਰਾਂਸਫਰ ਕਰਵਾਉਣ ਦੇ ਝੂਠੇ ਦਾਅਵੇ ਕਰ ਕੇ ਗੁੰਮਰਾਹ ਕਰ ਰਹੇ ਹਨ। ਹਕੀਕਤ ਇਹ ਹੈ ਕਿ ਮੁਲਾਜ਼ਮ ਸਰਕਾਰੀ ਨਿਯਮਾਂ ਖਿਲਾਫ ਜਾ ਕੇ ਕੋਈ ਕਾਰਵਾਈ ਨਹੀਂ ਕਰ ਸਕਦੇ। ਆਰ. ਟੀ. ਏ. ਮੁਲਾਜ਼ਮਾਂ ਨੇ ਸਬੰਧਤ ਉੱਚ ਵਿਭਾਗ ਤੋਂ ਇਸ ਤਕਨੀਕੀ ਖਾਮੀ ਨੂੰ ਜਲਦ ਦੂਰ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬਕਾਇਆ ਕੰਮ ਸਮੇਂ ’ਤੇ ਪੂਰੇ ਹੋ ਸਕਣ।
ਪਤੀ ਨਾਲ ਝਗੜੇ ਤੋਂ ਬਾਅਦ ਜ਼ਮੀਨ ’ਤੇ ਡਿੱਗੀ ਪਤਨੀ ਦੀ ਮੌਤ
NEXT STORY