ਜਲੰਧਰ : ਲਹਿੰਦੇ ਪੰਜਾਬ 'ਚ ਇਕ ਦੌਰ ਅੰਦਰ ਉਮੀਦ ਉੱਕਾ ਨਹੀਂ ਸੀ ਪਰ ਹੁਣ ਉਮੀਦ ਬੱਝਦੀ ਨਜ਼ਰ ਆਉਂਦੀ ਹੈ। 30 ਸਾਲ ਪਹਿਲਾਂ ਪੰਜਾਬੀ ਦਾ ਕੋਈ 'ਕਿਤਾਬਘਾੜਾ' ਨਹੀਂ ਸੀ। ਕਿਤਾਬਾਂ 'ਚ ਦੋ ਜਾਂ ਤਿੰਨ ਦੀ ਗਿਣਤੀ ਸੀ, ਜੋ ਮੁੜ-ਮੁੜ ਛਪਦੀਆਂ ਸਨ। ਇਹ ਕਿਤਾਬਾਂ ਅੰਮ੍ਰਿਤਾ ਪ੍ਰੀਤਮ, ਪ੍ਰੋ. ਮੋਹਨ ਸਿੰਘ ਅਤੇ ਅਹਿਮਦ ਰਾਹੀ ਦੀਆਂ ਸਨ ਪਰ ਹੁਣ ਮਕਸੂਦ ਸਾਕਿਬ ਦਾ ਪ੍ਰਕਾਸ਼ਨ ਘਰ 'ਪੰਚਮ', ਅਮਜਦ ਮਿਨਹਾਸ ਦਾ 'ਸਾਂਝ ਸਨੇਹ' ਕਈ ਨਿੱਕੇ-ਮੋਟੇ ਪ੍ਰਕਾਸ਼ਕ ਹਨ।ਹੁਣ ਸੈਂਕੜੇ ਕਿਤਾਬਾਂ ਸਾਲਾਨਾ ਛਪਦੀਆਂ ਹਨ। ਪੰਜਾਬੀ ਮਾਂ ਬੋਲੀ ਲਈ ਕਈ ਹਿੱਸਿਆਂ ਤੋਂ ਮੰਚ, ਸੱਥਾਂ, ਬੈਠਕਾਂ ਸਰਗਰਮ ਹਨ। ਜ਼ੁਬਾਨ ਲਈ ਲੜਾਈ ਕਈ ਮੋਰਚਿਆਂ 'ਤੇ ਖੜ੍ਹੀ ਹੋ ਗਈ ਹੈ। ਹੁਣ ਲਹਿੰਦੇ ਪੰਜਾਬ ਦੇ ਲੋਕ ਮਾਂ ਬੋਲੀ ਦੀ ਅਹਿਮੀਅਤ ਨੂੰ ਸਮਝਦਿਆਂ ਜਾਗਰੂਕ ਹੋ ਗਏ ਹਨ। ਇਹ ਜ਼ਰੂਰ ਹੈ ਕਿ ਪੰਜਾਬੀ ਅਖ਼ਬਾਰ ਤਾਂ ਨਿੱਕੇ ਮੋਟੇ ਛਪਦੇ ਹਨ ਪਰ ਪੰਜਾਬੀ ਦਾ ਕੋਈ ਵੱਡਾ ਅਖ਼ਬਾਰ ਨਹੀਂ ਹੈ।80ਵਿਆਂ 'ਚ ਹੁਸੈਨ ਨੱਕੀ ਨੇ 'ਸੱਜਣ' ਅਖ਼ਬਾਰ ਸ਼ੁਰੂ ਕੀਤੀ ਸੀ ਪਰ ਸਾਲ ਬਾਅਦ ਉਹ ਵੀ ਬੰਦ ਹੋ ਗਈ।
ਮਾਂ ਬੋਲੀ ਦਾ ਅਤੇ ਬੰਦੇ ਦਾ ਬੜਾ ਗੂੜ੍ਹਾ ਸਾਕ ਹੈ ਪਰ ਪਾਕਿਸਤਾਨ 'ਚ ਇਨ੍ਹਾਂ ਗੱਲਾਂ ਨੂੰ ਸਰਕਾਰ ਨਹੀਂ ਸਮਝਦੀ। ਇੱਥੇ ਇਕ ਮਜ਼੍ਹਬ ਇਕ ਜ਼ੁਬਾਨ ਨੇ ਵੰਨ-ਸੁਵੰਨਤਾ ਨੂੰ ਵੱਡੀ ਢਾਅ ਲਾਈ ਹੈ।ਇੱਥੋਂ ਦਾ ਹਰ ਕੰਮ ਸਰਕਾਰੀ ਜ਼ੁਬਾਨ ਉਰਦੂ 'ਚ ਕੀਤਾ ਜਾ ਰਿਹਾ ਹੈ। ਇਸ ਨੁਕਤੇ ਨੂੰ ਸਮਝਣਾ ਪਵੇਗਾ ਕਿ ਪਾਕਿਸਤਾਨ ਇਕੱਲਾ ਪੰਜਾਬੀ ਜ਼ੁਬਾਨ ਦੇ ਖਿਲਾਫ ਨਹੀਂ। ਇੱਥੇ ਉਰਦੂ ਤੋਂ ਇਲਾਵਾ ਚਾਰ ਹੋਰ ਜ਼ੁਬਾਨਾਂ ਹਨ। ਪੰਜਾਬੀ, ਸਿੰਧੀ, ਬਲੋਚ ਅਤੇ ਪਸ਼ਤੋ ਪਰ ਪਾਕਿਸਤਾਨ ਅੰਦਰ ਇ੍ਹਨਾਂ ਜ਼ੁਬਾਨਾਂ ਨੂੰ ਲੈ ਕੇ ਵੀ ਕੋਈ ਸੋਹਣਾ ਹੁੰਗਾਰਾ ਨਹੀਂ।ਕਹਿ ਸਕਦੇ ਹਾਂ ਕਿ ਇੱਥੋਂ ਦਾ ਢਾਂਚਾ ਹਰ ਮਾਂ ਬੋਲੀ ਦੇ ਖਿਲਾਫ ਹੈ ਅਤੇ ਇਸ ਦੀ ਕੀਮਤ ਨੂੰ ਪਛਾਣ ਨਹੀਂ ਰਿਹਾ। ਇਸ ਦਾ ਕਾਰਨ ਪੁਰਾਣੀਆਂ ਨਿਸ਼ਾਨਦੇਹੀਆਂ 'ਚ ਪਿਆ ਹੈ। 1849 'ਚ ਜਦੋਂ ਪੰਜਾਬ ਅੰਗਰੇਜ਼ਾਂ ਦੇ ਕਬਜ਼ੇ 'ਚ ਆਇਆ ਤਾਂ ਉਦੋਂ ਵੀ ਪੰਜਾਬੀ ਜ਼ੁਬਾਨ ਨੂੰ ਸਰਕਾਰ ਦੀ ਹੱਲਾਸ਼ੇਰੀ ਨਹੀਂ ਸੀ।1854 ਤੱਕ ਆਉਂਦਿਆਂ ਅੰਗਰੇਜ਼ਾਂ ਨੇ ਇੱਥੇ ਉਰਦੂ ਜ਼ੁਬਾਨ ਨੂੰ ਥੋਪ ਦਿੱਤਾ। ਜਦੋਂ 47 'ਚ ਪਾਕਿਸਤਾਨ ਬਣਿਆ ਤਾਂ ਬਹੁਮਤ ਪੰਜਾਬੀਆਂ ਦਾ ਹੋਣ ਦੇ ਬਾਵਜੂਦ ਰਸੂਖ਼ਦਾਰ ਲੋਕਾਂ ਦਾ ਜਿਹੜਾ ਦਬਦਬਾ ਬਣਿਆ, ਉਹ ਯੂ. ਪੀ. ਅਤੇ ਸੈਂਟਰਲ ਪ੍ਰੋਵੀਨੰਸ ਵਾਲੇ ਬੰਦੇ ਸਨ। ਉਹ ਪੰਜਾਬੀਆਂ ਨਾਲੋਂ ਪੜ੍ਹੇ-ਲਿਖੇ ਵੀ ਬਹੁਤੇ ਸਨ ਅਤੇ ਸਰਕਾਰਾਂ ਅੰਦਰ ਉਨ੍ਹਾਂ ਦਾ ਦਖਲ ਉਰਦੂ ਦੀ ਚੌਧਰ ਖੜ੍ਹੀ ਕਰ ਗਿਆ ਅਤੇ ਖੇਤਰੀ ਜ਼ੁਬਾਨਾਂ ਨੂੰ ਰੋਲ ਗਿਆ। 65 ਫੀਸਦੀ ਤੋਂ ਵੱਧ ਪੰਜਾਬੀ ਹੋਣ ਦੇ ਬਾਵਜੂਦ ਇੱਥੇ ਦਬਦਬਾ ਉਰਦੂ ਜ਼ੁਬਾਨ ਦਾ ਰਿਹਾ। ਸਰਕਾਰਾਂ ਨੇ ਖੇਤਰੀ ਜ਼ੁਬਾਨ ਜਾਂ ਮਾਂ ਬੋਲੀ ਦੀ ਅਹਿਮੀਅਤ ਨੂੰ ਕਦੀ ਸਮਝਿਆ ਹੀ ਨਹੀਂ। ਇੱਥੋਂ ਦੇ ਸੱਤਾਧਾਰੀ ਪੰਜਾਬੀ ਹੁੰਦਿਆਂ ਵੀ ਉਹ ਜ਼ੁਬਾਨਾਂ ਦੇ ਅਹਿਸਾਸ ਨੂੰ ਸਮਝ ਨਹੀਂ ਸਕੇ।
ਅਜਿਹੇ ਮਾਹੌਲ 'ਚ ਮੈਨੂੰ ਲੱਗਦਾ ਹੈ ਕਿ ਜਿਵੇਂ ਜ਼ੁਬਾਨਾਂ ਨੂੰ ਲੈ ਕੇ ਅਵਾਜ਼ਾਂ ਉਠ ਰਹੀਆਂ ਹਨ ਤਾਂ ਉਮੀਦ ਛੇਤੀ ਬੱਝਦੀ ਨਜ਼ਰ ਆਉਂਦੀ ਹੈ।ਪਾਕਿਸਤਾਨ ਲੋਕਾਂ ਦੇ ਮਨਾਂ ਦੇ ਤਕਾਜ਼ੇ ਨੂੰ ਸਮਝ ਨਹੀਂ ਸਕਿਆ, ਜੋ ਇਕ ਵੱਡੀ ਸਿਆਸੀ ਹਲਚਲ ਹੋਵੇਗੀ। ਇਸ ਪੋਲੀਟੀਕਲ ਹਲਚਲ 'ਚ ਚੀਜ਼ਾਂ ਸੁਧਰਣਗੀਆਂ। ਬਾਕੀ ਸਾਰੀ ਗੱਲ ਲੋਕਾਂ ਦੇ ਜਾਗਣ 'ਤੇ ਹੁੰਦੀ ਹੈ।ਹੁਣ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਲਹਿੰਦੇ ਪੰਜਾਬ 'ਚ ਬੜੇ ਲੋਕ ਆਸਵੰਦ ਹਨ।
ਸੌਦਾ ਸਾਧ ਦੀ ਮੁਆਫੀ ’ਤੇ ਸੁਖਬੀਰ ਅਤੇ ਵਰਕਰ ਦੀ ‘ਆਡੀਓ ਵਾਇਰਲ’ (ਵੀਡੀਓ)
NEXT STORY