ਜਲੰਧਰ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਸ. ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਆਖਰੀ ਸਾਹ ਲਿਆ। ਬਾਦਲ ਦੇਸ਼ ਦੀ ਸਿਆਸਤ ਦੇ ਸਭ ਤੋਂ ਪੁਰਾਣੇ ਆਗੂ ਸਨ। ਉਨ੍ਹਾਂ ਦੇ ਦੇਹਾਂਤ ’ਤੇ ਸਿਆਸੀ ਆਗੂਆਂ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸੇ ਨਾਲ ਹੀ ਸੰਗੀਤ ਜਗਤ ਦੇ ਮਸ਼ਹੂਰ ਕਲਾਕਾਰ ਗੁਰਦਾਸ ਮਾਨ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ।
ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਪੁਰਾਣੀ ਯਾਦ ਸਾਂਝੀ ਕਰਦਿਆਂ ਕਿਹਾ ਕਿ ਉਹ ਮੇਰੇ ਪਿਤਾ ਜੀ ਦੇ ਖ਼ਾਸ ਦੋਸਤ ਸਨ। ਉਹ ਮੇਰੇ ਮਾਤਾ ਜੀ ਦੇ ਭੋਗ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ।

ਪ੍ਰਕਾਸ਼ ਸਿੰਘ ਬਾਦਲ ਹਰ ਇਕ ਦੇ ਦੁੱਖ-ਸੁੱਖ ’ਚ ਪਹੁੰਚਣਾ ਜਾਣਦੇ ਸਨ, ਮੈਂ ਉਹ ਦਿਨ ਨਹੀਂ ਭੁੱਲ੍ਹਣਾ ਚਾਹੁੰਦਾ। ਗੁਰਦਾਸ ਮਾਨ ਨੇ ਅੱਗੇ ਕਿਹਾ ਕਿ ਜਦੋਂ ਮੈਂ ਮਲੋਟ ਕਾਲਜ ਪੜ੍ਹਦਾ ਸੀ ਤਾਂ ਉਹ ਤੱਕੜੀ ਨਿਸ਼ਾਨ ਲੈ ਕੇ ਪਹੁੰਚੇ ਸਨ। ਮੈਂ ਤੱਕੜੀ ਚੋਣ ਨਿਸ਼ਾਨ ’ਤੇ ਇਕ ਕਵਿਤਾ ਵੀ ਲਿਖੀ ਸੀ, ਜਿਸ ਦੇ ਪੋਸਟਰ ਅਸੀਂ ਆਪਣੇ ਹੱਥੀਂ ਲਾਉਂਦੇ ਰਹੇ ਸੀ।

ਦੱਸ ਦਈਏ ਕਿ ਚੰਡੀਗੜ੍ਹ ਦੇ ਪਾਰਟੀ ਦਫ਼ਤਰ ਵਿਖੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ, ਜਿੱਥੇ ਪ੍ਰਧਾਨ ਮੰਤਰੀ ਮੋਦੀ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਲਈ ਪੁੱਜੇ ਸਨ।

ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਪਿੰਡ ਬਾਦਲ ਲਿਜਾਇਆ ਜਾ ਰਿਹਾ ਹੈ। ਜਿਸ ਐਂਬੂਲੈਂਸ 'ਚ ਪ੍ਰਕਾਸ਼ ਸਿੰਘ ਬਾਦਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਹੈ, ਉਸ ਨੂੰ ਬਿਕਰਮ ਮਜੀਠੀਆ ਖ਼ੁਦ ਚਲਾ ਰਹੇ ਹਨ।

ਦੱਸਣਯੋਗ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਨਾਲ ਪਰਿਵਾਰ ਅਤੇ ਪੂਰਾ ਅਕਾਲੀ ਦਲ ਡੂੰਘੇ ਸਦਮੇ 'ਚ ਹੈ ਅਤੇ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਪੰਜਾਬ 'ਚ ਬਣੇ ਕਫ ਸਿਰਪ 'ਤੇ WHO ਨੇ ਚੁੱਕੇ ਸਵਾਲ, ਸਾਹਮਣੇ ਆਇਆ ਕੰਪਨੀ ਦਾ ਪੱਖ
NEXT STORY