ਪਟਿਆਲਾ (ਮਨਦੀਪ ਜੋਸਨ) : ਪੰਜਾਬੀ ਯੂਨੀਵਰਸਿਟੀ ’ਚ ਬਵਾਲ ਜਾਰੀ ਹੈ। ਇਸ ਵੇਲੇ ਭਾਵੇਂ ਨਾਨ-ਟੀਚਿੰਗ ਅਤੇ ਸਕੂਲ ਦੇ ਅਧਿਆਪਕਾਂ ਨੂੰ ਲਗਾ ਕੇ ਵੀ. ਸੀ. ਨੇ ਵਿਦਿਆਰਥੀਆਂ ਦੇ ਪੇਪਰ ਤਾਂ ਸ਼ੁਰੂ ਕਰਵਾ ਦਿੱਤੇ ਪਰ ਪੀ. ਯੂ. ਵਿਚ ਅਧਿਆਪਕ ਸੰਘ (ਪੂਟਾ) ਅਤੇ ਵਾਈਸ ਚਾਂਸਲਰ ਇਕ ਤਰ੍ਹਾਂ ਆਹਮੋ-ਸਾਹਮਣੇ ਹੋ ਗਏ ਹਨ। ਅਧਿਆਪਕ ਸੰਘ (ਪੂਟਾ) ਨੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੂੰ ਪੱਤਰ ਲਿਖ ਕੇ ਅਧਿਆਪਕਾਂ ਦੀ ਪ੍ਰਮੋਸ਼ਨ ’ਚ ਹੋਏ ਫੇਵਰੀਟੀਜ਼ਮ ਅਤੇ ਪਿੱਕ ਐਂਡ ਚੂਜ਼ ਸਬੰਧੀ ਆਪਣਾ ਰੋਸ ਜਤਾਇਆ ਹੈ। ਪੂਟਾ ਦੇ ਆਗੂਆਂ ਨੇ ਕਿਹਾ ਕਿ ਸਤੰਬਰ 2023 ਮਹੀਨੇ ’ਚ ਅਧਿਆਪਕਾਂ ਦੀ ਪ੍ਰਮੋਸ਼ਨ ਸਬੰਧੀ ਕਰਵਾਈਆਂ ਗਈਆਂ ਇੰਟਰਵਿਊਜ਼ ਦੇ ਨਤੀਜੇ ਵਜੋਂ 2 ਹਫਤੇ ਪਹਿਲਾਂ ਜਾਰੀ ਕੀਤੇ ਗਏ ਪੱਤਰਾਂ ਅਨੁਸਾਰ ਵੀ. ਸੀ. ਦੀਆਂ ਚੋਣ ਕਮੇਟੀਆਂ ਵੱਲੋਂ ਪਹਿਲਾਂ 4 ਅਧਿਆਪਕਾਂ ਨੂੰ ਰਿਜੈਕਟ ਕੀਤਾ ਗਿਆ। ਬਾਅਦ ’ਚ ਤੁਹਾਡੇ ਵੱਲੋਂ ਦੁਬਾਰਾ ਪ੍ਰਮੋਸ਼ਨ ਵਾਸਤੇ ਅਪਲਾਈ ਕਰਨ ਲਈ ਕਿਹਾ ਗਿਆ। ਤੁਹਾਡੇ ਵੱਲੋਂ 20 ਦਸੰਬਰ 2023 ਨੂੰ ਉਨ੍ਹਾਂ ਦੀ ਪ੍ਰਮੋਸ਼ਨ ਵਾਸਤੇ ਦੁਬਾਰਾ ਇੰਟਰਵਿਊ ਵੀ ਨਿਸ਼ਚਿਤ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਪੂਟਾ ਮਹਿਸੂਸ ਕਰਦੀ ਹੈ ਕਿ ਇਸ ਕਿਸਮ ਦਾ ਫੇਵਰੀਟੀਜ਼ਮ ਅਤੇ ਪਿੱਕ ਐਂਡ ਚੂਜ਼ ਕਰਨਾ ਵਾਈਸ ਚਾਂਸਲਰ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਬਹੁਤ ਸਾਰੇ ਅਧਿਆਪਕਾਂ ਨੂੰ ਆਪਣੀਆਂ ਪ੍ਰਮੋਸ਼ਨਾਂ ਸਬੰਧੀ ਫਾਈਲਾਂ ਨੂੰ ਅਮਲਾ ਸ਼ਾਖਾ ’ਚ ਜਮ੍ਹਾਂ ਕਰਵਾਇਆਂ ਨੂੰ ਇਕ ਤੋਂ ਦੋ ਸਾਲ ਤੱਕ ਦਾ ਸਮਾਂ ਹੋ ਚੁੱਕਾ ਹੈ ਪਰ ਉਨ੍ਹਾਂ ਦੇ ਪ੍ਰਮੋਸ਼ਨ ਸਬੰਧੀ ਕੇਸਾਂ ਨੂੰ ਤੁਹਾਡੇ ਵੱਲੋਂ ਅਜੇ ਤੱਕ ਵੀ ਵਿਚਾਰਿਆ ਨਹੀਂ ਗਿਆ। ਤੁਹਾਡੇ ਅਜਿਹੇ ਵਰਤਾਰੇ ਨਾਲ ਅਕਾਦਮਿਕ ਸਮਾਜ ’ਚ ਯੂਨੀਵਰਸਿਟੀ ਅਤੇ ਵੀ. ਸੀ. ਦੀ ਸ਼ਾਖ ਨੂੰ ਖੋਰਾ ਲੱਗੇਗਾ।
ਧੀ ਨੂੰ ਇਨਸਾਫ਼ ਦਿਵਾਉਣ ਲਈ ਦਰ-ਦਰ ਧੱਕੇ ਖਾਣ ਲਈ ਮਜਬੂਰ ਹਾਂ : ਹਰਚਰਨ ਸਿੰਘ
ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਦੀ ਹੋਈ ਮੌਤ ਅਤੇ ਹੋਰ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਅਸ਼ਲੀਲ ਸ਼ਬਦਾਵਲੀ ਦੀ ਵਰਤੋਂ ਦੇ ਮਾਮਲੇ ਦੇ ਇਨਸਾਫ਼ ਲਈ ਅੱਜ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ’ਤੇ ਲਗਾਏ ਪੱਕੇ ਮੋਰਚੇ ਦੌਰਾਨ ‘ਜਸ਼ਨਦੀਪ ਕੌਰ ਇਨਸਾਫ਼ ਮੋਰਚੇ’ ਵੱਲੋਂ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੋਰਚੇ ’ਚ ਜਸ਼ਨਦੀਪ ਕੌਰ ਦੇ ਪਿਤਾ ਅਤੇ ਪਰਿਵਾਰਕ ਮੈਂਬਰ ਵੀ ਲਗਾਤਾਰ ਹਾਜ਼ਰੀ ਭਰ ਰਹੇ ਹਨ। ਗੱਲਬਾਤ ਕਰਦਿਆਂ ਜਸ਼ਨਦੀਪ ਕੌਰ ਦੇ ਪਿਤਾ ਹਰਚਰਨ ਸਿੰਘ ਨੇ ਕਿਹਾ ਕਿ 3 ਮਹੀਨੇ ਬੀਤਣ ਉਪਰੰਤ ਵੀ ਮੇਰੀ ਧੀ ਜਸ਼ਨਦੀਪ ਕੌਰ ਦੀ ਮੌਤ ਲਈ ਜ਼ਿੰਮੇਵਾਰ ਪ੍ਰੋ. ਸੁਰਜੀਤ ਸਮੇਤ ਬਾਕੀ ਵਿਅਕਤੀਆਂ ਉੱਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਸਰਕਾਰ ਵੱਲੋਂ ਵੀ ਦੋਸ਼ੀਆਂ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੈਂ ਆਪਣੀ ਧੀ ਦੇ ਇਨਸਾਫ਼ ਲਈ ਦਰ-ਦਰ ਧੱਕੇ ਖਾਣ ਲਈ ਮਜਬੂਰ ਹਾਂ। ਮੋਰਚੇ ਦੇ ਆਗੂਆਂ ਨੇ ਪੰਜਾਬ ਸਰਕਾਰ ਉੱਪਰ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਦਿਆਰਥੀਆਂ ਦੇ ਬਿਆਨਾਂ ਉੱਪਰ ਬਣੀ 2 ਮੈਂਬਰੀ ਕਮੇਟੀ ’ਚ ਸਿੱਧ ਹੋਏ ਅਧਿਆਪਕ ਦੇ ਮਿਆਰ ਤੋਂ ਡਿੱਗੇ ਹੋਏ ਅਤੇ ਅਸ਼ਲੀਲ ਵਿਵਹਾਰ ਵਾਲੇ ਦੋਸ਼ੀ ਪ੍ਰੋਫੈਸਰ ਉੱਪਰ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ?
ਉਲਟਾ ਯੂਨੀਵਰਸਿਟੀ ਪ੍ਰਸ਼ਾਸਨ ਦੋਸ਼ੀ ਪ੍ਰਫੈਸਰ ਨੂੰ ਲਗਾਤਾਰ ਬਚਾਉਣ ਲਈ ਲੱਗਿਆ ਹੋਇਆ ਹੈ। ਇਨਸਾਫ਼ ਲਈ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਲਗਾਤਾਰ ਡਰਾਇਆ-ਧਮਕਾਇਆ ਜਾ ਰਿਹਾ ਸੀ ਅਤੇ ਵਿਦਿਆਰਥੀਆਂ ਦੀ ਬੁਲੰਦ ਆਵਾਜ਼ ਨੂੰ ਬੰਦ ਅਤੇ ਹੱਕ ਮੰਗਣ ਦੇ ਅਧਿਕਾਰ ਨੂੰ ਕੁਚਲਣ ਲਈ ਵੀ. ਸੀ. ਵੱਲੋਂ 11 ਵਿਦਿਆਰਥੀਆਂ ਨੂੰ ਮੁਅੱਤਲ ਕਰ ਯੂਨੀਵਰਸਿਟੀ ’ਚ ਐਂਟਰੀ ਬੈਨ ਕਰਨ ਦਾ ਨਾਦਰਸ਼ਾਹੀ ਫੁਰਮਾਨ ਜਾਰੀ ਕਰ ਕੇ ਉਨ੍ਹਾਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕਣ ਦਾ ਕੰਮ ਹੈ। ਮੋਰਚੇ ਦੇ ਆਗੂਆਂ ਨੇ ਵੱਖ-ਵੱਖ ਰਾਜਨੀਤਕ ਪਾਰਟੀਆਂ ਅਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਮੋਰਚੇ ਦੀ ਹਮਾਇਤ ਕੀਤੀ ਗਈ ਹੈ ਅਤੇ ਆਉਂਦੇ ਦਿਨਾਂ ’ਚ ਉਹ ਹਾਜ਼ਰੀਆਂ ਭਰਨਗੇ।
ਸੰਸਦ ’ਚ ਵਿਰੋਧ ਕਰ ਰਹੇ ਨੌਜਵਾਨਾਂ ਉੱਪਰ ਯੂ. ਪੀ. ਏ. ਲਗਾਉਣ ਖਿਲਾਫ ਪ੍ਰਦਰਸ਼ਨ
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸੰਸਦ ’ਚ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਉੱਪਰ ਯੂ. ਪੀ. ਏ. ਲਗਾਉਣ ਖਿਲਾਫ ਅਤੇ ਉਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀ ਆਗੂ ਅਮਨਦੀਪ ਸਿੰਘ ਖਿਓਵਾਲੀ ਅਤੇ ਰੁਸ਼ਪਿੰਦਰ ਸਿੰਘ ਜਿੰਮੀਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਾਂਤੀਪੂਰਵਕ ਵਿਰੋਧ ਪ੍ਰਦਰਸ਼ਨ ਕਰਨਾ ਹਰ ਵਿਅਕਤੀ ਦਾ ਜਮਹੂਰੀ ਹੱਕ ਹੈ। 13 ਦਸੰਬਰ ਨੂੰ ਜੋ 6 ਨੌਜਵਾਨਾਂ ਵੱਲੋਂ ਰੰਗ ਦੇ ਕੈਨ ਸੁੱਟ ਕੇ ਪ੍ਰਦਰਸ਼ਨ ਕੀਤਾ ਗਿਆ, ਉਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਨੌਜਵਾਨਾਂ ਵੱਲੋਂ ਨਾਅਰੇ ਲਗਾਉਂਦੇ ਹੋਏ ਦੇਸ਼ ਦੀ ਬੇਰੋਜ਼ਗਾਰੀ, ਤਾਨਾਸ਼ਾਹੀ ਅਤੇ ਮੁਣੀਪੁਰ ਹੋਈ ਹਿੰਸਾ ਖਿਲਾਫ ਆਵਾਜ਼ ਬੁਲੰਦ ਕੀਤੀ ਹੈ। ਅਸਲ ’ਚ ਇਹ ਨੌਜਵਾਨਾਂ ’ਚ ਫੈਲੀ ਨਿਰਾਸ਼ਾ ਦਾ ਪ੍ਰਗਟਾਵਾ ਹੈ। ਇਸ ਘਟਨਾ ਤੋਂ ਬਾਅਦ ਪੂਰਾ ਮੀਡੀਆ ਇਸ ਨੂੰ ਹਮਲੇ ਦੇ ਰੂਪ ’ਚ ਪੇਸ਼ ਕਰ ਰਿਹਾ ਹੈ ਅਤੇ ਨੌਜਵਾਨਾਂ ਵੱਲੋਂ ਉਠਾਏ ਗਏ ਸਵਾਲ ਬਹਿਸ ’ਚੋਂ ਗਾਇਬ ਹਨ। ਭਾਰਤ ’ਚ 27.5 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰ ਰਹੇ ਹਨ ਅਤੇ ਬੇਰੋਜ਼ਗਾਰੀ ਦੀ ਦਰ 51 ਫੀਸਦੀ ਤੋਂ ਵੱਧ ਹੈ ਅਤੇ ਨੌਜਵਾਨਾਂ ਦਾ ਪ੍ਰਦਰਸ਼ਨ ਇਸ ਦਾ ਹੀ ਪ੍ਰਗਟਾਵਾ ਹੈ। ਇਨ੍ਹਾਂ 6 ਨੌਜਵਾਨਾਂ ਨੇ ਸ਼ਹੀਦ ਭਗਤ ਸਿੰਘ ਅਤੇ ਬੀ. ਕੇ. ਦੱਤ ਵੱਲੋਂ ਅਸੈਂਬਲੀ ’ਚ ਬੰਬ ਸੁੱਟਣ ਦੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਇਹ ਕੀਤਾ ਗਿਆ ਹੈ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਉੱਪਰ ਅੱਤਵਾਦੀ ਗਤੀਵਿਧੀਆਂ ਦਾ ਕਾਨੂੰਨ ਯੂ. ਪੀ. ਏ. ਲਗਾਇਆ ਗਿਆ ਹੈ, ਜੋ ਕਿ ਬਿਲਕੁੱਲ ਗਲਤ ਹੈ।
STF ਵੱਲੋਂ ਜੇਲ੍ਹ 'ਚ ਚੱਲ ਰਹੇ ਵੱਡੇ ਨਸ਼ਾ ਮਾਡਿਊਲ ਦਾ ਪਰਦਾਫਾਸ਼
NEXT STORY